Close

Login

Close

Register

Close

Lost Password

ਭਗਤ ਸਿੰਘ – ਇਕ ਸੋਚ | Bhagat Singh – A Thought

ਕ੍ਰਾਂਤੀ ਤੋਂ ਭਾਵ ਵਰਤਮਾਨ ਵਿਵਸਥਾ ਜੋ ਕਿ ਇਨਸਾਨੀ ਅਸਮਾਨਤਾ ਅਤੇ ਅਨਿਆਂ ਪ੍ਰਧਾਨ ਹੈ, ਉਸਨੂੰ ਬਦਲ ਕੇ ਇਕ ਐਸੀ ਵਿਵਸਥਾ ਕਾਇਮ ਕਰਨੀ ਜਿਥੇ ਹਰ ਇਨਸਾਨ ਬਰਾਬਰ ਹੋਵੇ, ਧਰਮ ਅਤੇ ਜਾਤਾਂ ਦੇ ਅਧਾਰ ਤੇ ਵੰਡੀਆਂ ਨਾ ਹੋਣ, ਖੂਨ-ਖਾਰਾਬਾ ਨਾ ਹੋਵੇ, ਇਨਸਾਨ ਦੀ ਕਾਬਲੀਅਤ ਉਸਦਾ ਭਵਿੱਖ ਤੈਅ ਕਰੇ, ਇਨਸਾਨ ਹੱਥੋਂ ਇਨਸਾਨ ਦੀ ਲੁੱਟ ਨਾ ਹੋਵੇ ਅਤੇ ਹਰ ਕੋਈ ਵਰਗ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਸਕੇ। ਇਹ ਲੜਾਈ ਕਮਜ਼ੋਰ ਅਤੇ ਤਾਕਤਵਰ ਵਿੱਚ ਲੜਾਈ ਹੈ ਜਿਸਨੂੰ ਹਿੰਮਤ, ਦਲੇਰੀ ਅਤੇ ਸੂਝਬੂਝ ਤੋਂ ਬਿਨਾ ਨਹੀਂ ਲੜਿਆ ਜਾ ਸਕਦਾ। ਕ੍ਰਾਂਤੀ ਬਾਰੇ ਇਹ ਵਿਚਾਰ ਭਗਤ ਸਿੰਘ ਨੇ ਅਦਾਲਤ ਵਿਚ ਸਰਕਾਰੀ ਵਕੀਲ ਦੇ ਸਵਾਲ ਦੇ ਜਵਾਬ ਵਿਚ ਦਿੱਤੇ, ਜਿਸ ਵਿਚ ਵਕੀਲ ਨੇ ਕ੍ਰਾਂਤੀ ਦੀ ਪਰਿਭਾਸ਼ਾ ਬਾਰੇ ਪੁੱਛਿਆ ਸੀ।

ਭਗਤ ਸਿੰਘ ਨੇ ਉਸ ਗੱਲ ਨੂੰ ਅੱਗੇ ਵਧਾਉਂਦੇ ਕਿਹਾ ਕਿ ਕ੍ਰਾਂਤੀ ਬੰਬ,ਪਿਸਤੌਲ ਦੀ ਸੰਸਕ੍ਰਿਤੀ ਨਹੀਂ, ਹਾਂ ਕ੍ਰਾਂਤੀ ਦਾ ਇਕ ਹਿੱਸਾ ਜਰੂਰ ਹੋ ਸਕਦੇ ਹਨ। ਪਰ ਜੇਕਰ ਇੱਕਲੀ ਬੰਬ ਅਤੇ ਹਥਿਆਰਾਂ ਦੇ ਸਿਰ ਹੀ ਕ੍ਰਾਂਤੀ ਦੀ ਉਮੀਦ ਕੀਤੀ ਜਾਵੇ ਤਾਂ ਇਹ ਬਹੁਤ ਵੱਡੀ ਗ਼ਲਤਫ਼ਹਿਮੀ ਹੈ। ਸੰਘਰਸ਼ ਇਕ ਐਸੇ ਬੂਟੇ ਵਾਂਗੂ ਹੈ ਜਿਸਦੇ ਵਧਣ-ਫੁੱਲਣ ਲਈ ਦੂਜਿਆਂ ਦੇ ਖੂਨ ਨਾਲੋਂ ਜਿਆਦਾ ਆਪਣਾ ਖੂਨ ਪਾਉਣਾ ਪੈਂਦਾ ਹੈ। ਭਗਤ ਸਿੰਘ ਦੀ ਸਾਰੀ ਜ਼ਿੰਦਗੀ ਵਿਚਾਰਾਂ ਦੀ ਮਹੱਤਤਾ ਨੂੰ ਬਿਆਨ ਕਰਦੀ ਹੈ, ਅਤੇ ਉਸਦਾ ਜਿਆਦਾ ਜ਼ੋਰ ਇਸੇ ਗੱਲ ਉੱਤੇ ਸੀ ਕਿ ਵਿਚਾਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਨ ਤੇ ਤਿੱਖੀ ਹੁੰਦੀ ਹੈ। ਸੁਤੰਤਰ ਅਤੇ ਅਲੋਚਨਾਤਕ ਵਿਚਾਰ ਹੀ ਕਿਸੇ ਵੀ ਕ੍ਰਾਂਤੀ ਨੂੰ ਜਨਮ ਦੇ ਸਕਦੇ ਹਨ, ਜਦੋਂ ਇਨਸਾਨ ਪ੍ਰਗਤੀ ਲਈ ਸੰਘਰਸ਼ ਕਰਦਾ ਹੈ ਤਾਂ ਉਸਨੂੰ ਹਮੇਸ਼ਾ ਪੁਰਾਣੇ ਵਿਚਾਰਾਂ ਅਤੇ ਮਾਨਤਾਵਾਂ ਨੂੰ ਆਲੋਚਨਾਤਮਕ ਨਜਰੀਏ ਨਾਲ ਦੇਖਣਾ ਹੋਵੇਗਾ। ਉਸ ਉੱਤੇ ਅਵਿਸ਼ਵਾਸ਼ ਕਰਨਾ ਹੋਵੇਗਾ ਅਤੇ ਉਸਨੂੰ ਚੁਣੌਤੀ ਦੇ ਕੇ ਨਵੇਂ ਤਰੀਕਿਆਂ ਦੀਆਂ ਖੋਜਾਂ ਕਰਨੀਆਂ ਹੋਣਗੀਆਂ।

ਭਗਤ ਸਿੰਘ ਉੱਤੇ ਏਨਾ ਜ਼ੋਰ ਕਿਉਂ ?

ਅਕਸਰ ਲੋਕ ਇਕ ਸਵਾਲ ਪੁੱਛਦੇ ਹਨ ਜਾਂ ਆਪਣੀ ਸੋਚ ਜ਼ਾਹਿਰ ਕਰਦੇ ਹਨ ਕਿ ਭਗਤ ਸਿੰਘ ਤੇ ਐਨਾ ਜ਼ੋਰ ਕਿਉਂ ਦਿੱਤਾ ਜਾਂਦਾ ਹੈ, ਆਜ਼ਾਦੀ ਦੀ ਲੜਾਈ ਵਿਚ ਹੋਰ ਲੱਖਾਂ ਲੋਕਾਂ ਨੇ ਜਾਨਾਂ ਦਿੱਤੀਆਂ, ਤਸੀਹੇ ਝੱਲੇ, ਉਮਰ ਕੈਦ ਕੱਟੀਆਂ, ਫਿਰ ਓਹਨਾ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਭਗਤ ਸਿੰਘ ਨੂੰ ਹੀ ਕਿਉਂ ਹੀਰੋ ਬਣਾਇਆ ਜਾਂਦਾ ਹੈ। ਕਈ ਵਾਰੀ ਇਸਨੂੰ ਇਕ ਭੇਡਚਾਲ ਸਮਝਿਆ ਜਾਂਦਾ ਹੈ ਅਤੇ ਕਈ ਵਾਰੀ ਕੋਈ ਮਜ੍ਹਬੀ ਰੰਗ ਦੇ ਕੇ ਇਸ ਨੂੰ ਅਣਗੌਲਿਆਂ ਕਰਨ ਦਾ ਯਤਨ ਹੁੰਦਾ ਹੈ।

ਮੈਂ ਕਿਸੇ ਦੇਸ਼ ਭਗਤ, ਸ਼ਹੀਦ ਬਾਰੇ ਕੋਈ ਟਿੱਪਣੀ ਨਹੀਂ ਕਰ ਰਿਹਾ, ਪਰ ਜੋ ਕੋਈ ਕਿਸੇ ਜਗ੍ਹਾ ਦਾ ਹਕ਼ਦਾਰ ਹੈ ਅਤੇ ਉਹ ਕਿਉਂ ਹਕ਼ਦਾਰ ਹੈ ਇਹ ਜਾਣੇ ਬਿਨਾ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ। ਇਸ ਲਈ ਇਹਨਾਂ ਸਵਾਲਾਂ ਦੇ ਸੰਦਰਭ ਵਿਚ ਹੀ ਇਤਿਹਾਸ ਦੇ ਪੰਨਿਆਂ ਨੂੰ ਥੋੜਾ ਫਰੋਲਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕੋਸ਼ਿਸ਼ ਨੂੰ ਸਭ ਨਾਲ ਸਾਂਝਾ ਕਰ ਰਿਹਾਂ ਤਾਂ ਜੋ ਉਸ ਮਹਾਨ ਇਨਸਾਨ ਦੇ ਅਤੀਤ ਬਾਰੇ ਇਕ ਝਲਕ ਸਾਨੂੰ ਮਿਲ ਸਕੇ ਅਤੇ ਅਸੀਂ ਜਾਣ ਸਕੀਏ ਕਿ ਮਹਾਨਤਾ ਕਿਸੇ ਨੂੰ ਵਿਰਸੇ ਵਿਚ ਨਹੀਂ ਮਿਲਦੀ ਇਹ ਤਾਂ ਉਮਰਾਂ ਲਗਾ ਕੇ ਜਾਨਾ ਗਵਾ ਕੇ ਝੋਲੀ ਪੈਂਦੀ ਹੈ।

ਸਾਡੇ ਵਿਚ ਬਹੁਤੇ ਲੋਕ ਭਗਤ ਸਿੰਘ ਦੇ ਬਹੁਤ ਵੱਡੇ ਸਮਰਥਕ ਅਤੇ ਅਜਕਲ ਜੋ ਸ਼ਬਦ ਵਰਤਿਆ ਜਾਂਦੇ ਜਾਂਦਾ ਹੈ ਫੈਨ, ਹਨ ਪਰ ਬਹੁਤਿਆਂ ਨੂੰ ਭਗਤ ਸਿੰਘ ਬਾਰੇ ਕੁਝ ਨਹੀਂ ਪਤਾ, ਇਕ ਹਵਾ ਇਕ ਟਰੈਂਡ ਦੇ ਤੌਰ ਤੇ ਅਸੀਂ ਉਸਨੂੰ ਆਪਣਾ ਸਮਝਦੇ ਹਾਂ, ਪਰ ਜਾਣਦੇ ਨਹੀਂ। ਕੁੰਡੀਆਂ ਮੁੱਛਾਂ, ਲੜ ਵਾਲੀ ਪੱਗ, ਪਿਸਤੌਲ, ਗੋਰੇ ਨੂੰ ਮਾਰਨਾ ਆਦਿ ਇਹ ਕੁਝ ਕੁ ਚੀਜਾਂ ਹੀ ਭਗਤ ਸਿੰਘ ਨੂੰ ਬਿਆਨ ਕਰਦਿਆਂ ਹਨ ਅਤੇ ਇਹੀ ਉਸ ਮਹਾਨ ਯੋਧੇ ਦੀ ਪਛਾਣ ਬਣ ਕੇ ਰਹਿ ਗਈਆਂ ਹਨ। ਕੋਸ਼ਿਸ਼ ਇਹੀ ਸੀ ਕਿ ਭਗਤ ਸਿੰਘ ਨੂੰ, ਭਗਤ ਸਿੰਘ ਦੀ ਸੋਚ ਨੂੰ, ਉਸਦੀ ਜ਼ਿੰਦਗੀ ਨੂੰ, ਉਸਦੇ ਸੰਘਰਸ਼ ਨੂੰ, ਉਸਦੇ ਜਜ਼ਬੇ ਨੂੰ, ਉਸਦੇ ਨਿਸ਼ਾਨੇ ਨੂੰ, ਉਸਦੀ ਸਮਝ ਨੂੰ ਸਭ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਅਸਲੀ ਪਹਿਚਾਣ ਹੋ ਸਕੇ ਕਿ ਕੌਣ ਸੀ ਭਗਤ ਸਿੰਘ। ਸਾਡੀ ਆਉਣ ਵਾਲੀ ਪੀੜੀ ਨੂੰ ਦੱਸਣ ਲਈ ਸਾਡੇ ਕੋਲ ਕੁਝ ਨਹੀਂ ਕਿਉਂਕ ਅਸੀਂ ਸਭ ਖੁਦ ਕੋਰੇ ਕਾਗਜ਼ ਹਾਂ।

ਸਾਡੇ ਆਪਣੇ ਹੀ ਦੇਸ਼ ਵਿਚ ਲੋਕ ਓਹਨਾ ਯੋਧਿਆਂ ਤੋਂ ਅਣਜਾਣ ਨੇ ਜੋ ਆਪਣੀਆਂ ਜਵਾਨੀਆਂ ਸਾਡੇ ਨਾ ਲਾ ਗਏ। ਸਕੂਲਾਂ, ਕਾਲਜਾਂ ਵਿੱਚ ਵਿਦੇਸ਼ੀ ਇਤਿਹਾਸ ਬਹੁਤ ਗਹਿਰਾਈ ਨਾਲ ਪੜਾਇਆ ਜਾਂਦਾ ਹੈ ਅਤੇ ਸਾਡੇ ਕ੍ਰਾਂਤੀਕਾਰੀਆਂ

ਨੂੰ ਅੱਤਵਾਦੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ। ਕਿਸੇ ਦਾ ਵੀ ਕੋਈ ਕਸੂਰ ਨਹੀਂ ਕਿਉਂਕ ਅਸੀਂ ਹੀ ਜਿੰਮੇਵਾਰ ਹਾਂ ਇਹਨਾਂ ਗ਼ਲਤੀਆਂ ਦੇ, ਅਸੀਂ ਕਦੇ ਖੁਦ ਉੱਦਮ ਨਹੀਂ ਕੀਤਾ ਕਿ ਜਾਨਣ ਦੀ ਕੋਸ਼ਿਸ਼ ਕਰੀਏ ਇਹਨਾਂ ਨੂੰ। ਕੋਸ਼ਿਸ਼ ਕਰਦੇ ਹਾਂ ਇਕ ਝਾਤ ਮਾਰਨ ਦੀ ਕਿ ਕਿਉਂ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਕਿਹਾ ਜਾਂਦਾ, ਕਿਉਂ ਇਕ  23-24 ਸਾਲ ਦਾ ਨੌਜਵਾਨ ਆਪਣੀ ਜਾਨ ਦੇ ਗਿਆ, ਕਿਉਂ ਸਾਂਡਰਸ ਨੂੰ ਮਾਰਿਆ, ਕਿਉਂ  ਅਸੈਂਬਲੀ ਵਿੱਚ ਬੰਬ ਸੁੱਟਿਆ ਗਿਆ, ਕਿਉਂ ਭਗਤ ਸਿੰਘ ਨਾਸਤਿਕਤਾ ਦਾ ਧਾਰਨੀ ਬਣਿਆ, ਬਹੁਤ ਸਾਰੇ ਸਵਾਲ ਨੇ ਜਿੰਨਾ ਦੇ ਜਵਾਬ ਲੱਭਣ ਦਾ ਇਕ ਛੋਟਾ ਜਿਹਾ ਯਤਨ ਕੀਤਾ ਹੈ।

