Close

Login

Close

Register

Close

Lost Password

ਡਾਕੂਆਂ ਦਾ ਮੁੰਡਾ | Dakuan Da Munda | ਭਾਗ ਪਹਿਲਾ

ਡਾਕੂਆਂ ਦਾ ਮੁੰਡਾ | ਭਾਗ ਪਹਿਲਾ | ਕਿਲਕਾਰੀ, ਕੁਨਬਾ ਅਤੇ ਕੈਦਾਂ

ਮਿੰਟੂ ਗੁਰੂਸਰੀਆ

ਮੇਰਾ ਜਨਮ ਗਿਆਰਾਂ ਸਾਉਣ (26 ਜੁਲਾਈ) ਵੀਰਵਾਰ 1979 ਨੂੰ ਸਵੇਰੇ ਇੱਕ ਕੱਚੇ ਕੋਠੇ ਵਿਚ ਹੋਇਆ। ਦਰਅਸਲ ਅਸੀਂ ਵੰਡ ਵੇਲੇ ਪਾਕਿਸਤਾਨ ‘ਚੋਂ ਉਜੜ ਕੇ ਆਏ ਸਾਂ। ਸਾਡਾ ਪਾਕਿਸਤਾਨ ‘ਚ ਪਿੰਡ ਰਾਜਾ ਜੰਗ ਤੇ ਪਤੀ ਢੋਲੇ ਕੇ ਸੀ। ਵੰਡ ਤੋਂ ਬਾਅਦ ਸਾਨੂੰ ਫਾਜ਼ਿਲਕਾ ਤਹਿਸੀਲ ਦੇ ਪਿੰਡ ਗੁਰੂਸਰ ਯੋਧਾ ਵਿੱਚ ਜ਼ਮੀਨ ਅਲਾਟ ਹੋਈ ਜੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਸ਼ਾਹੀਂ ਹਲਕੇਲੰਬੀ (ਮੁਕਤਸਰ) ਵਿੱਚ ਪੈਂਦਾ ਹੈ। ਪਾਕਿਸਤਾਨ ਵਿੱਚ ਸਾਡੇ ਪੜਦਾਦੇ ਭਗਵਾਨ ਸਿੰਘ ਕੋਲ 200 ਘੁਮਾਂ ਪੇਲੀ ਸੀ ਜੋ ਕਾਟ ਲੰਗ ਕੇ ਇਧਰ 50 ਏਕੜ ਰਹਿ ਗਈ।

