Close

Login

Close

Register

Close

Lost Password

ਸ਼ਹੀਦ ਊਧਮ ਸਿੰਘ – Shaheed Udham Singh

ਸ਼ਹੀਦ ਊਧਮ ਸਿੰਘ ਇੱਕ ਐਸਾ ਨਾਮ ਜੋ ਸੁਣਦੇ ਸਾਰ ਹੀ ਇੱਕ ਐਸਾ ਵਿਅਕਤੀ ਅੱਖਾਂ ਅੱਗੇ ਆਉਣ ਲੱਗ ਜਾਂਦਾ ਹੈ ਜੋ ਇੱਕ ਆਮ ਇਨਸਾਨ ਹੁੰਦੇ ਹੋਏ ਵੀ ਐਸੇ ਖਾਸ ਕੰਮਾਂ ਨੂੰ ਅੰਜਾਮ ਦੇ ਗਿਆ ਜਿਸਨੂੰ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾਇਆ ਜਾ ਸਕਦਾ ਹੈ। ਅੱਜ ਦੇ ਇਸ ਲੇਖ ਦਾ ਮੁੱਖ ਵਿਸ਼ਾ ਊਧਮ ਸਿੰਘ ਦੇ ਜੀਵਨ, ਸੰਗਰਸ਼ ਅਤੇ ਕੰਮਾਂ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਬਾਰੇ ਇਕ ਵੱਖਰੇ ਨਜ਼ਰੀਏ ਨਾਲ ਇਤਿਹਾਸ ਅਤੇ ਹਲਾਤਾਂ ਨੂੰ ਧਿਆਨ ਵਿੱਚ ਰੱਖ ਕਿ ਉਹਨਾਂ ਪਹਿਲੂਆਂ ਨੂੰ ਸਾਂਝਾ ਕਰਨਾ ਹੈ ਜਿੰਨ੍ਹਾਂ ਨੂੰ ਅਸੀਂ ਜਦ ਕਿਸੇ ਮਹਾਨ ਇਨਸਾਨ ਦਾ ਨਾਂ ਲੈਂਦੇ ਹਾਂ ਤਾਂ ਅਕਸਰ ਵਿਚਾਰਦੇ ਹੀ ਨਹੀਂ, ਇਹੀ ਕਾਰਨ ਹੈ ਕਿ ਗਿਆਨ, ਕੁਰਬਾਨੀ, ਸਾਹਸ, ਉਚਾ ਕਿਰਦਾਰ, ਉੱਚੀ ਸੋਚ ਅਤੇ ਜਜ਼ਬਾ ਅਕਸਰ ਤਸਵੀਰਾਂ ਦੇ ਰੂਪ ਵਿੱਚ ਟੰਗਿਆ ਰਹਿ ਜਾਂਦਾ ਹੈ ਅਤੇ ਵਰੀ-ਸ਼ਮਾਹੀ ਝਾੜ-ਪੂੰਝ ਕਰਕੇ ਫੁੱਲਾਂ ਦੇ ਹਾਰ ਬਦਲ ਦਿੱਤੇ ਜਾਂਦੇ ਹਨ ਪਰ ਉਹਨਾਂ ਦੇ ਜੀਵਨ ਅਤੇ ਉਨ੍ਹਾਂ ਦੇ ਫ਼ਲਸਫ਼ੇ ਜਿਆਦਾਤਰ ਇਤਿਹਾਸ ਦੇ ਪੰਨਿਆਂ ਵਿੱਚ ਪਏ-ਪਏ ਪੀਲੇ ਹੋ ਰਹੇ ਹਨ।

ਅਜੋਕੇ ਸਮੇਂ ਵਿੱਚ ਤਕਨੀਕ ਦੀ ਬਹੁਤ ਜਿਆਦਾ ਤਰੱਕੀ ਅਤੇ ਵਰਤੋਂ ਦੇ ਕਾਰਨ ਇਹਨਾਂ ਸ਼ਹੀਦਾਂ ਦੀ ਪੁੱਛ-ਪੜਤਾਲ ਕਾਫ਼ੀ ਵੱਧ ਗਈ ਹੈ, ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪ੍ਰੋਫਾਈਲ ਫ਼ੋਟੋ ਲਗਾਉਣ ਤੱਕ ਹੀ ਸੀਮਤ ਹੈ। ਸਾਡੇ ਵਿੱਚੋਂ ਜਿਆਦਾਤਰ ਲੋਕ ਇਹਨਾਂ ਸ਼ਹੀਦਾਂ ਦੇ ਫੈਨ ਹਨ ਅਤੇ ਬਹੁਤ ਪਿਆਰ ਅਤੇ ਇੱਜਤ ਵੀ ਦੇਂਦੇ ਹਨ, ਪਰ ਉਨ੍ਹਾਂ ਵਿਚੋਂ ਜਿਆਦਾਤਰ ਹੀ ਇਤਿਹਾਸ ਦੇ ਪੰਨਿਆਂ ਤੋਂ ਬਿਲਕੁਲ ਅਣਜਾਣ ਹਨ। ਖੈਰ ਸਾਡਾ ਫਰਜ਼ ਬਣਦਾ ਹੈ ਕਿ ਇਹ ਕੋਸ਼ਿਸ਼ ਕੀਤੀ ਜਾਵੇ ਕਿ ਸ਼ਹੀਦਾਂ ਨੂੰ ਸਿਰਫ਼ ਤਸਵੀਰ ਤੱਕ ਸੀਮਤ ਨਾ ਕਰਕੇ ਉਹਨਾਂ ਦੇ ਜੀਵਨ ਨੂੰ ਘੋਖਿਆ ਜਾਵੇ ਅਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਲੋਕਾਂ ਵਿੱਚ ਅਜਿਹਾ ਕੀ ਅਲੱਗ ਸੀ ਜੋ ਕਿ ਸਾਡੇ ਵਿੱਚ ਨਹੀਂ ਹੈ, ਹੈ ਤਾਂ ਉਹ ਵੀ ਇਨਸਾਨ ਸਨ ਅਤੇ ਅਸੀਂ ਵੀ ਇਨਸਾਨ ਹਾਂ ਫਿਰ ਫ਼ਰਕ ਕਿੱਥੇ ਹੈ।