ਘਰ ਦਾ ਮਾਹੌਲ ਅਤੇ ਸਿਆਸੀ ਸਰਗਰਮੀਆਂ

ਆਜ਼ਾਦੀ ਦੀ ਮਹੱਤਤਾ ਭਗਤ ਸਿੰਘ ਬਹੁਤ ਛੋਟੀ ਉਮਰ ਵਿੱਚ ਹੀ ਸਮਝ ਗਿਆ ਸੀ, ਬਚਪਨ ਤੋਂ ਸਿਆਸੀ ਸਰਗਰਮੀਆਂ ਵਿੱਚ ਕਾਫੀ ਦਿਲਚਸਪੀ ਸੀ, ਘਰ ਵਿੱਚ ਪਿਤਾ ਕਿਸ਼ਨ ਸਿੰਘ ਕਾਂਗਰਸੀ ਆਗੂ ਸਨ ਇਸ ਲਈ ਮਾਹੌਲ ਵੀ ਸਿਆਸੀ ਸੀ, ਘਰ ਅਕਸਰ ਮੀਟਿੰਗਾਂ ਹੁੰਦੀਆਂ ਸੀ ਤੇ ਭਗਤ ਸਿੰਘ ਬਹੁਤ ਦਿਲਚਸਪੀ ਨਾਲ ਸਭ ਕੁਝ ਦੇਖਦਾ-ਸੁਣਦਾ ਸੀ। ਭਗਤ ਸਿੰਘ ਦੇ ਚਾਚਾ ਗ਼ਦਰ ਲਹਿਰ ਦੇ ਉਘੇ ਲੀਡਰ ਸਨ ਜਿਨਾਂ ਦੀ ਸਖਸ਼ੀਅਤ ਦਾ ਉਸਤੇ ਬਹੁਤ ਜ਼ਿਆਦਾ ਪ੍ਰਭਾਵ ਸੀ। ਭਗਤ ਸਿੰਘ 12 ਸਾਲ ਦਾ ਸੀ ਜਦੋਂ ਜਲਿਆਂ ਵਾਲੇ ਬਾਗ਼ ਦਾ ਖੂਨੀ ਕਾਂਡ ਹੋਇਆ, ਇਹ ਘਟਨਾ ਦਾ ਉਸਦੇ ਮਨ ਉੱਤੇ ਬਹੁਤ ਗਹਿਰੀ ਛਾਪ ਛੱਡ ਗਈ, ਏਨੀ ਛੋਟੀ ਉਮਰ ਵਿੱਚ ਇਹਨਾਂ ਗੱਲਾਂ ਦਾ ਐਨਾ ਗਹਿਰਾ ਚਿੰਤਨ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਭਗਤ ਸਿੰਘ ਦੇ ਦਿਲ ਵਿੱਚ ਦੇਸ਼ ਭਗਤੀ ਦਾ ਫ਼ਲਸਫ਼ਾ ਜਨਮ ਲੈ ਚੁੱਕਾ ਹੈ।

ਪੜ੍ਹਨ ਅਤੇ ਲਿਖਣ ਦੀ ਸਮਝ

ਭਗਤ ਸਿੰਘ ਬਹੁਤ ਹੀ ਵਿਲੱਖਣ ਸਖਸ਼ੀਅਤ ਦਾ ਮਾਲਕ ਸੀ, ਬਚਪਨ ਤੋਂ ਹੀ ਇਕ ਅਲੱਗ ਸੋਚ ਅਤੇ ਨਜ਼ਰੀਏ ਨਾਲ ਸਭ ਕੁਝ ਦੇਖਦਾ ਅਤੇ ਵਿਚਾਰਦਾ ਸੀ, ਗਹਿਰਾ ਅਧਿਐਨ ਅਤੇ ਗਿਆਨ ਹਾਸਿਲ ਕਰਨ ਦੀ ਪਿਆਸ ਉਸਨੂੰ ਹਮੇਸ਼ਾ ਰਹਿੰਦੀ ਸੀ। ਪੜ੍ਹਨਾ, ਵਿਚਾਰ ਕਰਨੀ, ਨੋਟਿਸ ਲੈਣੇ ਇਹ ਸਭ ਉਸਦੀ ਜ਼ਿੰਦਗੀ ਦਾ ਮੁਖ ਅੰਗ ਸੀ। ਭਗਤ ਸਿੰਘ ਇਹ ਗੱਲ ਸਮਝ ਚੁੱਕਾ ਸੀ ਕਿ ਅਧਿਐਨ ਕਰਨ ਤੋਂ ਬਿਨ੍ਹਾਂ ਗਿਆਨ ਨਹੀਂ ਹਾਸਿਲ ਹੋ ਸਕਦਾ ਅਤੇ ਗਿਆਨ ਤੋਂ ਬਿਨ੍ਹਾਂ ਕੋਈ ਵੀ ਲੜਾਈ ਲੜਨੀ ਜਾਂ ਜਿਤਨੀ ਇਕ ਮਖੌਲ ਦੇ ਬਰਾਬਰ ਹੈ।

ਘਰ ਛੱਡਣ ਦਾ ਫੈਸਲਾ

1920 ਵਿੱਚ ਗਾਂਧੀ ਜੀ ਨੇ ਨਾ-ਮਿਲਵਰਤਣ ਲਹਿਰ ਸ਼ੁਰੂ ਕਰ ਦਿੱਤੀ, ਅਤੇ ਭਗਤ ਸਿੰਘ ਨੇ ਬਹੁਤ ਜੋਰਾਂ-ਸ਼ੋਰਾਂ ਨਾਲ ਇਸ ਲਹਿਰ ਵਿੱਚ ਹਿੱਸਾ ਪਾਇਆ, ਫਿਰ ਨਾ-ਮਿਲਵਰਤਣ ਲਹਿਰ ਵਾਪਸ ਲੈ ਲਈ ਗਈ ਤਾਂ ਇਸ ਗੱਲ ਨੇ ਭਗਤ ਸਿੰਘ ਨੂੰ ਗਾਂਧੀਵਾਦੀ ਸਿਧਾਂਤਾਂ ਤੋਂ ਦੂਰ ਕਰ ਦਿੱਤਾ ਅਤੇ ਉਹ ਇਹ ਗੱਲ ਸਮਝ ਚੁੱਕਾ ਸੀ ਕਿ ਗਾਂਧੀ ਦੇ ਰਾਹ ਤੇ ਚੱਲ ਕੇ ਆਜ਼ਾਦੀ ਹਾਸਿਲ ਨਹੀਂ ਹੋ ਸਕਦੀ। ਇਸੇ ਸਮੇ ਕਾਲ ਵਿੱਚ ਭਗਤ ਸਿੰਘ ਦਾ ਦਾਖਲਾ ਨੈਸ਼ਨਲ ਕਾਲਜ ਲਾਹੌਰ ਵਿੱਚ ਹੋਇਆ ਸੀ ਅਤੇ ਇਥੇ ਹੀ  1923 ਵਿੱਚ ਪੜਾਈ ਦੇ ਦੌਰਾਨ ਹੀ ਘਰ ਵਿੱਚ ਦਾਦਾ ਜੀ ਨੇ ਭਗਤ ਸਿੰਘ ਦੇ ਵਿਆਹ ਦੀ ਗੱਲ ਤੋਰ ਦਿੱਤੀ। ਸਭ ਪਾਸਿਓਂ ਬਹੁਤ ਜ਼ੋਰ ਪੈਣ ਲੱਗਾ ਤੇ ਅੰਤ ਭਗਤ ਸਿੰਘ ਤੇ ਘਰ ਛੱਡਣ ਦਾ ਫੈਸਲਾ ਕਰ ਲਿਆ, ਪਿਤਾ ਦੇ ਨਾਮ ਚਿੱਠੀ ਛੱਡ ਕਿ ਜਿਸ ਵਿੱਚ ਉਸ ਨੇ ਆਪਣੇ-ਆਪ ਨੂੰ ਦੇਸ਼ ਨੂੰ ਸਮਰਪਿਤ ਕਰਨ ਬਾਰੇ ਲਿਖਿਆ ਅਤੇ ਆਪਣੀ ਜ਼ਿੰਗਦੀ ਦਾ ਮਕਸਦ ਓਹਨਾ ਨੂੰ ਦੱਸਿਆ।

ਘਰ ਛੱਡਣ ਤੋਂ ਬਾਦ ਉਹ ਕਾਨਪੁਰ ਚਲਾ ਗਿਆ ਅਤੇ ਉਥੇ ਗਣੇਸ਼ਸ਼ੰਕਰ ਵਿਦਿਆਰਥੀ ਕੋਲ ‘ਪ੍ਰਤਾਪ’ ਅਖਬਾਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਜਗਾਹ ਹੀ ਭਗਤ ਸਿੰਘ ਦੀ ਮੁਲਾਕਾਤ ਬੀ.ਕੇ.ਦੱਤ, ਸ਼ਿਵ ਵਰਮਾ ਅਤੇ ਵਿਜੇ ਸਿਨਹਾ ਵਰਗੇ ਦੂਜੇ ਕ੍ਰਾਂਤੀਕਾਰੀ ਸਾਥੀਆਂ ਨਾਲ ਹੋਈ। ਇਥੇ ਕੰਮ ਕਰਨ ਦੇ ਨਾਲ-ਨਾਲ ਉਹ ਸਾਥੀਆਂ ਨਾਲ ਮਿਲ ਕੇ ਆਜ਼ਾਦੀ ਦਾ ਪ੍ਰਚਾਰ ਕਰਦੇ, ਲੋਕਾਂ ਨੂੰ ਜਾਗਰੂਕ ਕਦੇ, ਨੁਕੜ ਨਾਟਕ ਕਰਦੇ।

ਭਗਤ ਸਿੰਘ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਫ਼੍ਰੇਂਚ ਭਾਸ਼ਾ ਦੇ ਵਧੀਆ ਜਾਣਕਾਰ ਸੀ, ਇਸ ਲਈ ਉਸਨੇ ਲੱਗਭਗ ਹਰ ਭਾਸ਼ਾ ਦੇ ਅਖਬਾਰ ਵਿਚ ਕੰਮ ਕੀਤਾ ਜਿਵੇਂ ਪ੍ਰਤਾਪ (ਕਾਨਪੁਰ), ਮਹਾਰਥੀ(ਦਿੱਲੀ), ਚਾਂਦ(ਇਲਾਹਾਬਾਦ), ਅਰਜੁਨ(ਦਿੱਲੀ) ਅਤੇ ਮਤਵਾਲਾ ਤੋਂ ਇਲਾਵਾ ਹੋਰ ਕਈ ਪੱਤਰਕਾਵਾਂ ਅਲਗਅਲਗ ਨਾਵਾਂ ਤੋਂ ਲਿਖਦਾ ਸੀ।

ਆਜ਼ਾਦੀ ਦੀ ਲਹਿਰ ਦੀ ਸ਼ੁਰੂਵਾਤ

1925- ਐਚ.ਆਰ. (ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ) ਵਿੱਚ ਦਾਖ਼ਲਾ

1925 ਵਿਚ ਭਗਤ ਸਿੰਘ ਦੇ ਪ੍ਰੋਫੈਸਰ ਵਿਦਿਆਲੰਕਰ ਜੀ ਨੇ ਭਗਤ ਸਿੰਘ ਨੂੰ ਐਚ.ਆਰ. ਏ(ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ) ਤੋਂ ਜਾਣੂ ਕਰਾਇਆ, ਉਸ ਸਮੇਂ ਐਚ.ਆਰ.ਏ ਦੇ ਮੁਖੀ ਰਾਮ ਪ੍ਰਸਾਦ ਬਿਸਮਿਲ ਸਨ, ਪਹਿਲੀ ਹੀ ਮੁਲਾਕਾਤ ਵਿਚ ਭਗਤ ਸਿੰਘ ਨੇ ਬਿਸਮਿਲ ਜੀ ਦਾ ਅਤੇ ਬਾਕੀ ਪਾਰਟੀ ਸਾਥੀਆਂ ਦਾ ਦਿਲ ਜਿੱਤ ਲਿਆ, ਅਤੇ ਉਸਨੂੰ ਪਾਰਟੀ ਵਿੱਚ ਰੱਖ ਲਿਆ ਗਿਆ। ਕਾਕੋਰੀ ਕਾਂਡ ਦੀ ਯੋਜਨਾਬੰਦੀ ਦੇ ਦੌਰਾਨ ਭਗਤ ਸਿੰਘ ਵੀ ਇਸ ਵਿੱਚ ਸ਼ਾਮਿਲ ਸੀ, ਪਾਰਟੀ ਵਿੱਚ ਨਵਾਂ ਹੋਣ ਦੇ ਬਾਵਜੂਦ ਸਭ ਨੇ ਭਗਤ ਸਿੰਘ ਦੇ ਵਿਚਾਰ ਅਤੇ ਸਲਾਹਾਂ ਨੂੰ ਮਹਤੱਤਾ ਦਿੱਤੀ। ਹੁਣ ਭਗਤ ਸਿੰਘ ਨੂੰ ਇਕ ਮੰਚ ਮਿਲ ਚੁਕਾ ਸੀ ਜਿਸਦੀ ਉਸਨੂੰ ਤਲਾਸ਼ ਸੀ, ਇਸਦੇ ਨਾਲ ਹੀ ਭਗਤ ਸਿੰਘ ਇਸ ਗੱਲ ਨੂੰ ਚੰਗੀ ਤਰਾਂ ਸਮਝਦਾ ਸੀ ਕਿ ਦੇਸ਼ ਦਾ ਅਸਲੀ ਖਜਾਨਾ ਦੇਸ਼ ਦਾ ਨੌਜਵਾਨ ਵਰਗ ਹੈ, ਕਿਸੇ ਵੀ ਰਾਸ਼ਟਰ ਦੀ ਤਰੱਕੀ ਲਈ ਨੌਜਵਾਨ ਸਭ ਤੋਂ ਜਿਆਦਾ ਯੋਗਦਾਨ ਪਾਉਂਦੇ ਹਨ, ਇਸ ਲਈ ਭਗਤ ਸਿੰਘ ਨੇ ਨੌਜਵਾਨਾਂ ਨੂੰ ਇਕ ਜੁਟ ਕਰਨ ਦਾ ਫੈਸਲਾ ਕੀਤਾ ਅਤੇ ਸਭ ਨੂੰ ਇਕ ਮੰਚ ਤੇ ਇਕੱਠਾ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ।