ਮੇਰੇ ਦਾਦੇ ਹੋਰੀਂ ਚਾਰ ਭਰਾ ਸੀ। ਸਭ ਤੋਂ ਵੱਡਾ ਮੇਰਾ ਦਾਦਾ ਅਜੀਤ ਸਿੰਘ ਸੀ ਤੇ ਬਾਕੀ ਅਮਰ ਸਿੰਘ, ਹਰਨਾਮ ਸਿੰਘ ਅਤੇ ਗੁਰਨਾਮ ਸਿੰਘ ਕੁਮਵਾਰ ਛੋਟੇ ਸਨ। ਸਭ ਤੋਂ ਛੋਟੇ ਗੁਰਨਾਮ ਸਿੰਘ ਦੀ ਪਿੰਡ ‘ਚ ਹੋਈ ਇੱਕ ਲੜਾਈ ਦੌਰਾਨ ਲੱਤ ਕੱਟੀ ਗਈ ਸੀ ਜਿਸ ਦਾ ਬਾਅਦ ਵਿੱਚ ਵਿਆਹ ਨਾ ਹੋਇਆ। ਬਾਕੀ ਤਿੰਨੋ ਵਿਆਹੇ ਹੋਏ ਸਨ। ਜਦਕਿ ਮੇਰਾ ਦਾਦਾ ਅਜੀਤ ਸਿੰਘ, ਜੋ ਦਸ ਨੰਬਰੀਆ ਤੇ ਮਸ਼ਹੂਰ ਬਲੈਕੀਆ ਸੀ, ਦੇ ਦੋ ਵਿਆਹ ਹੋਏ ਸਨ। ਪਹਿਲੇ ਵਿਆਹ ‘ਚੋਂ ਮੇਰੇ ਦੋ ਤਾਏ ਅਵਤਾਰ ਸਿੰਘ ਤੇ ਗੁਰਦੇਵ ਸਿੰਘ ਅਤੇ ਭੂਆ ਜ਼ਿੰਦਰ ਕੌਰ ਸਨ, ਦੂਜੇ ਵਿਆਹ ‘ਚੋਂ ਮੇਰਾ ਬਾਪ ਬਲਦੇਵ ਸਿੰਘ ਅਤੇ ਭੂਆ ਰਾਜਵਿੰਦਰ ਕੌਰ ਸਨ। ਮੇਰੀ ਦਾਦੀ ਵੀਰ ਕੌਰ ਨੂੰ 6 ਵਾਲਾ ਘਰ ਹਿੱਸੇ ਆਇਆ ਸੀ ਤੇ ਵੱਡੀ ਦਾਦੀ ਹਰਦੀਪ ਕੌਰ ਨੂੰ ਖੇਤ ਵਾਲਾ ਘਰ। ਇਹ ਖੇਤ ਵਾਲਾ ਘਰ ਅਸਲ ‘ਚ ਮੇਰੇ ਦਾਦੇ ਅਤੇ ਤਾਇਆਂ ਦੀ ਤਸਕਰੀ ਅਤੇ ਮਾਰਧਾੜ ਦਾ ਮਾਲ ਸਾਂਭਣ ਲਈ ਹੀ ਸੀ।

ਮੇਰਾ ਜਨਮ ਖੇਤ ਵਾਲੇ ਘਰ ਹੋਇਆ। ਯਾਅਨੀ ਪਹਿਲੀ ਕਲਕਾਰੀ ਉੱਥੇ ਵੱਜੀ ਜਿੱਥੇ ਘੜੇ ਪਾਣੀ ਨਾਲ ਨਹੀਂ ਅਫੀਮ ਨਾਲ ਭਰੇ ਪਏ ਹੁੰਦੇ ਸੀ। ਇੱਥੇ 1976 ‘ਚ ਇੱਕ ਪੁਲਸ ਮੁਕਾਬਲਾ ਵੀ ਹੋ ਚੁੱਕਾ ਸੀ ਜਿਸ ਵਿੱਚ ਦਬਿਸ਼ ਦੇਣ ਆਈ ਪੁਲਸ ਦੀ ਪੈਦਲ ਟੀਮ ਨੂੰ ਸਾਡੇ ਟੱਬਰ ਨੇ ਸਟਾਂ ਮਾਰ ਦਿੱਤੀਆਂ ਸੀ। ਇਸ ਕੇਸ ਵਿੱਚ ਮੇਰੇ ਬਾਪੂ ਨੂੰ ਪਿੰਡ ਵਾਲਿਆਂ ਬਚਾ ਲਿਆ ਸੀ ਕਿਉਂਕਿ ਉਹ ਕਬੱਡੀ ਦਾ ਧਾਕੜ ਖਿਡਾਰੀ ਸੀ ਤੇ ਜਿਸ ਰਾਤ ਇਹ ਕਾਂਡ ਵਾਪਰਿਆ ਮੇਰਾ ਬਾਪੂ ਪਿੰਡ ਚ ਹੀ ਚਲ ਰਹੇ ਕਬਡੀ ਟੂਰਨਾਮੈਂਟ ਦਾ ਹਿੱਸਾ ਸੀ। ਦੂਜੇ ਜੀਆਂ ਨੂੰ ਧਾਰਾ 307 ਅਧੀਨ ਸਤ-ਸਤ ਸਾਲ ਕੈਦ ਕੱਟਣੀ ਪਈ ਸੀ।

