ਭਗਤ ਸਿੰਘ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ ਜੀ ਅਰਜਨ ਸਿੰਘ ਨੇ ਆਪਣੀ ਦੇਖ ਰੇਖ ਵਿੱਚ ਕੀਤਾ। ਉਹ ਸ਼ੁਰੂ ਤੋਂ ਹੀ ਉਸਦੇ ਵਿੱਚ ਸਮਾਜਿਕ ਚੇਤਨਾ ਅਤੇ ਤਰਕ ਸ਼ਕਤੀ ਵਧਾਉਣ ਲਈ ਜ਼ੋਰ ਲਾਉਂਦੇ ਰਹੇ ਅਤੇ ਸਮਾਜਿਕ ਬਰਾਬਰੀ ਅਤੇ ਪ੍ਰਗਤੀ ਦੇ ਵਿਚਾਰਾਂ ਤੋਂ ਜਾਣੂ ਕਰਾ ਰਹੇ ਸਨ। ਭਗਤ ਸਿੰਘ ਦੀ ਪਹਿਲੇ ਚਾਰ ਸਾਲ ਦੀ ਪੜਾਈ ਉਹਨਾਂ ਦੇ ਪਿੰਡ ਬੰਗਾ ਚੱਕ ਨੰਬਰ 105 ਗੁਗ਼ੈਰਾ ਬਰਾਂਚ(ਹੁਣ ਲਾਇਲਪੁਰ ਪਾਕਿਸਤਾਨ) ਵਿੱਚ ਹੋਈ ਅਤੇ ਅੱਗੇ ਪੜ੍ਹਨ ਲਈ ਉਹ ਆਪਣੇ ਪਿਤਾ ਜੀ ਕੋਲ ਲਾਹੌਰ ਆ ਗਏ। ਇਹ ਚਿੱਠੀ ਭਗਤ ਸਿੰਘ ਦੀ ਪਹਿਲੀ ਚਿੱਠੀ ਹੈ, ਜਦੋਂ ਉਹ 6ਵੀਂ ਕਲਾਸ ਵਿੱਚ ਪੜ੍ਹ ਰਹੇ ਸੀ। ਉਹਨਾਂ ਦੀ ਇਹ ਚਿੱਠੀ ਦਾਦਾ ਅਰਜਨ ਸਿੰਘ ਨੂੰ ਸੰਬੋਧਿਤ ਹੈ ਜੋ ਕਿ ਉਨ੍ਹਾਂ ਦਿਨਾਂ ਵਿੱਚ ਖਟਕੜ ਕਲਾਂ ਆਏ ਹੋਏ ਸੀ।
ਇਹ ਚਿੱਠੀ ਉਰਦੂ ਵਿੱਚ ਹੈ।
ਲਾਹੌਰ 22 ਜੁਲਾਈ 1918
ਸਤਿਕਾਰ ਯੋਗ ਬਾਬਾ ਜੀ
ਸਤਿ ਸ੍ਰੀ ਅਕਾਲ
ਅਰਜ਼ ਇਹ ਹੈ ਕਿ ਤੁਹਾਡੀ ਚਿੱਠੀ ਮਿਲੀ, ਪੜ੍ਹ ਕੇ ਦਿਲ ਖੁਸ਼ ਹੋ ਗਿਆ। ਇਮਤਿਹਾਨ ਬਾਰੇ ਮੈਂ ਪਹਿਲਾਂ ਇਸ ਕਰਕੇ ਨਹੀਂ ਲਿਖਿਆ ਸੀ ਕਿਉਂਕ ਪਹਿਲਾਂ ਸਾਨੂੰ ਇਸ ਬਾਰੇ ਦੱਸਿਆ ਨਹੀਂ ਗਿਆ ਸੀ। ਹੁਣ ਸਾਨੂੰ ਅੰਗਰੇਜ਼ੀ ਅਤੇ ਸੰਸਕ੍ਰਿਤ ਦਾ ਨਤੀਜਾ ਦੱਸ ਦਿੱਤਾ ਗਿਆ ਹੈ, ਉਹਨਾਂ ਵਿੱਚ ਮੈਂ ਪਾਸ ਹਾਂ। ਸੰਸਕ੍ਰਿਤ ਵਿੱਚ ਮੇਰੇ 150 ਨੰਬਰਾਂ ਵਿਚੋਂ 110 ਨੰਬਰ ਆਏ ਹਨ ਅਤੇ ਅੰਗਰੇਜ਼ੀ ਵਿੱਚੋ 150 ਚੋਂ 68 ਨੰਬਰ ਆਏ ਹਨ। ਜੋ 150 ਚੋਂ 50 ਨੰਬਰ ਲੈ ਜਾਵੇ ਉਹ ਪਾਸ ਹੁੰਦਾ ਹੈ। 68 ਨੰਬਰ ਲੈ ਕੇ ਮੈਂ ਚੰਗੀ ਤਰ੍ਹਾਂ ਪਾਸ ਹੋ ਗਿਆ ਹਾਂ। ਕਿਸੀ ਕਿਸਮ ਦੀ ਫਿਕਰ ਨਾ ਕਰਨੀ। ਬਾਕੀ ਹਾਲੇ ਦੱਸਿਆ ਨਹੀਂ ਗਿਆ। ਛੁੱਟੀਆਂ, 8 ਅਗਸਤ ਨੂੰ ਪਹਿਲੀ ਛੁੱਟੀ ਹੋਊਗੀ। ਤੁਸੀਂ ਕਦੋਂ ਵਾਪਸ ਆਓਗੇ, ਲਿਖਣਾ ਜਰੂਰ।
ਤੁਹਾਡਾ ਤਾਬੇਦਾਰ
ਭਗਤ ਸਿੰਘ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965