1926 – ਨੌਜਵਾਨ ਭਾਰਤ ਸਭ ਦੇ ਗਠਨ ਲਈ ਤਿਆਰੀਆਂ

1926 ਤੋਂ ਹੀ ਨੌਜਵਾਨ ਭਾਰਤ ਸਭ ਦੇ ਗਠਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ 2 ਸਾਲ ਬਾਅਦ ਅੰਮ੍ਰਿਤਸਰ ਵਿਚ 11,12,13 ਅਪ੍ਰੈਲ 1928 ਨੂੰ ਨੌਜਵਾਨ ਭਾਰਤ ਸਭਾ ਦਾ ਘੋਸ਼ਣਾ ਪਾਤਰ ਜਾਰੀ ਕੀਤਾ ਗਿਆ, ਜਿਸ ਵਿਚ ਉਹਨਾਂ ਦਾ ਉਦੇਸ਼ ਅਤੇ ਦੇਸ਼ ਦੇ ਹਾਲਾਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸੀ। ਇਸ ਵਿਚ ਭਗਤ ਸਿੰਘ ਦੇ ਨਾਲ ਮੁਖ ਭੂਮਿਕਾ ਭਗਵਤੀ ਚਰਨ ਵੋਹਰਾ ਨੇ ਨਿਭਾਈ। ਦੇਸ਼ ਵਿਚ ਆਜ਼ਾਦੀ ਲਈ ਸੰਘਰਸ਼ ਜੋਰਾਂ ਤੇ ਸੀ ਅਤੇ ਕ੍ਰਾਂਤੀਕਾਰੀ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ, ਲੇਖ ਲਿਖਦੇ, ਪਰਚੇ ਵੰਡਦੇ, ਸਰਕਾਰ ਖਿਲਾਫ ਲੋਕਾਂ ਨੂੰ ਤਿਆਰ ਕਰਦੇ, ਸਾਹਿਤ ਨੂੰ ਜਿਥੇ ਬਹੁਤ ਮੁਖ ਹਥਿਆਰ ਵਜੋਂ ਵਰਤਿਆ ਜਾਂਦਾ ਸੀ ਓਥੇ ਨਾਲ ਨਾਲ ਹਥਿਆਰਾਂ ਦੀ ਸਿਖਲਾਈ ਲਈ ਗਈ, ਨਿਸ਼ਾਨੇਬਾਜ਼ੀ ਸਿੱਖੀ, ਬੰਬ ਬਣਾਉਣ ਦੀ ਸਿੱਖਿਆ ਹਾਸਿਲ ਕੀਤੀ ਗਈ।

ਭਾਗਤ ਸਿੰਘ ਦੀ ਸੋਚ ਇਹ ਸੀ ਕਿ ਹਰ ਇਕ ਜਰੂਰੀ ਕੰਮ ਜੋ ਆਜ਼ਾਦੀ ਦੀ ਲੜਾਈ ਲਈ ਉਹਨਾਂ ਨੂੰ ਆਉਣਾ ਚਾਹੀਦਾ ਉਹ ਕੰਮ ਉਹ ਸਿੱਖਣਗੇ। ਪੂਰਾ ਦੇਸ਼ ਆਜ਼ਾਦੀ ਦੇ ਧਮਾਕਿਆਂ ਨਾਲ ਗੂੰਜ ਰਿਹਾ ਸੀ ਜਿਸਦੀ ਧਮਕ ਲੰਡਨ ਤਕ ਪਹੰਚ ਗਈ ਸੀ, ਕਾਕੋਰੀ ਕਾਂਡ, ਦਿੱਲੀ ਕਾਂਡ , ਮੇਰਠ ਕਾਂਡ ਵਰਗੀਆਂ ਘਟਨਾਵਾਂ ਨੇ ਅੰਗਰੇਜ਼ੀ ਸਰਕਾਰ ਨੂੰ ਡਾਵਾਂਡੋਲ ਕਰ ਦਿੱਤਾ ਸੀ ਅਤੇ ਹੁਣ ਸਰਕਾਰ ਹਨ ਸਰਗਰਮੀਆਂ ਨੂੰ ਨੱਥ ਪਾਉਣ ਲਈ ਹੱਥ ਪੈਰ ਮਾਰ ਰਹੀ ਸੀ।

1928 – ਹਿੰਦੁਸਤਾਨ ਸੋਸ਼ਲਿਸ਼ਟ ਰਿਪਬਲਿਕਨ ਐਸੋਸੀਏਸ਼ਨ (ਐਚ.ਆਸ.ਆਰ. ਦੀ ਤਜ਼ਵੀਜ

1928 ਵਿਚ ਹੀ ਭਗਤ ਸਿੰਘ ਨੇ ਚੰਦਰ ਸ਼ੇਖਰ ਆਜ਼ਾਦ ਦੇ ਸਾਹਮਣੇ ਇਕ ਵਿਚਾਰ ਪੇਸ਼ ਕੀਤਾ, ਭਗਤ ਸਿੰਘ ਦਾ ਕਹਿਣਾ ਸੀ ਕਿ ਅਜੋਕੇ ਸਮੇਂ ਵਿਚ ਜਿਸ ਤਰਾਂ ਕ੍ਰਾਂਤੀ ਦੀ ਲੜਾਈ ਲੜੀ ਜਾ ਰਹੀ ਹੈ ਉਸ ਤਰੀਕੇ ਨੂੰ ਬਦਲਣਾ ਬਹੁਤ ਜਰੂਰੀ ਹੈ, ਸਾਡਾ ਮਕਸਦ ਸਿਰਫ ਹਿੰਸਕ ਘਟਨਾਵਾਂ ਕਰਕੇ ਅੰਗਰੇਜ਼ੀ ਹਕੂਮਤ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੈ ਬਲਕਿ ਆਜ਼ਾਦੀ ਹਾਸਿਲ ਕਰਨਾ ਹੈ, ਅਗਰ ਸਾਨੂੰ ਆਜ਼ਾਦੀ ਚਾਹੀਦੀ ਹੈ ਤਾਂ ਸਭ ਨੂੰ ਇਕ ਜੁੱਟ ਹੋ ਕੇ ਇਕ ਸਾਂਝੇ ਮੰਚ ਊਤੇ ਆ ਕੇ ਸਾਂਝੇ ਲਕਸ਼ ਲਈ ਲੜਨਾ-ਮਾਰਨਾ ਚਾਹੀਦਾ ਹੈ। ਹੁਣ ਅਸੀਂ ਲੜ ਜਰੂਰ ਰਹੇ ਹਨ ਪਰ ਦਿਸ਼ਾਹੀਣ ਹਾਂ, ਇਸ ਲਈ ਸਾਨੂੰ ਸਭ ਨੂੰ ਅਲੱਗ-ਅਲੱਗ ਸੰਘਰਸ਼ ਕਰਨ ਦੀ ਬਜਾਏ ਇਕ ਹੋ ਕਿ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਕੁਰਬਾਨ ਕਰਨ ਤੋਂ ਪਹਿਲਾਂ ਦੇਸ਼ ਲਈ ਕੁਝ ਕਰਨ ਦੇ ਕਾਬਿਲ ਬਣਾਉਣਾ ਪਵੇਗਾ, ਬੇਵਜਾ ਜਾਨ ਦੇ ਕੇ ਨਾ ਤਾਂ ਦੇਸ਼ ਦਾ ਕੋਈ ਭਲਾ ਹੋ ਸਕਦਾ ਨਾ ਹੀ ਆਪਣਾ। ਭਗਤ ਸਿੰਘ ਵੱਲੋ ਪੇਸ਼ ਕੀਤੇ ਪ੍ਰਸਤਾਵ ਇਸ ਪ੍ਰਕਾਰ ਸਨ:

 1. ਪਾਰਟੀ ਦਾ ਮਕਸਦ ਸਮਾਜਵਾਦ ਦਾ ਪ੍ਰਸਾਰ ਹੋਵੇਗਾ ਅਤੇ ਹੇਮਸ਼ਾ ਆਮ ਲੋਕ, ਕਿਸਾਨ, ਮਜਦੂਰ ਕਿਰਤੀ ਵਰਗ ਦੇ ਹਿੱਤਾ ਲਈ ਸੰਘਰਸ਼ ਹੋਵੇਗਾ, ਪੂੰਜੀਵਾਦ ਅਤੇ ਸਾਮਰਾਜਵਾਦ ਦਾ ਵਿਰੋਧ ਸਾਰੇ ਰਾਜਾਂ ਦੇ ਕ੍ਰਾਂਤੀਕਾਰੀ ਦਲ ਇਕ ਜੁਟ ਹੋ ਕੇ ਆਜ਼ਾਦੀ ਦੇ ਸੰਘਰਸ਼ ਲਈ ਕੰਮ ਕਰਨਗੇ।
 2. ਆਜ਼ਾਦੀ ਦੀ ਲੜਾਈ ਧਰਮ, ਜਾਤ ਆਦਿ ਦੇ ਅਧਾਰ ਤੇ ਨਹੀਂ ਦੇਸ਼ ਨੂੰ ਮੁਖ ਰੱਖ ਕੇ ਲੜੀ ਜਾਵੇਗੀ,ਪਾਰਟੀ ਸਿਰਫ ਉਹਨਾਂ ਕੰਮਾਂ ਉੱਤੇ ਜ਼ੋਰ ਦੇਵੇਗੀ ਜਿਸਦਾ ਸਿੱਧਾ ਸੰਬੰਧ ਦੇਸ਼ ਅਤੇ ਦੇਸ਼ ਵਾਸੀਆਂ ਨਾਲ ਹੋਵੇਗਾ। ਗੈਰਜਰੂਰੀ ਕੰਮਾਂ ਵਿੱਚ ਸਮਾਂ, ਸੋਚ ਅਤੇ ਤਾਕਤ ਨਹੀਂ ਗਵਾਉਣੀ ਚਾਹੀਦੀ।
 3. ਦੇਸ਼ ਦਾ ਇਕ ਕੇਂਦਰੀ ਦਲ ਹੋਵੇਗਾ ਅਤੇ ਬਾਕੀ ਸਾਰੇ ਦਲ ਉਸਦੇ ਅਧੀਨ ਹੋਣਗੇ।ਸਮੂਹ ਵਿੱਚ ਰਹਿ ਕੇ ਕੰਮ ਕਰਨਾ ਹੋਵੇਗਾ ਅਤੇ ਪਾਰਟੀ ਦੇ ਨੀਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ।
 4. ਪਾਰਟੀ ਦਾ ਨਾਮ ਬਦਲਿਆ ਜਾਣਾ ਚਾਹੀਦਾ ਹੈ ਅਤੇ ਨਾਮ ਪਾਰਟੀ ਦੇ ਉਦੇਸ਼ ਦੇ ਅਨੁਕੂਲ ਹੋਣਾ ਚਾਹੀਦਾ ਹੈ। ਪਾਰਟੀ ਦਾ ਨਵਾਂ ਨਾਂ ਹਿੰਦੁਸਤਾਨ ਸੋਸ਼ਲਿਸ਼ਟ ਰਿਪਬਲਿਕਨ ਐਸੋਸੀਏਸ਼ਨ (ਐਚ.ਆਸ.ਆਰ. ) ਹੋਵੇਗਾ।

ਚੰਦਰ ਸ਼ੇਖਰ ਆਜ਼ਾਦ ਨੂੰ ਇਹ ਪ੍ਰਸਤਾਵ ਬਹੁਤ ਪਸੰਦ ਆਇਆ ਅਤੇ ਇਸਨੂੰ ਲਾਗੂ ਕਰਨ ਲਈ ਸਾਡੇ ਦੇਸ਼ ਦੀਆਂ ਅਲੱਗ-ਅਲੱਗ ਕ੍ਰਾਂਤੀਕਾਰੀ ਪਾਰਟੀਆਂ ਨੂੰ ਮੀਟਿੰਗ ਲਈ ਸੱਦਾ ਭੇਜਿਆ ਗਿਆ, ਕੁਝ ਵੱਲੋ ਇਸਦਾ ਸਮਰਥਨ ਕੀਤਾ ਗਿਆ ਅਤੇ ਕੁਝ ਇਸ ਪ੍ਰਸਤਾਵ ਦੇ ਵਿਰੋਧ ਵਿੱਚ ਹੋ ਗਏ, 8 ਸਿਤੰਬਰ 1928 ਵਿੱਚ ਦਿੱਲੀ ਦੇ ਫਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਮੀਟਿੰਗ ਕੀਤੀ ਗਈ ਅਤੇ ਭਗਤ ਸਿੰਘ ਵਿਚਾਰ ਸੁਣ ਕੇ ਸਭ ਪ੍ਰਭਾਵਿਤ ਹੋ ਗਏ ਅਤੇ ਸਰਬ ਸਹਿਮਤੀ ਨਾਲ ਪ੍ਰਸਤਾਵ ਨੂੰ ਮੰਨ ਲਿਆ ਗਿਆ। ਇਸੇ ਹੀ ਮੀਟਿੰਗ ਵਿੱਚ ਭਗਤ ਸਿੰਘ ਦੀ ਮੁਲਾਕਾਤ ਰਾਜਗੁਰੂ ਨਾਲ ਹੋਈ ਸੀ।

1928 ਤੋਂ 1930 ਤੱਕ ਦੀਆਂ ਮਾਤਾਵਪੂਰਾਂ ਘਟਨਾਵਾਂ

1928 ਤੋਂ 1930 ਤਕ ਦਾ ਸਮਾਂ ਆਜ਼ਾਦੀ ਦੀ ਲੜਾਈ ਦੇ ਸੰਘਰਸ਼ ਵਿੱਚ ਬਹੁਤ ਮਹੱਤਵਪੂਰਨ ਸਮਾਂ ਸੀ। 1928 ਵਿੱਚ ਹੀ ਲਾਲਾ ਲਾਜਪਤ ਰਾਏ ਦਾ ਦੇਹਾਂਤ ਹੋ ਗਿਆ, ਜੋ ਕਿ ਬਹੁਤ ਹੀ ਮੰਦਭਾਗੀ ਅਤੇ ਵੱਡੀ ਘਟਨਾ ਸੀ। ਅਕਤੂਬਰ 1928 ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਲਾਹੌਰ ਵਿੱਚ ਬਹੁਤ ਵੱਡਾ ਵਿਰੋਧ ਪ੍ਰਦਰਸ਼ਨ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਬਹੁਤ ਗਿਣਤੀ ਵਿੱਚ ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ। ਪੁਲਿਸ ਨੇ ਭੀੜ ਉੱਤੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਕਿਸ ਕਰਕੇ ਲਾਲਾ ਜੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਅਤੇ 17 ਨਵੰਬਰ 1928 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ।