ਮੇਰੇ ਜਨਮ ਤੋਂ ਦੋ ਸਾਲ ਬਾਅਦ ਮੇਰੇ ਛੋਟੇ ਭਰਾ ਭੁਪਿੰਦਰ ਸਿੰਘ ਦਾ ਜਨਮ ਹੋਇਆ ਸੀ। ਉਸ ਤੋਂ ਬਾਅਦ ਇੱਕ ਭੈਣ ਦਾ ਵੀ ਜਨਮ ਹੋਇਆ ਜਿਸ ਦੀ ਜਨਮ ਦੇ ਕੁਝ ਪਲਾਂ ਬਾਅਦ ਹੀ ਮੌਤ ਹੋ ਗਈ। ਮੇਰੇ ਬਾਪ ਨੂੰ ਮੇਰੀ ਦਾਦੀ ਨੇ ਬੜੀ ਰੀਝ ਨਾਲ ਪਾਲਿਆ ਸੀ। ਦੱਸਦੇ ਆ ਕਿ ਸਾਡੇ ਘਰ ਦੀ ਜਾਲੀ (ਸਮਾਨ ਰੱਖਣ ਲਈ ਲੱਕੜ ਦੀ ਅਲਮਾਰੀ) ਖੋਏ ਨਾਲ ਭਰੀ ਰਹਿੰਦੀ ਸੀ ਤੇ ਦਿਨ-ਰਾਤ ਦੁੱਧ ਕਾਨੀ ਚੜਿਆ ਰਹਿੰਦਾ। ਜੁਆਨ ਹੋਏ ਤੋਂ ਮੇਰਾ ਬਾਪੂ ਕਬੱਡੀ ਖੇਡਣ ਲੱਗ ਪਿਆ ਤੇ ਜਲਦੀ ਹੀ ਉਸ ਦੀ ਜਾਨ ਦੀ ਧਾਕ ਪੂਰੇ ਇਲਾਕੇ ‘ਚ ਬਣ ਗਈ। ਇੱਕ ਪਾਸੇ ਮੇਰਾ ਦਾਦਾ ਅਤੇ ਤਾਏ ਕਿਲੋਆਂ ਨਾਲ ਅਫੀਮ ਵੇਚਦੇ ਤੇ ਦੂਜੇ ਪਾਸੇ ਮੇਰਾ ਬਾਪੂ ਦੁੱਧ-ਮੱਖਣਾ ਨਾਲ ਪਲੇ ਜੁਆਨਾਂ ਨੂੰ ਗੁੱਟੋਂ ਫੜ ਕੇ ਨਿਸਲ ਕਰ ਦਿੰਦਾ ਪਰ ਇਹ ਸਿਲਸਿਲਾ ਬਹੁਤੀ ਦੇਰ ਨਾ ਲਿਆ ਤੇ ਮੇਰਾ ਬਾਪੂ ਦਾ ਨਾਤਾ ਅਫੀਮ ਨਾਲ ਜੁੜ ਗਿਆ। ਕਬਡੀ ਕੈਰੀਅਰ ਦੇ ਆਖ਼ਰੀ ਦਿਨਾਂ ‘ਚ ਉਸ ਦਾ ਵਿਆਹ ਮੇਰੀ ਮਾਂ ਜਸਬੀਰ ਕੌਰ ਨਾਲ 1971 ਨੂੰ ਪਟਿਆਲਾ ਜ਼ਿਲੇ ਦੀ ਦੂਧਨ ਤਹਿਸੀਲ ਦੇ ਪਿੰਡ ਪਠਾਣ ਮਾਜਰਾ ਵਿਖੇ ਹੋਇਆ।

ਮੇਰੇ ਜਨਮ ਤੋਂ ਕੁਝ ਸਾਲਾਂ ਬਾਅਦ ਮੇਰੇ ਬਾਪੂ ਨੇ ਮੇਰੀਆਂ ਅੱਖਾਂ ਸਾਹਮਣੇ ਮੇਰੀ ਮਤਰੇਈ ਭੂਆ ਦਾ ਕਤਲ ਮੇਰੇ ਤਾਏ ਗੁਰਦੇਵ ਸਿੰਘ ਨਾਲ ਰਲ ਕੇ ਕਰ ਦਿੱਤਾ । ਦੋਵਾਂ ਨੂੰ ਭੂਆ ਦੇ ਦੁਸ਼ਮਣ ਪਰਿਵਾਰ ਨਾਲ ਵਰਤ-ਵਰਤਾਅ ਤੋਂ ਇਤਰਾਜ਼ ਸੀ ਜੋ ਵਿਆਹੀ ਤਾਂ ਰਾਜਸਥਾਨ ਸੀ ਪਰ ਜ਼ਮੀਨ ਵਿਕਣ ਤੋਂ ਬਾਅਦ ਪਰਿਵਾਰ ਸਮੇਤ ਸਾਡੇ ਪਿੰਡ ਹੀ ਆ ਕੇ ਰਹਿ ਰਹੀ ਸੀ। ਮੇਰੇ ਬਾਪੂ ਦੇ ਅੰਦਰ ਚਲੇ ਜਾਣ ਤੋਂ ਬਾਅਦ ਮੇਰੀ ਮਾਂ ਨੇ ਕਰੜਾ ਇਮਤਿਹਾਨ ਦਿੱਤਾ। ਉਸ ਨੇ ਆਪਣੀ ਪੱਤ ਵੀ ਬਚਾਈ ਤੇ ਸਾਨੂੰ ਵੀ ਪਾਲਿਆ। ਲੋਕਾਂ ਦਾ ਨਰਮਾ ਚੁਗਣ ਤੋਂ ਇਲਾਵਾ ਮਾਂ ਦੋ-ਦੋ ਮੀਲ ਤੋਂ ਪੱਠੇ ਲੈ ਕੇ ਆਉਂਦੀ ਤੇ ਨਾਲ ਹੀ ਮੇਰੇ ਬਾਪੂ ਦੇ ਕੇਸ ਦੀ ਪੈਰਵੀ ਵੀ ਕਰਦੀ ਰਹੀ।

ਆਖ਼ਰ ਦੋ ਸਾਲ ਬਾਅਦ ਮੇਰਾ ਬਾਪੂ ਅਤੇ ਤਾਇਆ ਬਰੀ ਹੋ ਗਏ। ਉਦੋਂ ਤੱਕ ਅਸੀਂ ਵੀ ਸੁਰਤ ਸੰਭਾਲ ਚੁੱਕੇ ਸੀ। ਖਾਸ ਤੌਰ ‘ਤੇ ਮੈਂ ਪੰਜ ਸਾਲ ਦੀ ਉਮਰ ‘ਚ ਦੇਖੇ ਕਤਲ ਦੇ ਸਦਮੇ ਤੋਂ ਜ਼ਿਆਦਾ ਨਹੀਂ ਤਾਂ ਥੋੜਾ ਬਾਹਰ ਆ ਚੁੱਕਾ ਸੀ। ਬਾਪੂਦੀ ਬੁੱਕਲ ਮੁੜ ਹਾਸਲ ਕਰਕੇ ਮੈਂ ਬਾਪੂ ਵੱਲੋਂ ਕਤਲ ਵੇਲੇ ਕੀਤੇ ਗੰਡਾਸਿਆਂ ਦੇ ਵਾਰ ਥੋੜ੍ਹੇ-ਬਹੁਤ ਵਿਸਾਰ ਗਿਆ ਪਰ ਥਾਣਾ ਮੈਂ ਵੀ 9-10 ਸਾਲ ਦੀ ਉਮਰ ‘ਚ ਹੀ ਵੇਖ ਲਿਆ।