ਪੂਰੇ ਦੇਸ਼ ਵਿੱਚ ਸ਼ੋਕ ਦਾ ਮਾਹੌਲ ਸੀ ਅਤੇ ਇਹ ਘਟਨਾ ਦੇਸ਼ਵਾਸੀਆਂ ਦੇ  ਮੂੰਹ ਤੇ ਇਕ ਚਪੇੜ ਸੀ, ਦੇਸ਼ ਦੀ ਨੌਜਵਾਨੀ ਉੱਤੇ ਇਕ ਸਵਾਲੀਆ ਨਿਸ਼ਾਨ ਸੀ। ਭਾਵੇਂ ਲਾਲਾ ਜੀ ਅਤੇ ਕ੍ਰਾਂਤੀਕਾਰੀਆਂ ਵਿੱਚ ਕਈ ਮਤਭੇਦ ਸਨ ਅਤੇ ਉਹਨਾਂ ਦੀ ਵਿਚਾਰਧਾਰਾ ਵਿੱਚ ਬਹੁਤ ਫਰਕ ਸੀ ਫਿਰ ਵੀ ਇਕ ਘਟਨਾ ਨੂੰ ਰਾਸ਼ਟਰ ਦਾ ਅਪਮਾਨ ਸਮਝਦੇ ਹਏ, ਭਗਤ ਸਿੰਘ ਅਤੇ ਉਸਦੇ ਸਾਥੀਆਂ ਵੱਲੋ ਅੰਗਰੇਜ ਅਧਿਕਾਰੀ ਸਾਂਡਰਸ ਨੂੰ ਮਾਰ ਕੇ  ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ਗਿਆ। ਭਾਵੇਂ ਉਹ ਮਾਰਨਾ ਸਕੌਟ ਨੂੰ ਚਾਹੁੰਦੇ ਸਨ ਪਰ ਗ਼ਲਤ ਨਿਸ਼ਾਨਦੇਹੀ ਹੋਣ ਕਰਕੇ ਸਾਂਡਰਸ ਮਾਰਿਆ ਗਿਆ। 17 ਦਸੰਬਰ 1928 ਨੂੰ ਸਾਂਡਰਸ ਨੂੰ ਮਾਰਿਆ ਗਿਆ ਅਤੇ 18 ਦਸੰਬਰ ਨੂੰ ਪੂਰੇ ਲਾਹੌਰ ਵਿੱਚ ਪੋਸਟਰ ਲਗਾ ਕੇ ਇਹ ਦੱਸਿਆ ਹੀ ਗਿਆ ਕਿ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ ਗਿਆ ਹੈ।

ਅਸੈਬਲੀ ਵਿੱਚ ਬੰਬ ਸੁੱਟਣ ਦਾ ਫੈਸਲਾ ਕਦੋ ਅਤੇ ਕਿਉਂ ਲਿਆ ਗਿਆ?

ਸੰਘਰਸ਼ ਜੋਰਾਂ ਤੇ ਚਲ ਰਿਹਾ ਸੀ, ਦੇਸ਼ ਦਾ ਹਰ ਇਕ ਵਰਗ ਅੰਗਰੇਜ਼ੀ ਹਕੂਮਤ ਦੇ ਖਿਲਾਫ ਲੜ ਰਿਹਾ ਸੀ, ਸਰਕਾਰ ਨੂੰ ਹਰ ਪਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਮਜਦੂਰਾਂ ਨੇ ਫੈਕਟਰੀਆਂ ਵਿੱਚ ਕੰਮ ਰੋਕ ਦਿੱਤੇ, ਲੋਕ ਸੜਕਾਂ ਉੱਤੇ ਆ ਗਏ। ਅੰਗਰੇਜ਼ੀ ਹਕੂਮਤ ਦੀ ਨੀਂਹ ਇਕ ਵਾਰੀ ਫਿਰ ਹਿੱਲਣ ਲੱਗ ਗਈ ਸੀ ਅਤੇ ਸਰਕਾਰ ਕਿਸੇ ਵੀ ਤਰੀਕੇ ਨਾਲ ਇਨ੍ਹਾਂ ਗਤਿਵਿਧਿਆਂ ਨੂੰ ਕਾਬੂ ਕਰਨ ਦੇ ਯਤਨ ਕਰ ਰਹੀ ਸੀ। ਪੂਰਾ ਦੇਸ਼ ਸਮਾਜਵਾਦ ਦੇ ਰਸਤੇ ਤੇ ਚੱਲ ਰਿਹਾ ਸੀ।

ਇਕ ਲੇਖ ਵਿੱਚ ਜਵਾਹਰ ਲਾਲ ਨਹਿਰੂ ਨੇ ਲਿਖਿਆ ਹੈ ਕਿ ਬੁਧੀਜੀਵੀ ਅਤੇ ਸਰਕਾਰੀ ਅਫਸਰ ਜੋ ਹਮੇਸ਼ਾ ਤੋਂ ਕਾਂਗਰਸ ਤੇ ਪੈਰੋਕਾਰ ਸਨ ਉਹ ਵੀ ਸਮਾਜਵਾਦ ਦੀ ਹਾਮੀ ਭਰਨ ਲੱਗ ਗਏ ਸਨ, ਕਾਂਗਰਸ ਦੇ ਆਗੂ, ਨੌਜਵਾਨ, ਇਸਤਰੀਆਂ, ਪੁਲਿਸ ਕਰਮਚਾਰੀ ਜੋ ਕਿ ਪਹਿਲਾਂ ਬ੍ਰਾਇਸ ਔਨ ਡੇਮੋਕ੍ਰੇਸੀ , ਮਾਰਲੇ ਕੀਥ ਜਾਂ ਮੈਜੇਲੀ ਨੂੰ ਪੜ੍ਹਦੇ ਸੀ ਉਹ ਹੁਣ ਲੱਭ-ਲੱਭ ਕੇ ਸਮਾਜਵਾਦ, ਕਮਿਊਨਿਜ਼ਮ ਅਤੇ ਰੂਸੀ ਕ੍ਰਾਂਤੀ ਬਾਰੇ ਪੜ੍ਹ ਰਹੇ ਸਨ। ਅੰਗਰੇਜ ਸਰਕਾਰ ਦੀਆਂ ਪ੍ਰੇਸ਼ਾਨੀਆਂ ਦਿਨੋ-ਦਿਨ ਵੱਧ ਰਹੀਆਂ ਸਨ ਅਤੇ ਕਾਫੀ ਵਿਚਾਰਾਂ ਤੋਂ ਬਾਅਦ ਸਰਕਾਰ ਨੇ ਅਸੈਬਲੀ ਵਿੱਚ 2 ਨਵੇਂ ਕਾਨੂੰਨ ਪਾਸ ਕਰਨ ਦੀ ਯੋਜਨਾ ਬਣਾਈ ਜਿੰਨਾ ਦੀ ਮਦਦ ਨਾਲ ਵੱਧ ਰਹੇ ਵਿਦਰੋਹ ਨੂੰ ਨੱਥ ਪਾਈ ਜਾਂ ਸਕਦੀ ਸੀ। ਇਹ ਕਨੂੰਨ ਸਨ:-

 1. ਪਬਲਿਕ ਸੇਫਟੀ ਬਿੱਲ
 2. ਟਰੇਡ ਡਿਸਪੀਊਟ ਬਿੱਲ

ਪਹਿਲੇ ਬਿੱਲ (ਪਬਲਿਕ ਸੇਫਟੀ ਬਿੱਲ) ਅਨੁਸਾਰ ਸਰਕਾਰ ਕੋਲ ਸਿਧੇ ਤੌਰ ਤੇ ਇਹ ਹਕ਼ ਜਾਂਦੇ ਹਨ ਕਿ ਉਹ ਕਿਸੇ ਵੀ ਸਰਕਾਰ ਵਿਰੋਧੀ ਗਤੀਵਿਧੀ ਵਿੱਚ ਸ਼ਾਮਿਲ ਵਿਅਕਤੀ ਨੂੰ ਦੇਸ਼ ਨਿਕਾਲਾ ਦੇ ਸਕਦੀ ਹੈ ਅਤੇ ਹੋਰ ਲੋੜੀਂਦੀ ਕਾਰਵਾਈ ਬਿਨਾ ਕਿਸੇ ਅਪੀਲ ਦੇ ਕਰ ਸਕਦੀ ਹੈ।

ਦੂਜਾ ਬਿਲ (ਟਰੇਡ ਡਿਸਪੀਊਟ ਬਿੱਲ) ਅਨੁਸਾਰ ਮਜਦੂਰਾਂ ਕੋਲੋਂ ਉਹਨਾਂ ਦੇ ਹਕ਼ ਖੋ ਲਏ ਜਾਣ ਜਿਸ ਤੋਂ ਬਾਅਦ ਉਹ ਕੋਈ ਵੀ ਵਿਰੋਧ ਨਹੀਂ ਕਰ ਸਕਦੇ, ਆਪਣੀਆਂ ਮੰਗਾ ਲਈ ਹੜਤਾਲਾਂ ਨਹੀਂ ਕਰ ਸਕਦੇ।

ਇਨ੍ਹਾਂ ਕਨੂੰਨਾਂ ਦੀ ਖ਼ਬਰ ਨੇ ਚਾਰੇ ਪਾਸੇ ਬਹੁਤ ਬੇਚੈਨੀ ਫੈਲਾ ਦਿੱਤੀ, ਖੂਬ ਹੰਗਾਮਾ ਹੋਇਆ ਵਿਰੋਧੀ ਧਿਰ, ਜਨਤਾ ਅਤੇ ਪ੍ਰੈਸ ਨੇ ਇਨ੍ਹਾਂ ਬਿੱਲਾਂ ਦਾ ਸਖਤ ਵਿਰੋਧ ਕੀਤਾ। ਸਭ ਵਿਰੋਧਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ 6 ਸਤੰਬਰ 1928 ਨੂੰ ਪਬਲਿਕ ਸੇਫਟੀ ਬਿੱਲ ਅਸੈਮਬਲੀ ਵਿੱਚ ਪੇਸ਼ ਹੋਇਆ ਅਤੇ 24 ਸਤੰਬਰ ਨੂੰ ਇਹ ਬਿੱਲ ਸਦਨ ਨੇ ਨਾਮੰਜੂਰ ਕਰ ਦਿਤਾ। ਜਨਵਰੀ 1929 ਵਿੱਚ ਇਸ ਵਿੱਚ ਕੁਝ ਫੇਰ-ਬਦਲ ਕਰਕੇ ਫਿਰ ਤੋਂ ਅਸੈਮਬਲੀ ਵਿੱਚ ਪੇਸ਼ ਕੀਤਾ ਗਿਆ ਅਤੇ ਇਸ ਵਾਰ ਇਸਨੂੰ ਪਾਸ ਕਰ ਦਿੱਤਾ ਗਿਆ। ਸਰਕਾਰ ਆਪਣੀਆਂ ਘਟੀਆ ਨੀਤੀਆਂ ਜਨਤਾ ਤੇ ਥੋਪ ਰਹੀ ਸੀ ਅਤੇ ਦੂਜੇ ਬਿੱਲ ਨੂੰ ਪਾਸ ਕਰਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ।

ਇਸ ਸਮੇਂ ਭਗਤ ਸਿੰਘ ਆਗਰਾ ਵਿੱਚ ਸੀ ਅਤੇ ਸਾਂਡਰਸ ਕਤਲ ਕੇਸ ਵਿੱਚ ਉਸਦਾ ਨਾਮ ਆਉਣ ਕਰਕੇ ਉਹ ਲਾਹੌਰ ਤੋਂ ਭੱਜ ਕੇ ਆਗਰਾ ਆ ਗਿਆ, ਇਸ ਸਮੇਂ ਹੀ ਪੁਲਿਸ ਤੋਂ ਬਚਨ ਲਈ ਉਸਨੂੰ ਆਪਣੇ ਕੇਸ ਕਤਲ ਕਰਨ ਪਏ ਸਨ। ਭਗਤ ਸਿੰਘ ਇਸ ਕਨੂੰਨ ਨੂੰ ਪਾਸ ਹੋਣ ਤੋਂ ਰੋਕਣਾ ਚਾਉਂਦਾ ਸੀ, ਇਸ ਲਈ ਭਗਤ ਸਿੰਘ ਨੇ ਪਾਰਟੀ ਨੂੰ ਇਸਦੇ ਵਿਰੋਧ ਕਰਨ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਬੁਲਾਈ ਗਈ, ਇਸ ਸਮੇਂ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਸ਼ਿਵ ਵਰਮਾ, ਬੀ.ਕੇ.ਦੱਤ ਅਤੇ ਹੋਰ ਸਾਥੀ ਮੌਜੂਦ ਸਨ, ਸੁਖਦੇਵ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਸੀ ਕਿਉਂਕ ਉਹ ਉਸ ਸਮੇਂ ਲਾਹੌਰ ਵਿੱਚ ਸੀ। ਭਗਤ ਸਿੰਘ ਨੇ ਆਪਣੀ ਯੋਜਨਾ ਦੱਸੀ, ਇਸ ਯੋਜਨਾ ਨੂੰ ਉਸਨੇ 3 ਹਿੱਸਿਆਂ ਵਿੱਚ ਵੰਡਿਆ:-

 1. ਐਚ.ਐਸ.ਆਰ. ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਅਸੈਮਬਲੀ ਵਿੱਚ ਬੰਬ ਸੁੱਟ ਕੇ ਇਸਦਾ ਵਿਰੋਧ ਕਰੇਗੀ, ਕਿਉਂਕ ਗੋਰੇ ਬੋਲੇ ਹੋ ਗਏ ਹਨ ਅਤੇ ਇਨ੍ਹਾਂ ਨੂੰ ਕਿਸੇ ਦਾ ਦੁੱਖ ਨਹੀਂ ਸੁਣਦਾ, ਅਤੇ ਬੋਲਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ। ਬੰਬ ਸੁੱਟਣ ਤੋਂ ਬਾਅਦ ਪਰਚੇ ਸੁੱਟੇ ਜਾਣਗੇ ਜਿੰਨਾ ਉੱਤੇ ਸਰਕਾਰੀ ਧੱਕੇਸ਼ਾਹੀ ਅਤੇ ਸਾਡੇ ਮਕਸਦ ਬਾਰੇ ਲਿਖਿਆ ਹੋਵੇਗਾ ਤਾਂ ਜੋ ਸਭ ਨੂੰ ਪਤਾ ਲੱਗਾ ਸਕੇ ਇਸ ਤਰਾਂ ਕਰਨ ਪਿਛੇ ਸਾਡੀ ਸੋਚ ਕੀ ਹੈ।
 2. ਬੰਬ ਸੁੱਟਣ ਵਾਲੇ ਉਥੋਂ ਭੱਜਣਗੇ ਨਹੀਂ ਆਪਣੀ ਗਿਰਫਤਾਰੀ ਦੇਣਗੇ, ਇਸ ਘਟਨਾ ਦੀ ਪੂਰੀ ਜਿੰਮੇਵਾਰੀ ਲੈਣਗੇ ਅਤੇ ਅਦਾਲਤਾਂ ਦੇ ਜਰੀਏ ਲੋਕਾਂ ਤਕ ਆਪਣੀ ਆਵਾਜ਼ ਪਹੁੰਚਾਉਣਗੇ।
 3. ਇਸ ਕੰਮ ਲਈ ਮੈਂ ਮਤਲਬ ਭਗਤ ਸਿੰਘ ਖੁਦ ਜਾਵੇਗਾ ਅਤੇ ਉਸਦੇ ਨਾਲ ਇਕ ਹੋਰ ਸਾਥੀ ਇਸ ਕੰਮ ਨੂੰ ਅੰਜਾਮ ਦੇਵੇਗਾ।