ਮੇਰੇ ਬਾਪ ਦੀ ਭੂਆ ਦਾ ਮੁੰਡਾ ਬਗੀ ਟਰੱਕ ਕਲੀਨਰ ਸੀ ਤੇ ਉਨ੍ਹਾਂ ਦੇ ਟਰੱਕ ਚ ਕਿਤੇ ਰਸਤੇ ਚੋਂ ਅੱਤਵਾਦੀ ਚੜੇ ਸਨ। ਉਹ ਸਾਡੇ ਕੋਲ ਹੀ ਰਹਿੰਦਾ ਸੀ। ਜਿਵੇਂ ਹੀ ਪੁਲਸ ਦੇ ਕੰਨਾਂ ਤੱਕ ਗੱਲ ਪਹੁੰਚੀ ਪੁਲਸ ਨੇ ਸਾਡੇ ਘਰ ਨੂੰ ਘੇਰ ਲਿਆ। ਥਾਣੇਦਾਰ ਕਹਿੰਦਾ ਜਾਂ ਤਾਂ ਕੋਈ ਬੰਦਾ ਦਿਉ ਜਾਂ ਮੈਂ ਜਨਾਨੀਆਂ ਲੈ ਕੇ ਜਾਂਦਾ ਹਾਂ। ਮੈਂ ਥਾਣੇਦਾਰ ਨੂੰ ਆਪ ਈ ਕਹਿ ਦਿੱਤਾ ਕਿ ਮੈਂ ਚੱਲਦਾ ਹਾਂ ਤੁਹਾਡੇ ਨਾਲ। ਮੈਂ ਤਿੰਨ ਦਿਨ ਮਲੋਟ ਦੇ ਸਦਰ ਥਾਣੇ ਰਿਹਾ। ਉਸ ਵੇਲੇ ਥਾਣੇਦਾਰ ਸਵਰਨ ਸਿੰਘ ਸੀ ਜਿਸ ਨੇ ਬੜੇ ਪਿਆਰ ਨਾਲ ਵਿਹਾਰ ਕੀਤਾ। ਤਿੰਨ ਦਿਨ ਬਾਅਦ ਮੇਰੇ ਪਿੰਡ ਵਾਲਾ ਸੁੱਖਾ ਸੁਨਿਆਰਾ ਸਾਰਾ ਮਸਲਾ ਨਿਬੇੜ ਕੇ ਮੈਨੂੰ ਲੈ ਆਇਆ।

ਮੇਰੀ ਪੂਰੀ ਤਰ੍ਹਾਂ ਸੁਰਤ ਸੰਭਲਦਿਆਂ ਤੱਕ ਮੇਰਾ ਬਾਪੂ ਜੋ ਕੱਲ੍ਹ ਤੱਕ ਭਲਵਾਨ ਸੀ ਅੱਜ ਪੱਕਾ ਅਮਲੀ ਬਣ ਚੁੱਕਾ ਸੀ। ਉਹ ਆਵਦੇ ਹਿੱਸੇ ‘ਚ ਆਈ ਜ਼ਮੀਨ ਤੋਂ ਇਲਾਵਾ ਮੇਰੇ ਦਾਦੇ ਦੇ ਛੋਟੇ ਭਰਾ ਗੁਰਨਾਮ ਸਿੰਘ ਜਿਸ ਦੀ ਲੱਤ ਕੱਟੀ ਹੋਈ ਸੀ ਦਾ ਵੀ ਹਿੱਸਾ ਵਾਹੁੰਦਾ ਸੀ ਪਰ 10 ਕਿੱਲਿਆਂ ਦੀ ਖੇਤੀ ਕਰਨ ਤੋਂ ਇਲਾਵਾ ਉਨ੍ਹਾਂ ਵੀ ਮੇਰੇ ਦਾਦੇ ਅਤੇ ਤਾਏ ਹੋਰਾਂ ਦੀ ਪੈੜ ਤੁਰ ਪਿਆ। ਉਸ ਨੇ ਵੀ ਅਫੀਮ ਅਤੇ ਭੁੱਕੀ ਦੀ ਤੱਸਕਰੀ ਸ਼ੁਰੂ ਕਰ ਦਿੱਤੀ। ਵੈਸੇ ਉਨ੍ਹਾਂ ਦਿਨਾਂ ‘ਚ ਸਾਡੇ ਪਿੰਡ ਦੇ ਬਹੁਤੇ ਘਰ ਤੱਸਕਰੀ ਹੀ ਕਰਦੇ ਸਨ ਕਿਉਂਕਿ ਫ਼ਸਲਾਂ ਨਹੀਂ ਸਨ ਹੁੰਦੀਆਂ। ਇਹ ਗੱਲ ਵੱਖਰੀ ਸੀ ਕਿ ਉਨ੍ਹਾਂ ਦੀ ਤਸਕਰੀ ਦੇਸੀ ਸ਼ਰਾਬ ਤੱਕ ਹੁੰਦੀ ਸੀ ਜਦਕਿ ਮੇਰਾ ਬਾਪ, ਦਾਦਾ ਅਤੇ ਤਾਏ ਪਾਕਿਸਤਾਨ ‘ਚੋਂ ਲਿਆ ਕੇ ਅਫੀਮ ਅਤੇ ਕੱਪੜਾ ਵੀ ਵੇਚਦੇ ਹੁੰਦੇ ਸਨ। ਸਾਰਾ ਪਿੰਡ ਕੀ ਪੁਲਸ ਥਾਣੇ ਵੀ ਸਾਡੇ ਇਸ ਅੱਥਰੇ ਖਾਨਦਾਨ ਤੋਂ ਡਰਦੇ ਸੀ ਜਿਸ ਦੀ ਅੱਲ ਹੀ ਲੋਕਾਂ ਡਾਕੂ ਪਾਈ ਹੋਈ ਸੀ।

ਬਲੈਕ ਦੇ ਪੈਸੇ ਨਾਲ ਮੇਰੀ ਅਤੇ ਮੇਰੇ ਭਰਾ ਦੀ ਪਰਵਰਿਸ਼ ਸ਼ੁਰੂ ਹੋਈ। ਦਾਦੀ ਮੈਨੂੰ ਬਹੁਤ ਪਿਆਰ ਕਰਦੀ ਹੁੰਦੀ ਸੀ। ਜਦ ਮੈਂ ਪਹਿਲਾਂ ਕਦਮ ਪੁੱਟਿਆ ਤਾਂ ਮੇਰੀ ਦਾਦੀ ਉਨ੍ਹਾਂ ਦਿਨਾਂ’ਚ ਸਾਈਕਲ ਲੈ ਕੇ ਆਈ ਜਦੋਂ ਇਹ ਕਿਸੇ ਅਮੀਰ ਸ਼ਹਿਰੀ ਬੱਚਿਆਂ ਨੂੰ ਹੀ ਮੁਯੱਸਰ ਹੁੰਦਾ ਸੀ। ਸਾਈਕਲ ਲੈ ਕੇ ਦੇਣ ਤੋਂ ਕੁਝ ਦਿਨ ਬਾਅਦ ਮੇਰੀ ਦਾਦੀ ਨੂੰ ਗੁਰਦੁਆਰੇ ਜਾਂਦਿਆਂ ਹਲਕੇ ਕੁੱਤੇ ਨੇ ਕੁੱਟ ਲਿਆ ਤੇ ਉਹ ਹਲਕਾਅ ਨਾਲ ਚੱਲ ਵਸੀ। ਮੇਰੀ ਦਾਦੀ ਦੀ ਮੌਤ ਤੋਂ ਬਾਅਦ ਮੇਰਾ ਬਾਪੂ ਬੁਰੀ ਤਰ੍ਹਾਂ ਟੁੱਟ ਗਿਆ। ਉਹ ਨਸ਼ਾ ਤਾਂ ਕਰਦਾ ਸੀ ਪਰ ਦਾਦੀ ਦੀ ਮੌਤ ਤੋਂ ਬਾਅਦ ਉਹਦਾ ਕੜ ਈ ਟੁੱਟ ਗਿਆ। ਕਬੱਡੀ ਹੁਣ ਉਹਦੇ ਲਈ ਬੀਤ ਗਏ ਦੀ ਗੱਲ ਸੀ ਹੁਣ ਉਸ ਦੀ ਮੰਜ਼ਿਲ ਨਸ਼ਾ ਸੀ, ਨਸ਼ਾ ਖਾਣਾ ਨਸ਼ਾ ਵੇਚਣਾ।