ਸਭ ਸਾਥੀਆਂ ਨੂੰ ਇਹ ਯੋਜਨਾ ਬਹੁਤ ਪਸੰਦ ਆਈ, ਚੰਦਰ ਸ਼ੇਖਰ ਆਜ਼ਾਦ ਨੇ ਇਸ ਇਸ ਯੋਜਨਾ ਨੂੰ ਮੰਜੂਰੀ ਦੇ ਦਿੱਤੀ ਪਰ ਭਗਤ ਸਿੰਘ ਨੂੰ ਜਾਨ ਦੀ ਮੰਜੂਰੀ ਨਹੀਂ ਦਿੱਤੀ, ਉਹ ਨਹੀਂ ਚਾਹੁੰਦੇ ਸੀ ਕਿ ਭਗਤ ਸਿੰਘ ਇਸ ਤਰਾਂ ਗਿਰਫਤਾਰੀ ਦੇ ਕੇ ਆਪਣੀ ਜਾਨ ਖ਼ਤਰੇ ਵਿੱਚ ਪਾਵੇ ਅਤੇ ਉਂਜ ਵੀ ਸਾਂਡਰਸ ਕਤਲ ਕੇਸ ਵਿੱਚ ਭਗਤ ਸਿੰਘ ਦੀ ਭਾਲ ਪਹਿਲਾ ਹੀ ਚੱਲ ਰਹੀ ਸੀ। ਇਸ ਲਈ ਇਹ ਫੈਸਲਾ ਲਿਆ ਗਿਆ ਕਿ ਬੰਬ ਸੁੱਟਿਆ ਜਾਵੇਗਾ ਅਤੇ ਜੋ ਵੀ ਭਗਤ ਸਿੰਘ ਨੇ ਯੋਜਨਾ ਬਣਾਈ ਹੈ ਕਿ ਕਰਨਾ ਕਿਵੇਂ ਕਰਨਾ ਉਹ ਉਸਨੂੰ ਸਮਝਾ ਦੇਵੇ ਜੋ ਇਸ ਕੰਮ ਨੂੰ ਅੰਜਾਮ ਦੇਣ ਜਾਵੇਗਾ।

ਭਗਤ ਸਿੰਘ ਦੇ ਬਹੁਤ ਕਹਿਣ ਤੇ ਵੀ ਇਸ ਗੱਲ ਨੂੰ ਨਹੀਂ ਮੰਨਿਆ ਗਿਆ, ਅਗਲੇ ਦਿਨ ਸੁਖਦੇਵ ਲਾਹੌਰ ਤੋਂ ਆਗਰਾ ਪਹੁੰਚਿਆ ਅਤੇ ਜਦ ਉਸਨੂੰ ਪਤਾ ਲੱਗਾ ਕਿ ਯੋਜਨਾ ਭਗਤ ਸਿੰਘ ਨੇ ਬਣਾਈ ਹੈ ਪਰ ਉਹ ਇਸ ਕੰਮ ਲਈ ਖੁਦ ਨਹੀਂ ਜਾਂ ਰਿਹਾ ਤਾਂ ਉਸਨੂੰ ਬਹੁਤ ਗੁੱਸਾ ਆਇਆ ਅਤੇ ਉਸਦੀ ਭਗਤ ਸਿੰਘ ਨਾਲ ਬਹੁਤ ਬਹਿਸ ਹੋਈ, ਉਸਨੇ ਭਗਤ ਸਿੰਘ ਨੂੰ ਇਹ ਮਿਹਣਾ ਮਾਰਿਆ ਕਿ ਉਸਦੇ ਦਿਲ ਵਿੱਚ ਕੀਤੇ ਜ਼ਿੰਦਗੀ ਜੀਣ ਦੀ ਖ਼ਵਾਹਿਸ਼ ਤਾਂ ਨਹੀਂ ਪੈਦਾ ਹੋ ਗਈ।

ਕਾਫੀ ਬਹਿਸ ਤੋਂ ਬਾਅਦ ਦੋਨੋ ਚੰਦਰ ਸ਼ੇਖਰ ਆਜ਼ਾਦ ਕੋਲ ਗਏ ਅਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਅੰਤ ਆਪਣਾ ਵੱਸ ਨਾ ਚਲਦਾ ਦੇਖ ਕੇ ਚੰਦਰ ਸ਼ੇਖਰ ਆਜ਼ਾਦ ਨੇ ਭਗਤ ਸਿੰਘ ਨੂੰ ਜਾਣ ਦੀ ਇਜ਼ਾਜਤ ਦੇ ਦਿੱਤੀ। ਭਗਤ ਸਿੰਘ ਨੇ ਆਪਣੇ ਨਾਲ ਜਾਣ ਲਈ ਬੀ.ਕੇ.ਦੱਤ ਨੂੰ ਚੁਣਿਆ। ਇਸ ਗੱਲ ਤੇ ਰਾਜਗੁਰੂ ਅੱਗਬਬੂਲਾ ਹੋ ਗਿਆ ਕਿਉਂਕ ਉਹ ਭਗਤ ਸਿੰਘ ਦੇ ਨਾਲ ਜਾਣਾ ਚਾਹੁੰਦਾ ਸੀ , ਪਰ ਅੰਗਰੇਜ਼ੀ ਅਤੇ ਗੱਲਬਾਤ ਦਾ ਜੋ ਤਰੀਕਾ ਅੰਗਰੇਜਾਂ ਨੂੰ ਜਵਾਬ ਦੇਣ ਲਈ ਜਰੂਰੀ ਸੀ ਉਹ ਉਸ ਕੋਲ ਨਹੀਂ ਸੀ, ਉਸਨੇ ਬਹੁਤ ਜਿਦ ਕੀਤੀ ਕਿ ਉਸਨੂੰ ਲਿਖ ਕੇ ਦੇ ਦਿੱਤਾ ਜਾਵੇ ਅਤੇ ਉਹ ਯਾਦ ਕਰਕੇ ਉਥੇ ਉਂਜ ਹੀ ਬੋਲ ਦੇਵੇਗਾ ਪਰ ਸਭ ਨੇ ਉਸਦਾ ਮਜਾਕ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਉਸਦੀ ਗੱਲ ਹਾਸੇ ਵਿੱਚ ਟਾਲ ਦਿੱਤੀ।

ਅਸੈਮਬਲੀ ਵਿੱਚ ਬੰਬ ਸੁੱਟਣਾ

4 ਸਤੰਬਰ 1928 ਨੂੰ ਟਰੇਡ ਡਿਸਪਿਊਟ ਬਿੱਲ ਅਸੈਮਬਲੀ ਵਿੱਚ ਪੇਸ਼ ਕੀਤਾ ਗਿਆ ਅਤੇ ਸਦਨ ਨੇ ਉਸਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਜਿਥੇ ਫਿਰ ਕੁਝ ਫੇਰ-ਬਦਲ ਕਰਕੇ 2 ਅਪ੍ਰੈਲ1929 ਨੂੰ ਅਸੈਮਬਲੀ ਵਿੱਚ ਬਹਿਸ ਲਈ ਪੇਸ਼ ਕੀਤਾ ਗਿਆ ਅਤੇ 8 ਅਪ੍ਰੈਲ ਨੂੰ ਇਹ ਬਿਲ ਪਾਸ ਕਰ ਦਿੱਤਾ ਗਿਆ। ਜਿਵੇਂ ਹੀ ਫੈਸਲੇ ਦੀ ਘੋਸ਼ਣਾ ਹੋਣ ਲੱਗੀ ਭਗਤ ਸਿੰਘ ਅਤੇ ਬੀ.ਕੇ.ਦੱਤ ਆਪਣੀ ਜਗ੍ਹਾ ਤੋਂ ਉੱਠ ਗਏ ਅਤੇ ਖਾਲੀ ਥਾਂ ਦੇਖ ਕੇ ਬੰਬ ਸੁੱਟ ਦਿੱਤਾ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ(ਗੋਲੀਆਂ ਚਲਾਉਣ ਵਾਲੀ ਗੱਲ ਉੱਤੇ ਮਤਭੇਦ ਹਨ), ਬੀ.ਕੇ.ਦੱਤ ਨੇ ਪਰਚੇ ਸੁਟਣੇ ਸ਼ੁਰੂ ਕਰ ਦਿੱਤੇ ਅਤੇ ਦੋਨਾਂ ਨੇ ਇੰਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਸਮਾਜਵਾਦ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਬ੍ਰਿਟਿਸ਼ ਸਾਮਰਾਜ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਆਪਣੇ-ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਗ੍ਰਿਫਤਾਰੀ

ਗਿਰਫਤਾਰੀ ਦੇਣ ਪਿਛੇ ਭਗਤ ਸਿੰਘ ਦਾ ਬਹੁਤ ਵੱਡਾ ਮਕਸਦ ਸੀ, ਕਿਉਂਕ ਉਹ ਜਾਣਦਾ ਸੀ ਕਿ ਭੀੜ ਵਿੱਚ ਰਲ ਕੇ ਭੱਜਣਾ ਬਹੁਤ ਆਸਾਨ ਹੈ ਪਰ ਇਸ ਨਾਲ ਉਹਨਾਂ ਦੇ ਮਕਸਦ ਉੱਤੇ ਗ਼ਲਤ ਪ੍ਰਭਾਵ ਪੈਂਦਾ ਹੈ, ਉਹ ਚਾਉਂਦਾ ਸੀ ਕਿ ਸਭ ਨੂੰ ਇਹ ਪਤਾ ਲੱਗੇ ਕਿ ਉਹਨਾਂ ਵੱਲੋ ਇਹ ਘਟਨਾ ਸੋਚ ਸਮਝ ਕੇ ਅੰਜਾਮ ਦਿੱਤੀ ਗਈ ਹੈ ਅਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਅਦਾਲਤਾਂ ਦੇ ਜਰੀਏ ਲੋਕਾਂ ਤਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਸਨ, ਉਹ ਜਾਣਦਾ ਸੀ ਕਿ ਅਦਾਲਤ ਵਿੱਚ ਪ੍ਰੈਸ ਹੋਵੇਗੀ ਅਤੇ ਉਹਨਾਂ ਦੇ ਬਿਆਨ ਦਰਜ ਕੀਤੇ ਜਾਣਗੇ, ਇਸ ਲਈ ਉਹ ਅਦਾਲਤਾਂ ਦੇ ਜਰੀਏ ਕਨੂੰਨੀ ਵਿਵਸਥਾ ਨਾਲ ਸਭ ਨੂੰ ਜਾਣੂ ਕਰਾਉਣਾ ਚਾਹੁੰਦੇ ਸਨ ਅਤੇ ਬ੍ਰਿਟਿਸ਼ ਹਕੂਮਤ ਨਾਲ ਆਹਮੋ-ਸਾਹਮਣੀ ਟੱਕਰ ਲੈਣ ਦਾ ਮੌਕਾ ਸੀ।

ਉਮਰ ਕੈਦ ਦੀ ਸਜ਼ਾ

12 ਜੂਨ 1929 ਨੂੰ ਇਸ ਕੇਸ ਦਾ ਫੈਸਲਾ ਹੋਇਆ, ਭਗਤ ਸਿੰਘ ਅਤੇ ਬੀ.ਕੇ.ਦੱਤ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ, ਭਗਤ ਸਿੰਘ ਨੂੰ ਪੰਜਾਬ ਦੀ ਮੀਆਂਵਾਲੀ ਅਤੇ ਬੀ.ਕੇ.ਦੱਤ ਨੂੰ ਲਾਹੌਰ ਦੀ ਸੇੰਟ੍ਰਲ ਜੇਲ ਭੇਜ ਦਿੱਤਾ ਗਿਆ।

ਜੇਲ ਵਿੱਚ ਭੁੱਖ ਹੜ੍ਹਤਾਲ

ਅਦਾਲਤਾਂ ਵਿਚ ਪੇਸ਼ੀਆਂ ਦੇ ਦੌਰਾਨ ਹੀ ਭਗਤ ਸਿੰਘ ਨੇ ਬੀ.ਕੇ.ਦੱਤ ਨਾਲ ਜੇਲ ਦੇ ਨਿਜ਼ਾਮ ਬਾਰੇ ਗੱਲਬਾਤ ਕੀਤੀ, ਜੇਲ ਵਿਚ ਕੈਦੀਆਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ, ਖਾਣ-ਪੀਣ ਦੀਆਂ ਚੀਜਾਂ ਬਹੁਤ ਗੰਦਗੀ ਭਰੇ ਮਹੌਲ ਵਿਚ ਬਣਦੀਆਂ ਸਨ, ਕੋਈ ਸਾਫ ਸਫਾਈ ਨਹੀਂ ਸੀ, ਤੇ ਕੋਈ ਵੀ ਬੁਨਿਆਦੀ ਹਕ਼ ਜਾ ਸਹੂਲਤ ਕੈਦੀਆਂ ਨੂੰ ਨਹੀਂ ਦਿੱਤੀ ਜਾਂਦੀ ਸੀ, ਕੈਦੀਆਂ ਦੀ ਜ਼ਿੰਦਗੀ ਜਾਨਵਰਾਂ ਨਾਲੋਂ ਵੀ ਬੁਰੀ ਸੀ। ਇਸ ਲਈ ਭਗਤ ਸਿੰਘ ਭੁੱਖ ਹੜਤਾਲ ਕਰਨ ਦਾ ਆਪਣਾ ਵਿਚਾਰ ਬੀ.ਕੇ.ਦੱਤ ਨੂੰ ਦੱਸਿਆ ਅਤੇ ਕਿਹਾ ਕਿ ਜਦ ਤਕ ਸਰਕਾਰ ਉਹਨਾਂ ਦੀਆਂ ਮੰਗਾ ਨਹੀਂ ਮੰਨਦੀ ਉਹ ਭੁੱਖੇ ਹੀ ਰਹਿਣਗੇ। ਇਸ ਵਿਚਾਰ ਉੱਤੇ ਬੀ.ਕੇ.ਦੱਤ ਨੇ ਪੂਰਨ ਸਹਿਮਤੀ ਪ੍ਰਗਟ ਕੀਤੀ ਅਤੇ ਭਗਤ ਸਿੰਘ ਦਾ ਸਾਥ ਦੇਣ ਦਾ ਪ੍ਰਣ ਕੀਤਾ, ਪਰ ਭਗਤ ਸਿੰਘ ਨਹੀਂ ਚਾਹੁੰਦਾ ਸੀ ਕਿ ਉਸਦੇ ਇਸ ਫੈਸਲੇ ਨੂੰ ਕੋਈ ਮਜਬੂਰੀ ਵਿਚ ਮੰਨੇ ਜਾ ਉਸਦੇ ਇਸ ਫੈਸਲੇ ਕਰਕੇ ਕੋਈ ਦੁਖੀ ਹੋਵੇ।