ਪਿੰਡ ਚੋਂ ਹੀ ਉਸ ਦੇ ਕੁਝ ਦੋਸਤ ਉਸ ਨਾਲ ਰਲ ਗਏ ਤੇ ਸਾਰੇ ਨੌਰਫਿਨ ਦੇ ਟੀਕੇ ਲਾਉਂਣ ਲੱਗ ਪਏ ਪਰ ਬਾਵਜੂਦ ਇਸ ਦੇ ਮੇਰੇ ਬਾਪੂ ਨੇ ਸਾਡੇ ਪਾਲਣ-ਪੋਸ਼ਣ ਵਲ ਖ਼ਾਸ ਧਿਆਨ ਦਿੱਤਾ। ਮੈਨੂੰ ਨਰਸਰੀ ਚ ਉਸ ਨੇ ਅਬੋਹਰ ਦੇ ਇਕ ਮਸ਼ਹੂਰ ਸਕੂਲ ਗੁਰੁ ਗੋਬਿੰਦ ਸਿੰਘ ਪਬਲਿਕ ਸਕੂਲ’ਚ ਦਾਖਲ ਕਰਵਾ ਦਿੱਤਾ। ਮੈਂ ਸ਼ੁਰੂ ਤੋਂ ਹੀ ਬਾਹਰੋਂ ਸ਼ਾਂਤ ਪਰ ਅੰਦਰੋਂ ਬੜਾ ਚੰਚਲ ਹੁੰਦਾ ਸੀ। ਹਰ ਗੱਲ ਗਹੁ ਨਾਲ ਸੁਣੇ, ਕਿਸੇ ਤੋਂ ਕੁਝ ਲੈ ਕੇ ਨਹੀਂ ਖਾਣਾ, ਲੋੜ ਪੈਣ ਤੇ ਕੁੱਟ ਖਾਣੀ ਨਈਂ ਕੁੱਟਨੈ, ਕਿਸੇ ਅਣਜਾਣ ਕੋਲ ਖੜਨਾ ਨਹੀਂ, ਜਿਹੇ ਆਦੇਸ਼ ਮੈਨੂੰ ਅਤੇ ਮੇਰੇ ਵੱਡੇ ਤਾਏ ਦੇ ਮੁੰਡੇ ਹਰਜਿੰਦਰ ਸਿੰਘ ਬੱਬੀ ਨੂੰ ਘਰੋਂ ਹੁੰਦੇ ਸਨ।