ਇਸ ਲਈ ਉਸਨੇ ਬੀ.ਕੇ.ਦੱਤ ਨੂੰ ਅਜਿਹਾ ਨਾ ਕਰਨ ਤੋਂ ਰੋਕਿਆ ਅਤੇ ਇਸ ਲੜਾਈ ਤੋਂ ਦੂਰ ਰਹਿਣ ਲਈ ਕਿਹਾ ਪਰ ਬੀ.ਕੇ.ਦੱਤ ਆਪਣੀ ਗੱਲ ਉੱਤੇ ਕਾਇਮ ਰਿਹਾ। ਇਥੇ ਇਕ ਗੱਲ ਜੋ ਖਾਸ ਧਿਆਨ ਖਿੱਚ ਰਹੀ ਹੈ ਉਹ ਇਹ ਹੈ ਕਿ ਇਕ ਇਨਸਾਨ ਜਿਸਨੂੰ ਹੁਣੇ ਹੁਣੇ ਉਮਰ ਕੈਦ ਦੀ ਸਜਾ ਹੋਈ ਹੈ, ਜੋ 22 ਸਾਲ ਦੀ ਉਮਰ ਵਿਚ ਜੇਲ ਦੀ ਚਾਰ ਦੀਵਾਰੀ ਵਿਚ ਕੈਦ ਹੋ ਗਿਆ ਅਤੇ ਕੋਈ ਪਤਾ ਨਹੀਂ ਕਦੋ ਬਾਹਰ ਨਿਕਲਣਾ, ਨਿਕਲਣਾ ਵੀ ਹੈ ਜਾਂ ਨਹੀਂ। ਪਰ ਇਨਸਾਨ ਇਸ ਗੱਲ ਬਾਰੇ ਸੋਚਣ ਜਾਂ ਕੋਈ ਗਿਲਾ-ਸ਼ਿਕਵਾ ਕਰਨ ਦੀ ਬਜਾਏ ਅਗਲੇ ਕੰਮ ਦੀ ਯੋਜਨਾ ਬਣਾ ਰਿਹਾ ਹੈ, ਇਹ ਵਿਲੱਖਣ ਸੁਭਾ ਅਤੇ ਜਜ਼ਬਾ ਕਿਥੇ ਦੇਖਣ ਨੂੰ ਮਿਲ ਸਕਦਾ, ਜਿਸਨੂੰ ਆਪਣੀ ਜਵਾਨੀ, ਆਪਣੀ ਜ਼ਿੰਦਗੀ, ਆਪਣਾ ਘਰ-ਬਾਰ ਕਿਸੇ ਚੀਜ ਦੀ ਕੋਈ ਪ੍ਰਵਾਹ ਨਹੀਂ ਉਸਦੀ ਸੁਰਤ ਬੱਸ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਜ਼ੁਲਮ ਖਿਲਾਫ ਲੜਨ ਵਿਚ ਹੀ ਲੱਗੀ ਸੀ।

ਭਗਤ ਸਿੰਘ ਦੀ ਜੇਲ ਇੰਚਾਰਜ ਨੂੰ ਚਿੱਠੀ

ਭਗਤ ਸਿੰਘ ਨੇ ਇਕ ਚਿੱਠੀ ਜੇਲ ਇੰਚਾਰਜ ਨੂੰ ਲਿਖੀ ਜਿਸ ਵਿਚ ਉਸਨੇ ਜੇਲ ਦੇ ਹਲਾਤਾਂ ਬਾਰੇ ਲਿਖਿਆ ਅਤੇ ਆਪਣੀਆਂ ਮੰਗਾ ਦੱਸੀਆਂ। ਉਸਨੇ ਦੱਸਿਆ ਕਿ ਉਹ 15 ਜੂਨ 1929 ਸਵੇਰ ਤੋਂ ਹੀ ਭੁੱਖ ਹੜਤਾਲ ਤੇ ਹੈ ਅਤੇ ਜਦ ਤਕ ਉਹਨਾਂ ਦੀਆਂ ਮੰਗਾ ਨਹੀਂ ਮੰਨੀਆ ਜਾਂਦੀਆਂ ਉਹ ਭੁੱਖੇ ਰਹਿ ਕੇ ਇਸ ਘਟੀਆ ਨਿਜ਼ਾਮ ਦਾ ਵਿਰੋਧ ਕਰਨਗੇ। ਭਗਤ ਸਿੰਘ ਦਾ ਕਹਿਣਾ ਸੀ ਕਿ ਉਹ ਰਾਜਸੀ ਕੈਦੀ ਹਨ, ਕੋਈ ਆਮ ਅਪਰਾਧੀ ਨਹੀਂ, ਇਸ ਲਈ ਉਹਨਾਂ ਨਾਲ ਇਸ ਤਰਾਂ ਦਾ ਵਤੀਰਾ ਨਹੀਂ ਹੋ ਸਕਦਾ। ਉਹਨਾਂ ਦੀਆਂ ਮੰਗਾ ਇਸ ਪ੍ਰਕਾਰ ਸਨ-

 1. ਚੰਗਾ ਭੋਜਨ (ਦੁੱਧ, ਘਿਓ, ਦਲ ਚੌਲ, ਗੋਸ਼ਤ ਆਦਿ)
 2. ਮਿਹਨਤ ਮਜਦੂਰੀ ਨਾ ਕਰਵਾਈ ਜਾਵੇ ਕਿਉਂਕ ਉਹ ਰਾਜਸੀ ਕੈਦੀ ਹਨ।
 3. ਇਸਨਾਨ ਦੀ ਵਧੀਆ ਸਹੂਲਤ ਹੋਵੇ ਲੋੜੀਂਦਾ ਸਾਰਾ ਸਮਾਂ ਮੁਹਈਆ ਕਰਵਾਇਆ ਜਾਵੇ ਜਿਵੇਂ ਸਾਬਣ, ਤੇਲ, ਹਜਾਮਤ ਆਦਿ।
 4. ਸਾਹਿਤ, ਇਤਿਹਾਸ, ਅਰਥਸ਼ਾਸਤਰ, ਰਾਜਨੀਤੀ ਵਿਗਿਆਨ, ਕਵਿਤਾ,ਕਹਾਣੀ,ਨਾਟਕ, ਸਮਾਚਾਰ ਪਾਤਰ ਆਦਿ ਜੇਲ ਵਿਚ ਪੜ੍ਹਨ ਦੀ ਆਗਿਆ ਹੋਵੇ ਅਤੇ ਲੋੜੀਂਦਾ ਸਮਾਨ ਮੁਹਈਆ ਕਰਾਉਣ ਦਾ ਪ੍ਰਬੰਧ ਹੋਵੇ।

ਭਗਤ ਸਿੰਘ ਦੀ ਇਹ ਚਿੱਠੀ ਇਕ ਇਤਿਹਾਸਕ ਦਸਤਾਵੇਜ ਤੇ ਤੌਰ ਤੇ ਸੰਭਾਲੀ ਹੋਈ ਹੈ ਕਿਸੇ ਹੋਰ ਲੇਖ ਵਿਚ ਉਸ ਚਿੱਠੀ ਨੂੰ ਆਪ ਸਭ ਨਾਲ ਸਾਂਝਾ ਕਰੂੰਗਾ।

ਦੂਜੀਆਂ ਜੇਲਾਂ ਵਿੱਚ ਹੋਰ ਸਾਥੀਆਂ ਵੱਲੋ ਭੁੱਖ ਹੜ੍ਹਤਾਲ

ਉਧਰ ਲਾਹੌਰ ਵਿਚ ਬੀ.ਕੇ.ਦੱਤ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਵਿਰੋਧ ਦੀ ਸ਼ੁਰੂਵਾਤ ਹੋ ਗਈ। ਇਸੇ ਦੌਰਾਨ ਜੇਲ ਦੇ ਬਾਹਰ ਹਲਾਤ ਬਹੁਤ ਨਾਜ਼ੁਕ ਹੋ ਗਏ, ਅੰਗਰੇਜ਼ੀ ਸਰਕਾਰ ਐਚ.ਐਸ.ਆਰ.ਏ ਦੇ ਪਿੱਛੇ ਹੱਥ ਧੋ ਕੇ ਪੈ ਗਈ ਅਤੇ ਜਗਾਹ-ਜਗਾਹ ਛਾਪਾਮਾਰੀ ਚਾਲ ਰਹੀ ਸੀ, ਕੁਝ ਸਾਥੀ ਫੜੇ ਗਏ ਅਤੇ ਪੁਲਿਸ ਤੇ ਤਸ਼ੱਦਦ ਨੇ ਉਹਨਾਂ ਨੂੰ ਤੋੜ ਦਿੱਤਾ ਅਤੇ ਉਹ ਪੁਲਿਸ ਨਾਲ ਰਲ ਗਏ ਅਤੇ ਹੌਲੇ ਹੌਲੇ ਸਭ ਸਾਥੀਆਂ ਨੂੰ ਗਿਰਫ਼ਤਾਰ ਕਰ ਦਿੱਤਾ। ਜੇਲ ਵਿਚ ਸਭ ਦੀ ਮੁਲਾਕਾਤ ਫਿਰ ਤੋਂ ਹੋ ਗਈ। ਜਦੋ ਸਭ ਨੂੰ ਪਤਾ ਲੱਗਾ ਕਿ ਭਗਤ ਸਿੰਘ ਨੇ ਭੁੱਖ ਹੜਤਾਲ ਕੀਤੀ ਹੋਈ ਹੈ ਤਾਂ ਸਾਰੇ ਉਸਦੇ ਸਮਰਥਨ ਲਈ ਇਕ ਜੁੱਟ ਹੋ ਗਏ ਅਤੇ ਭਗਤ ਸਿੰਘ ਤੇ ਲੱਖ ਮਨ੍ਹਾ ਕਰਨ ਤੇ ਵੀ ਭੁੱਖ ਹੜਤਾਲ ਵਿਚ ਸ਼ਾਮਿਲ ਹੋ ਗਏ, ਇਸ ਭੁੱਖ ਹੜਤਾਲ ਦਾ ਚਰਚਾ ਲੰਡਨ ਤਕ ਹੋਣ ਲੱਗਾ, ਜਿਵੇਂ ਜਿਵੇਂ ਦਿਨ ਵੱਧ ਰਹੇ ਸਨ ਅੰਗਰੇਜਾਂ ਉੱਤੇ ਦਬਾਅ ਵਧਣ ਲੱਗਾ, ਉਹਨਾਂ ਦੇ ਆਪਣੇ ਲੋਕ ਹੀ ਉਹਨਾਂ ਦਾ ਵਿਰੋਧ ਕਰਨ ਲੱਗੇ।

ਹਰ ਮਹਿਫ਼ਿਲ ਵਿਚ ਭਗਤ ਸਿੰਘ ਅਤੇ ਸਾਥੀਆਂ ਦੀ ਭੁੱਖ ਹੜਤਾਲ ਅਹਿਮ ਮੁੱਦਾ ਬਣ ਗਈ। ਅੰਗਰੇਜ਼ ਨੇ ਇਹ ਭੁੱਖ ਹੜਤਾਲ ਤੋੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਸੂਰਮੇ ਟੱਸ-ਤੋਂ ਮੱਸ ਨਹੀਂ ਹੋਏ, ਅੰਤਾਂ ਦਾ ਤਸ਼ੱਦਦ ਹੋਇਆ, ਕੁੱਟ ਮਾਰ ਹੋਈ, ਗਲੇ ਵਿਚ ਪਾਈਪ ਪਾ ਕੇ ਖਾਣਾ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਪਰ ਸਭ ਤਰੀਕੇ ਨਾਕਾਮ ਸਾਬਿਤ ਹੋਏ, ਪਰ ਭੁੱਖ ਹੜਤਾਲ ਦੇ ਆਖਰੀ ਦਿਨ ਉਹਨਾਂ ਦੇ ਇਕ ਸਾਥੀ ਜਤਿਨ ਦਾਸ ਦੀ ਮੌਤ ਹੋ ਗਈ। ਇਹ ਭੁੱਖ ਹੜਤਾਲ ਲਗਭਗ 63 ਦਿਨ ਚੱਲੀ, ਅਤੇ ਅੰਤ 12 ਸਤੰਬਰ 1929 ਨੂੰ ਅੰਗਰੇਜਾਂ ਨੇ ਓਹਨਾ ਦੀਆਂ ਮੰਗਾ ਮੰਨ ਲਈਆਂ।

ਸਾਂਡਰਸ ਕਤਲ ਕੇਸ

ਇਸੇ ਸਮੇਂ ਸਾਂਡਰਸ ਕਤਲ ਕੇਸ ਦੀ ਫਾਈਲ ਦੋਬਾਰਾ ਖੋਲ ਦਿੱਤੀ ਗਈ ਅਤੇ ਮੁਕਦਮਾ ਫਿਰ ਤੋਂ ਸ਼ੁਰੂ ਹੋ ਗਿਆ  ਅਤੇ ਇਸ ਮੁਕਦਮੇ ਲਈ 16 ਨੰਬਰ ਪਾਰਕ ਲਾਹੌਰ ਸੇੰਟ੍ਰਲ ਜੇਲ ਵਿਚ ਸਪੈਸ਼ਲ ਕੋਰਟ ਬਣਾਈ  ਜਿਸ ਵਿੱਚ ਫੈਸਲੇ ਖਿਲਾਫ ਨਾ ਕੋਈ ਅਪੀਲ ਨਾ ਕੋਈ ਦਲੀਲ ਹੋ ਸਕਦੀ ਸੀ, 3 ਜੱਜ ਇਸ ਮੁਕਦਮੇ ਦੇ ਫੈਸਲੇ ਲਈ ਨਿਯੁਕਤ ਕੀਤੇ ਗਏ। ਇਹ ਉਹੀ ਸਪੈਸ਼ਲ ਕੋਰਟ ਵਾਂਗ ਸੀ ਜਿਸ ਵਿੱਚ 1915 ਵਿਚ ਕਰਤਾਰ ਸਿੰਘ ਸਰਾਭਾ ਅਤੇ ਹੋਰ 24 ਸਾਥੀਆਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਸੀ। ਇਸ ਵਾਰੀ ਸਾਰੇ ਸਾਥੀ ਰਾਜਗੁਰੂ, ਸੁਖਦੇਵ,ਸ਼ਿਵ ਵਰਮਾ, ਭਗਵਤੀ ਚਰਨ ਵੋਹਰਾ ਆਦਿ ਅਦਾਲਤ ਵਿਚ ਪੇਸ਼ ਕੀਤੇ ਜਾਂ ਲੱਗੇ।

ਸਾਥੀਆਂ ਦੀ ਗ਼ੱਦਾਰੀ

ਪਾਰਟੀ ਦੇ ਕੁਝ ਸਾਥੀ ਸਰਕਾਰੀ ਗਵਾਹ ਬਣਨ ਨੂੰ ਰਾਜੀ ਹੋ ਗਏ ਸਨ ਜਿੰਨਾ ਨੇ ਸਾਂਡਰਸ ਕਤਲ ਲਈ ਜਿੰਮੇਵਾਰ ਬੰਦਿਆ ਦੇ ਨਾਮ ਦੱਸ ਦਿੱਤੇ, ਜਿੰਨਾ ਦੀ ਨਿਸ਼ਾਨਦੇਹੀ ਅਦਾਲਤ ਵਿਚ ਕੀਤੀ ਗਈ, ਇਹ ਯੋਜਨਾ ਸੁਖਦੇਵ ਨੇ ਬਣਾਈ ਸੀ ਅਤੇ ਭਗਤ ਸਿੰਘ ਅਤੇ ਰਾਜਗੁਰੂ ਨੇ ਗੋਲੀ ਚਲਾਈ ਸੀ। ਗਵਾਹੀਆਂ ਤੋਂ ਇਹ ਸਾਫ ਹੋ ਗਿਆ ਕਿ ਹੁਣ ਇਹਨਾਂ ਨੂੰ ਫਾਂਸੀ ਦੀ ਸਜਾ ਤੋਂ ਕੋਈ ਨਹੀਂ ਬਚਾ ਸਕਦਾ, ਤੇ ਇੰਜ ਹੀ ਹੋਇਆ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 24 ਮਾਰਚ 1931 ਸ਼ਾਮ ਨੂੰ ਫਾਂਸੀ ਤੇ ਲਟਕਾਉਣ ਦਾ ਹੁਕਮ ਦੇ ਦਿੱਤਾ ਗਿਆ ਅਤੇ ਲਾਹੌਰ ਦੀ ਸੇੰਟ੍ਰਲ ਜੇਲ ਭੇਜ ਦਿੱਤਾ ਗਿਆ। ਅਦਾਲਤ ਦੇ ਇਸ ਫੈਸਲੇ ਦਾ ਉਹਨਾਂ ਤਿੰਨਾਂ ਤੇ ਕੋਈ ਫਰਕ ਨਾ ਪਿਆ ਕਿਉਂਕ ਉਹ ਪਹਿਲਾ ਤੋਂ ਹੀ ਇਹ ਜਾਣਦੇ ਸਨ ਕਿ ਇੰਜ ਹੀ ਹੋਣਾ ਤੇ ਉਂਝ ਵੀ ਮੌਤ ਉਹਨਾਂ ਨੂੰ ਕਿਥੇ ਡਰਾ ਸਕਦੀ ਸੀ, ਫਾਂਸੀ ਦੀ ਸਜਾ ਪਾਉਣਾ ਉਹਨਾਂ ਲਈ ਮਾਨ ਦੀ ਗੱਲ ਸੀ।

ਜੇਲ ਅਤੇ ਅਧਿਐਨ

ਐਸੰਬਲੀ ਬੰਬ ਕਾਂਡ ਤੋਂ ਲੈ ਕੇ ਫਾਂਸੀ ਵਾਲੇ ਦਿਨ ਤਕ ਭਗਤ ਸਿੰਘ ਨੇ ਆਪਣਾ ਸਾਰਾ ਸਮਾਂ ਅਧਿਐਨ ਵਿਚ ਹੀ ਬਤੀਤ ਕੀਤਾ, ਅਲੱਗ-ਅਲੱਗ ਵਿਸ਼ਿਆਂ ਦੀਆਂ ਕਿਤਾਬਾਂ ਪੜੀਆਂ, ਨੋਟਿਸ ਬਣਾਏ ਅਤੇ ਚਿੱਠੀ ਲੇਖਾਂ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ। ਭਗਤ ਸਿੰਘ ਦੀ ਕੋਸ਼ਿਸ਼ ਸੀ ਕਿ ਜਾਣ ਤੋਂ ਪਹਿਲਾ ਜਿੰਨਾ ਹੋ ਸਕੇ ਗਿਆਨ ਹਾਸਿਲ ਕਰਨਾ ਹੈ ਤਾਂ ਹੋ ਦਿਲ ਵਿਚ ਕੋਈ ਹਸਰਤ ਨਾ ਰਹਿ ਜਾਵੇ। ਹੈਰਾਨੀ ਹੁੰਦੀ ਇਹ ਸੋਚ ਕੇ ਕਿ ਡੇਢ ਸਾਲ ਦੇ ਵਿੱਚ ਇਸ ਵਿਅਕਤੀ ਨੇ ਦੁਨੀਆਂ ਭਰ ਦੀਆਂ ਕਿਤਾਬਾਂ ਪੜ੍ਹ ਦਿੱਤੀਆਂ ਅਤੇ ਐਨਾ ਕੁਝ ਲਿੱਖ ਦਿੱਤਾ ਜਿਸ ਤੇ ਵਿਸ਼ਵਾਸ ਕਰਨਾ ਔਖਾ ਹੈ, ਪਰ ਸੱਚ ਇਹੀ ਹੈ ਜੋ ਸਾਡੇ ਸਾਹਮਣੇ ਹੈ।

ਭਗਤ ਸਿੰਘ ਦੁਆਰਾ ਲਿਖੀਆਂ ਰਚਨਾਵਾਂ, ਲੇਖ, ਚਿਠੀਆਂ ਇਤਿਹਾਸਕ ਦਸਤਾਵੇਜ਼ ਦੇ ਤੌਰ ਤੇ ਸਾਂਭੀਆਂ ਪਈਆਂ ਹਨ। ਰਚਨਾਵਾਂ ਦੀ ਸੂਚੀ ਇਸ ਪ੍ਰਕਾਰ ਹੈ:-

 1. ਮੈਂ ਨਾਸਤਿਕ ਕਿਉਂ ਹਨ (ਅਕਤੂਬਰ 1930)
 2. ਕ੍ਰਾਂਤੀਕਾਰੀ ਕੰਮਾਂ ਦਾ ਮਸਵਿਦਾ (ਫਰਵਰੀ 1931)
 3. ਡ੍ਰੀਮਲੈੰਡ ਦੀ ਭੂਮਿਕਾ
 4. ਬੰਬ ਦਾ ਦਰਸ਼ਨ (6 ਜਨਵਰੀ 1930)
 5. ਭਾਰਤੀ ਕ੍ਰਾਂਤੀ ਆਦਰਸ਼
 6. ਯੁੱਧ ਹਾਲੇ ਜਾਰੀ ਹੈ (10 ਮਾਰਚ 1931)
 7. ਭਗਤ ਸਿੰਘ ਦੀ ਜੇਲ ਨੋਟਬੁੱਕ

ਇਹਨਾਂ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਭਗਤ ਸਿੰਘ ਨੇ 4 ਕਿਤਾਬਾਂ ਵੀ ਲਿਖੀਆਂ ਸਨ, ਜੋ ਜਾਂ ਤਾਂ ਅੰਗਰੇਜ ਸਰਕਾਰ ਨੇ ਜਬਤ ਕਰ ਲਈਆਂ ਜਾਂ ਫਿਰ ਕਿਸੇ ਕੋਲ ਪਈਆਂ ਹੋਣਗੀਆਂ।ਪਰ ਕੁਝ ਇਤਿਹਾਸਕਾਰ ਮੰਨਦੇ ਹਨ ਕਿ ਇਹ ਕਿਤਾਬਾਂ ਲਿਖੀਆਂ ਹੀ ਨਹੀਂ ਗਈਆਂ ਪਰ ਕਈ ਹਵਾਲੇ ਐਸੇ ਵੀ ਮਿਲਦੇ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕਿਤਾਬਾਂ ਲਿਖੀਆਂ ਗਈਆਂ ਸਨ।ਉਹਨਾਂ ਦੇ ਨਾਮ ਇਸ ਪ੍ਰਕਾਰ ਸਨ:-

 1. ਆਤਮ ਕਥਾ
 2. ਸਮਾਜਵਾਦ ਦਾ ਆਦਰਸ਼
 3. ਭਾਰਤ ਵਿਚ ਕ੍ਰਾਂਤੀਕਾਰੀ ਅੰਦੋਲਨ
 4. ਮੌਤ ਦੇ ਦੁਆਰ ਤੇ

ਜੇਲ੍ਹ ਚੋਂ ਭੱਜਣ ਦੀ ਸਲਾਹ

ਭਗਤ ਸਿੰਘ ਦੇ ਸਜਾ ਕੱਟਣ ਦੇ ਦੌਰਾਨ ਚੰਦਰ ਸ਼ੇਖਰ ਆਜ਼ਾਦ ਨੇ ਕਈ ਵਾਰੀ ਭਗਤ ਸਿੰਘ ਨੂੰ ਜੇਲ ਵਿੱਚੋ ਭਜਾਉਣ ਲਈ ਸਕੀਮਾਂ ਬਣਾਈਆਂ ਪਰ ਭਗਤ ਸਿੰਘ ਇਹ ਕਹਿ ਕਿ ਨਾਹ ਕਰ ਦਿੱਤੀ ਕਿ ਉਹ ਇਸ ਤਰਾਂ ਨਹੀਂ ਜੀਣਾ ਚਾਉਂਦਾ, ਬਚਪਨ ਤੋਂ ਹੁਣ ਤਕ ਜਿਸ ਮੰਜ਼ਿਲ ਦਾ ਸੁਪਨਾ ਦੇਖਦਾ ਸੀ ਉਹ ਇਹੀ ਹੈ, ਫਾਂਸੀ ਅਤੇ ਸ਼ਹੀਦੀ ਮੇਰੀ ਮੰਜ਼ਿਲ ਹੈ ਅਤੇ ਮੰਜ਼ਿਲ ਦੇ ਏਨੇ ਨੇੜੇ ਆ ਕੇ ਹੁਣ ਉਹ ਭੱਜ ਕਿਵੇਂ ਸਕਦਾ ਹੈ। ਮੌਤ ਨਾਲ ਬਹੁਤ ਗੂੜਾ ਤੇ ਰੂਹਾਨੀ ਪਿਆਰ ਸੀ। ਪੂਰੇ ਦੇਸ਼ ਵਿਚ ਭਗਤ ਸਿੰਘ ਨੂੰ ਪੂਜਿਆ ਜਾਣ ਲੱਗਾ ਭਗਤ ਸਿੰਘ ਇਕ ਹੀਰੋ ਬਣ ਚੁੱਕਾ ਸੀ, ਉਸਨੂੰ ਛੁਡਾਉਣ ਲਈ ਹਰ ਕੋਈ ਆਪਣੀ ਬਣਦੀ ਵਾਹ ਲੈ ਰਿਹਾ ਸੀ, ਇਕ ਲਹਿਰ ਚੱਲ ਰਹੀ ਸੀ, ਇੰਜ ਲਗਦਾ ਸੀ ਕਿ ਜਿਵੇਂ ਭਗਤ ਸਿੰਘ ਦੀ ਮੌਤ ਅੰਗਰੇਜ਼ੀ ਸਾਮਰਾਜ ਦੀ ਮੌਤ ਦਾ ਫੁਰਮਾਨ ਲੈ ਕੇ ਆਈ ਹੈ।

ਲੋਕਾਂ ਦਾ ਵਿਦਰੋਹ

ਲੋਕਾਂ ਨੇ ਇੰਗਲੈਂਡ ਦੀ ਰਾਣੀ ਨੂੰ ਆਪਣੇ ਖੂਨ ਨਾਲ ਲਿਖ ਕੇ, ਅਤੇ ਦਸਤਖ਼ਤ ਕਰਕੇ ਚਿਠੀਆਂ ਭੇਜੀਆਂ ਕਿ ਉਹਨਾਂ ਦੀ ਫਾਂਸੀ ਦੀ ਸਜਾ ਮਾਫ ਕਰ ਦਿੱਤੀ ਜਾਵੇ, ਸਰਕਾਰ ਬੁਰੀ ਤਰਾਂ ਫਸੀ ਹੋਈ ਸੀ, ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸਤਾਉਣ ਲੱਗ ਗਈ ਕਿ ਇਸਦੀ ਫਾਂਸੀ ਤੋਂ ਬਾਅਦ ਦੇ ਮਾਹੌਲ ਨੂੰ ਕਿਵੇਂ ਸਾਂਭਣਗੇ, ਫਾਂਸੀ ਤੋਂ ਕਈ ਦਿਨ ਪਹਿਲਾ ਹੀ ਲੋਕ ਲਾਹੌਰ ਸੇੰਟ੍ਰਲ ਜੇਲ ਦੇ ਆਸ ਪਾਸ ਇਕੱਠੇ ਹੋਣੇ ਸ਼ੁਰੂ ਹੋ ਗਏ, ਅੰਗਰੇਜ਼ੀ ਹਕੂਮਤ ਇਸ ਗੱਲ ਤੋਂ ਬਹੁਤ ਘਬਰਾ ਗਈ ਅਤੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਫਾਂਸੀ 24 ਦੀ ਬਜਾਏ 23 ਨੂੰ ਹੀ ਦੇ ਦਿੱਤੀ ਜਾਵੇਗੀ ਅਤੇ ਰਾਤੋ ਰਾਤ ਚੋਰੀ ਚੋਰੀ ਲਾਸ਼ਾਂ ਸਤਲੁਜ ਵਿਚ ਸੁੱਟ ਦਿੱਤਾਂ ਜਾਣਗੀਆਂ ਤਾਂ ਜੋ ਉਹਨਾਂ ਦੀ ਮੌਤ ਤੋਂ ਬਾਅਦ ਹੋਣ ਵਾਲੀਆਂ ਗਤੀਵਿਧੀਆਂ ਤੋਂ ਬਚਿਆ ਜਾਂ ਸਕੇ।