ਸਾਡੇ ਪਿੰਡਾਂ ਅਬੋਹਰ 22 ਕੁ ਕਿਲੋਮੀਟਰ ਦੂਰ ਸੀ ਤੇ ਸਾਨੂੰ ਇੱਕ ਸਕੂਲ ਵੈਨ ਸਕੂਲ ਲੈ ਕੇ ਜਾਂਦੀ ਜੋ ਸ਼ਾਮ ਨੂੰ ਸਾਡੇ ਪਿੰਡ ਹੀ ਆ ਖੜਦੀ। ਡਰਾਇਵਰ, ਜੋ ਬਜ਼ੁਰਗ ਸੀ ਪਰ ਅਫੀਮ ਦਾ ਬੜਾ ਸ਼ੌਕੀ ਸੀ ਸਾਡੇ ਘਰਦਿਆਂ ਕੋਲੋਂ ਮਾਵਾ ਛੱਕ ਲੈਂਦਾ ਤੇ ਸਾਡੀ ਦੂਜੇ ਬੱਚਿਆਂ ਨਾਲੋਂ ਵੱਖਰੀ ਦੇਖ-ਭਾਲਕਰਦਾ। ‘ਰਾਜਿਆਂ ਘਰ ਕਿਹੜਾ ਮੋਤੀਆਂ ਦਾ ਕਾਲ ਹੁੰਦੈ ਸਾਡੇ ਵਢੇਰਿਆਂ ਨੂੰ ਮਾਸਾ-ਤੋਲੇ ਅਫੀਮ ਨਾਲ ਕੀ ਫ਼ਰਕ ਪੈਂਦਾ ਜਿੱਥੇ ਅਫੀਮ ਕਿਲੋਆਂ ਨਾਲ ਨਹੀਂ ਪੈਰੀਆਂ ਨਾਲ ਪਈ ਰਹਿੰਦੀ। ਇੱਕ ਵਾਰ ਸਕੂਲ ਜਾਂਦਿਆਂ ਮੈਨੂੰ ਰਸਤੇ ਚ ਭੁੱਖ ਲੱਗ ਗਈ।

ਜਦੋਂ ਰੋਟੀ ਵਾਲਾ ਡੱਬਾ ਖੋਲਿਆ ਤਾਂ ਉਹ ਅਫੀਮ ਨਾਲ ਭਰਿਆ ਪਿਆ ਸੀ। ਮੇਰੀਆਂ ਚੀਕਾਂ ਨਿਕਲ ਗਈਆਂ। ਮੇਰੇ ਤਾਏ ਦੇ ਮੁੰਡੇ ਨੇ ਮੌਕਾ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਕੁਵੇਲਾ ਹੋ ਚੁੱਕਾ ਸੀ। ਵੈਨ ਦਾ ਡਰਾਇਵਰ ਜੋਬਾਬੇ ਦੀ ਛੁੱਟੀ ਕਟਾਉਣ ਆਇਆ ਸੀ ਆ ਕੇ ਡੱਬੇ ਤੇ ਝਪਟ ਪਿਆ ਤੇ ਉਸ ਨੇ ਡੱਬਾ ਕਬਜ਼ੇ ‘ਚ ਲੈ ਲਿਆ। ਘਰ ਆਇਆ ਤਾਂ ਡੱਬੇ ਬਾਰੇ ਪੁੱਛਗਿੱਛ ਹੋਈ। ਅਗਲੇ ਦਿਨ ਮੇਰੇ ਬਾਪੂ ਨੇ ਉਹ ਵੈਨ ਵਾਲਾ ਡਰਾਇਵਰ ਜਾ ਘੇਰਿਆ। ਉਹ ਪਤੰਦਰ ਵੀ ਕਮਾਲ ਨਿਕਲਿਆ। ਉਸ ਨੇ ਬੜੀ ਇਮਾਨਦਾਰੀ ਨਾਲ ਦੱਸਿਆ ਕਿ ਡੱਬੇ ‘ਚੋਂ ਕੁਝ ਮੈਂ ਛੱਕ ਲਈ, ਕੁਝ ਵੰਡ ਦਿੱਤੀ ਤੇ ਕੁਝ ਰੱਖ ਲਈ ਹੈ। ਉਸ ਨੇ ਅੱਧੀ-ਪਚੱਧੀ ਅਫੀਮ ਵਾਪਸ ਕਰ ਦਿੱਤੀ।

ਭਾਗ ਦੂਜਾ ਜਲਦ ਹੀ


Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

  Leave a Reply

  Your email address will not be published. Required fields are marked *

  Thanks for submitting your rating!
  Please give a rating.

  Thanks for submitting your comment!

  Recent Comments

  ad2

  Editor Picks