23 ਮਾਰਚ 1931 ਫਾਂਸੀ

ਅੰਤ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਜੇਲ ਦੀ ਪਿਛਲੀ ਦੀਵਾਰ ਤੋੜ ਕੇ, ਉਹਨਾਂ ਦੀਆਂ ਲਾਸ਼ਾਂ ਦੇ ਟੋਟੇ ਕਰਕੇ ਬੋਰੀਆਂ ਵਿਚ ਪਾ ਕੇ ਹੁਸੈਨੀਵਾਲਾ ਬਾਰਡਰ ਲੈ ਗਏ ਅਤੇ ਓਥੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ, ਆਸੇ ਪਾਸੇ ਦੇ ਲੋਕਾਂ ਨੂੰ ਸ਼ੱਕ ਹੋਣ ਤੇ ਜਦ ਰੌਲਾ ਪੈ ਗਿਆ ਤਾਂ ਉਹ ਲਾਸ਼ਾਂ ਉਥੇ ਹੀ ਸੁੱਟ ਕੇ ਭੱਜ ਗਏ। ਬਾਅਦ ਵਿਚ ਇਹਨਾਂ ਲਾਸ਼ਾਂ ਦੇ ਟੋਟਿਆਂ ਦਾ ਸੰਸਕਾਰ ਕੀਤਾ ਗਿਆ। ਇਸ ਤਰਾਂ  ਉਹ ਮਹਾਨ ਯੋਧੇ ਆਪਣੀਆਂ ਜਾਨਾ ਦੇ ਕੇ ਸਾਨੂੰ ਆਜ਼ਾਦੀ ਦਾ ਤੋਹਫ਼ਾ ਦੇ ਕੇ ਚੜ੍ਹਦੀ ਉਮਰ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਚਮਕਦੇ ਤਾਰੇ ਬਣਕੇ ਸਦਾ ਅਸਮਾਨ ਦਾ ਮਾਨ ਵਧਾਉਂਦੇ ਰਹਿਣਗੇ।

ਵਿਲੱਖਣ ਸ਼ਖਸ਼ੀਅਤ

ਇਹ ਜੋ ਕੁਜ ਅਸੀਂ ਹੁਣੇ ਹੁਣੇ ਪੜ੍ਹਿਆ ਇਹ ਉਹਨਾਂ ਦੀ ਜ਼ਿੰਦਗੀ ਦਾ ਇਕ ਪੱਖ ਸੀ, ਇਸਤੋਂ ਇਲਾਵਾ ਵੀ ਉਸ ਇਨਸਾਨ ਬਾਰੇ ਬਹੁਤ ਕੁਝ ਬਾਕੀ ਹੈ ਹਾਲੇ, ਇਤਿਹਾਸ ਉੱਤੇ ਨਜ਼ਰ ਮਾਰਨ ਤੋਂ ਬਾਅਦ ਮੈਨੂੰ ਨਹੀਂ ਲਗਦਾ ਕਿ ਸਾਨੂੰ ਉਸ ਇਨਸਾਨ ਦੀ ਸਖਸ਼ੀਅਤ ਉੱਤੇ ਕੋਈ ਵੀ ਕਿੰਤੂ-ਪਰੰਤੂ ਕਰਨ ਕਰਨ ਦਾ ਕੋਈ ਹਕ਼ ਰਹਿ ਜਾਂਦਾ ਹੈ। ਭਗਤ ਸਿੰਘ ਦੀ ਜਿਸ ਸੋਚ ਨੇ ਉਸਨੂੰ ਆਜ਼ਾਦੀ ਦੇ ਨਾਇਕਾਂ ਵਿਚ ਅਹਿਮ ਸਥਾਨ ਦਿੱਤਾ ਉਹ ਸੋਚ ਸਾਡੀ ਸੋਚ ਤੋਂ ਬਹੁਤ ਪਰੇ ਦੀ ਗੱਲ ਹੈ।

ਅਸੀਂ ਭੇਡਚਾਲ ਦੇ ਮਰੀਜ ਹਾਂ, ਅਸੀਂ ਉਸਨੂੰ ਮੰਨਦੇ ਜਰੂਰ ਹਨ ਪਰ ਜਾਣਦੇ ਨਹੀਂ, ਅਸੀਂ ਉਸਨੂੰ ਆਪਣਾ ਆਦਰਸ਼ ਕਹਿੰਦੇ ਜਰੂਰ ਹਨ ਪਰ ਮੰਨਦੇ ਨਹੀਂ, ਮੰਨ ਸਕਦੇ ਵੀ ਨਹੀਂ ਕਿਉਂਕ ਆਦਰਸ਼ ਨੂੰ ਸਮਝਣ ਲਈ ਸਾਡੀ ਸੋਚ ਬਹੁਤ ਛੋਟੀ ਹੈ। ਉਹ ਇਨਸਾਨ ਕਿੰਨੇ ਵਰੇ ਪਹਿਲਾਂ ਹੀ ਕਹਿ ਗਿਆ ਕਿ ਅਗਰ ਆਜ਼ਾਦੀ ਦਾ ਮਤਲਬ ਸਿਰਫ ਗੋਰਿਆਂ ਦਾ ਚਲੇ ਜਾਣਾ ਹੈ ਤਾਂ ਫਿਰ ਦੇਸ਼ ਕਦੇ ਵੀ ਆਜ਼ਾਦ ਨਹੀਂ ਹੋ ਸਕਦਾ, ਗੋਰੇ ਚਲੇ ਜਾਣਗੇ ਭੂਰੇ ਆ ਜਾਣਗੇ, ਦੇਸ਼ ਦੇ ਹਲਾਤ ਕਦੇ ਨਹੀਂ ਸਹੀ ਹੋ ਸਕਦੇ। ਹਰ ਵਿਸ਼ੇ ਉੱਤੇ ਏਨੀ ਜਾਣਕਾਰੀ, ਡੂੰਗੀ ਸੋਚ।

ਭਗਤ ਸਿੰਘ ਦੀ ਮਾਤਾ ਜੀ ਦਾ ਨੌਜਵਾਨਾਂ ਨੂੰ ਸੰਦੇਸ਼

ਭਗਤ ਸਿੰਘ ਦੀ ਮਾਤਾ ਜੀ ਨੇ ਇਕ ਨੌਜਵਾਨਾਂ ਦੇ ਨਾਮ ਇਕ ਸੰਦੇਸ਼ ਵਿੱਚ ਦੱਸਿਆ ਕਿ ਭਗਤ ਸਿੰਘ ਜਦੋਂ ਗ੍ਰਿਫਤਾਰ ਹੋਇਆ ਤਾਂ ਉਸ ਪਾਸੋਂ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਨਿਕਲੀ, ਜੋ ਕਿ ਉਹ ਹਮੇਸ਼ਾਂ ਆਪਣੇ ਕੋਲ ਰੱਖਦਾ ਸੀ, ਕਈ ਵਾਰ ਮੇਰੇ ਨਾਲ ਗੱਲਾਂ ਕਰਦਾ ਕਰਦਾ ਮੈਨੂੰ ਆਪਣੀ ਜੇਬ ਵਿੱਚੋਂ ਸਰਾਭੇ ਦੀ ਤਸਵੀਰ ਕੱਢ ਕੇ ਦਿਖਾਉਂਦਾ ਅਤੇ ਕਹਿੰਦਾ- ਬੇਬੇ ਜੀ ਇਹ ਜੇ ਮੇਰਾ ਗੁਰੂ, ਮੇਰਾ ਸਾਥੀ ਤੇ ਭਰਾ। ਭਗਤ ਸਿੰਘ ਜਦੋ ਵੀ ਘਰ ਆਉਂਦਾ ਤਾਂ ਉਸਦੀਆਂ ਜੇਬਾਂ ਵਿਚ 2-4 ਕਿਤਾਬਾਂ ਜਰੂਰ ਹੁੰਦੀਆਂ, ਮੈਂ ਕਈ ਵਾਰੀ ਉਸਨੂੰ ਕਹਿਣਾ ਕਿ ਬੇਟਾ ਤੂੰ ਆਪਣੀਆਂ ਜੇਬਾਂ ਇਹਨਾਂ ਕਿਤਾਬਾਂ ਨਾਲ ਹੀ ਪਾੜ ਲਿਓਂਦਾ ਹੈਂ, ਕੀ ਹੈ ਇਹ ਸਭ ਤਾਂ ਉਸਨੇ ਹੱਸਦੇ ਹੋਏ ਜਵਾਬ ਦੇਣਾ ਇਹ ਕਿਤਾਬਾਂ ਬਹੁਤ ਕੀਮਤੀ ਹਨ, ਇਹ ਉਹਨਾਂ ਸ਼ਹੀਦਾਂ ਅਤੇ ਦੇਸ਼ ਭਗਤਾਂ ਬਾਰੇ ਹਨ ਜਿੰਨਾਂ ਨੇ ਦੇਸ਼ ਆਜ਼ਾਦੀ ਲਈ ਜਾਨਾਂ ਵਾਰ ਦਿੱਤੀਆਂ।

ਭਗਤ ਸਿੰਘ ਅਤੇ ਨਾਸਤਿਕਤਾ

ਭਗਤ ਸਿੰਘ ਦੇ ਨਾਸਤਿਕ ਹੋਣ ਉੱਤੇ ਬਹੁਤ ਲੋਕ ਇਤਰਾਜ ਕਰਦੇ ਸਨ ਅਤੇ ਉਸਨੂੰ ਘਮੰਡੀ ਕਹਿੰਦੇ ਸਨ, ਪਰ ਜਿਸ ਸਮਝਦਾਰੀ ਅਤੇ ਦੂਰਦ੍ਰਿਸ਼ਟੀ ਦਾ ਮੁਜਾਹਰਾ ਮੈਂ ਨਾਸਤਿਕ ਕਿਉਂ ਹਨ ਵਿਚ ਭਗਤ ਸਿੰਘ ਆਪਣੀ ਸੋਚ ਨੂੰ ਤਰਕ ਦੇ ਅਧਾਰ ਤੇ ਬਿਆਨ ਕੀਤਾ ਹੈ ਉਹ ਕਿਸੇ ਵੀ ਸ਼ਾਹਕਾਰ ਤੋਂ ਘੱਟ ਨਹੀਂ। ਮੈਂ ਭਗਤ ਸਿੰਘ ਦੀ ਨਾਸਤਿਕਤਾ ਦੀ ਮਾਨਸਿਕਤਾ ਤੇ ਅਲੱਗ ਤੋਂ ਲੇਖ ਸਾਂਝਾਂ ਕਰੂੰਗਾ ਕਿਉਂਕ ਉਹ ਆਪਣੇ-ਆਪ ਵਿੱਚ ਇਕ ਵਿਸ਼ੇਸ਼ ਅਤੇ ਵਿਲੱਖਣ ਵਿਸ਼ਾ ਹੈ।

ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਹੌਲੇ ਹੌਲੇ, ਸਭ ਕੁਝ ਸਾਂਝਾ ਕਰ ਸਕਾ, ਸਾਡੇ ਦੇਸ਼ ਭਗਤ ਜਿੰਨਾ ਨੇ ਆਪਣੀਆਂ ਜਾਂ ਦੇ ਦਿੱਤੀਆਂ ਉਹਨਾਂ ਬਾਰੇ ਜਾਨਣਾ ਬਹੁਤ ਹੀ ਜਰੂਰੀ ਹੈ ਅਤੇ ਮੈਂ ਜਿੰਨਾ ਵੀ ਮੈਨੂੰ ਸਮਾਂ ਮਿਲੇਗਾ ਅਤੇ ਮੈਂ ਜਿੰਨੀ ਅਲੱਗ-ਅਲੱਗ ਸੋਮਿਆਂ ਤੋਂ ਜਾਣਕਾਰੀ ਮਿਲੇਗੀ ਸਭ ਨਾਲ ਸਾਂਝੀ ਕਰੂੰਗਾ ਤਾਂ ਜੋ ਓਹਨਾ ਦੀ ਸਹੀ ਸਖ਼ਸ਼ੀਅਤ ਸਾਹਮਣੇ ਆਵੇ ਅਤੇ ਫੋਕੀ ਤੇ ਝੂਠੀ ਸੋਹਰਤ ਤੋਂ ਉਹਨਾਂ ਨੂੰ ਦੂਰ ਰੱਖਿਆ ਜਾਵੇ। ਇਸ ਲੜੀ ਨੂੰ ਜਾਰੀ ਰੱਖਦੇ ਹੋਏ ਹੌਲੇ-ਹੌਲੇ ਜਿਨ੍ਹਾਂ ਹੋ ਸਕਿਆ ਉਹ ਲੱਭ ਕੇ ਵਿਚਾਰਾਨ ਦੀ ਕੋਸ਼ਿਸ਼ ਕਰਾਂਗੇ, ਇੱਕਲੇ ਭਗਤ ਸਿੰਘ ਬਾਰੇ ਹੀ ਨਹੀਂ ਸਭ ਬਾਰੇ।

ਇਹ ਲੇਖ ਅਲੱਗ-ਅਲੱਗ ਕਿਤਾਬਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ ਉੱਤੇ ਲਿਖਿਆ ਹੈ, ਜੇਕਰ ਇਤਿਹਾਸਕ ਘਟਨਾਵਾਂ, ਤਰੀਕਾਂ, ਹਵਾਲਿਆਂ ਵਿੱਚ ਕੋਈ ਫਰਕ ਹੈ ਤਾਂ ਜਾਣਕਾਰੀ ਜਰੂਰ ਸਾਂਝੀ ਕਰੋ। ਇਸ ਲੇਖ ਵਿੱਚ ਮੇਰੀ ਸੋਚ ਦਾ ਝੁਕਾਅ ਭਗਤ ਸਿੰਘ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਨਜ਼ਰ ਆਉਂਦਾ ਹੈ ਜੋ ਕਿ ਸੁਭਾਵਿਕ ਹੈ, ਕਿਉਂਕਿ ਜਿੰਨ੍ਹਾਂ ਜਿਆਦਾ ਉਹਨਾਂ ਬਾਰੇ ਪੜ੍ਹਦੇ ਹਾਂ ਓਨਾ ਲਗਾਅ ਵੱਧ ਜਾਂਦਾ ਹੈ। ਸਭ ਪੜ੍ਹਨ ਵਾਲਿਆ ਨੂੰ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੋਧ ਦੀ ਲੋੜ ਹੋਵੇ ਤਾਂ ਜਰੂਰ ਜਾਣਕਾਰੀ ਦੇਣੀ ਕਿਉਂਕ ਇਹ ਇੱਕਲੇ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ ਬਹੁਤ ਗ਼ਲਤੀਆਂ ਅਤੇ ਕਮੀਆਂ ਰਹਿ ਜਾਂਦੀਆਂ ਹਨ। ਵਿਸ਼ੇ ਬਹੁਤ ਵੱਡੇ ਹਨ ਇਸ ਲਈ ਅਗਰ ਕਿਸੇ ਕੋਲ ਕੋਈ ਵੀ ਜਾਣਕਾਰੀ ਜਾਂ ਸਮੱਗਰੀ ਹੋਵੇ ਤਾਂ ਜਰੂਰ ਸਾਂਝੀ ਕਰਨੀ।

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

  Leave a Reply

  Your email address will not be published. Required fields are marked *

  Thanks for submitting your rating!
  Please give a rating.

  Thanks for submitting your comment!

  Recent Comments

  ad2

  Editor Picks