ਕੁਝ ਲੋਕ ਇਹ ਵੀ ਮੰਨਦੇ ਹਨ ਕਿ ਇਹਨਾਂ ਲੋਕਾਂ ਨੂੰ ਰੱਬ ਨੇ ਇਹਨਾਂ ਕੰਮਾਂ ਲਈ ਹੀ ਭੇਜਿਆ ਸੀ ਪਰ ਅਜਿਹਾ ਮੰਨ ਕਿ ਅਸੀਂ ਉਹਨਾਂ ਦੀ ਸੋਚ, ਸੰਕਲਪ, ਸੰਘਰਸ਼, ਦੁੱਖ-ਤਕਲੀਫ਼ਾਂ ਅਤੇ ਮੌਤ ਨੂੰ ਐਨਾ ਛੋਟਾ ਨਹੀਂ ਕਰ ਸਕਦੇ। ਅਸੀਂ ਇਤਿਹਾਸ ਉੱਤੇ ਨਜ਼ਰ ਮਾਰਾਂਗੇ ਅਤੇ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਜੀਵਨ ਵਿਚਲੀਆਂ ਮੁਸ਼ਕਿਲਾਂ ਨੂੰ ਵੀ ਧਿਆਨ ਨਾਲ ਵਾਚਣ ਦੀ ਕੋਸ਼ਿਸ਼ ਕਰਾਂਗੇ।

ਜਨਮ ਅਤੇ ਪਰਿਵਾਰ

ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪਿਤਾ ਟਹਿਲ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪੰਜਾਬ ਦੇ ਛੋਟੇ ਜਿਹੇ ਪਿੰਡ ਸੁਨਾਮ ਵਿੱਚ ਹੋਇਆ।ਊਧਮ ਸਿੰਘ ਦਾ ਜਨਮ ਦਾ ਨਾਮ ਸ਼ੇਰ ਸਿੰਘ ਸੀ ਜੋ ਕਿ ਬਾਅਦ ਵਿੱਚ ਬਦਲਿਆ ਗਿਆ। ਇਤਿਹਾਸਕ ਹਵਾਲਿਆਂ ਤੋਂ ਪਤਾ ਚਲਦਾ ਹੈ ਕਿ ਟਹਿਲ ਸਿੰਘ ਅਤੇ ਉੱਸਦਾ ਪਰਿਵਾਰ ਪੰਜਾਬ ਦਾ ਨਿਵਾਸੀ ਨਹੀਂ ਸੀ, ਉਹ ਉਤਰ ਪ੍ਰਦੇਸ਼ ਤੋਂ ਪੰਜਾਬ ਮਜ਼ਦੂਰੀ ਕਰਨ ਲਈ ਆਏ ਸਨ। ਟਹਿਲ ਸਿੰਘ ਦਾ ਅਸਲੀ ਨਾ ਚੂਹੜ ਰਾਮ ਅਤੇ ਹਰਨਾਮ ਕੌਰ ਦਾ ਨਾਮ ਨਾਰਾਇਨੀ ਦੇਵੀ ਸੀ। ਟਹਿਲ ਸਿੰਘ ਅਤੇ ਉੱਸਦਾ ਪਰਿਵਾਰ ਸੁਨਾਮ ਵਿੱਚ ਸਰਦਾਰ ਧੰਨਾ ਸਿੰਘ ਕੋਲ ਕੰਮ ਕਰਨ ਲੱਗ ਗਿਆ, ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਸੀ। ਇਥੇ ਹੀ ਸ:ਧੰਨਾ ਸਿੰਘ ਅਤੇ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕਿ ਸਿੱਖ ਧਰਮ ਵਿੱਚ ਆ ਗਏ ਅਤੇ ਉਹਨਾਂ ਨੂੰ ਨਵੇਂ ਨਾਮ ਮਿਲ ਗਏ ਜਿੰਨ੍ਹਾਂ ਨਾਵਾਂ ਨਾਲ ਅਸੀਂ ਅੱਜ ਉਹਨਾਂ ਨੂੰ ਜਾਣਦੇ ਹਾਂ।

ਬਾਅਦ ਵਿੱਚ ਟਹਿਲ ਸਿੰਘ ਨੂੰ ਉਪਲੀ ਪਿੰਡ ਦੇ ਰੇਲਵੇ ਫਾਟਕ ਦੇ ਚੌਂਕੀਦਾਰ ਦੀ ਨੌਕਰੀ ਮਿਲ ਗਈ ਜੋ ਕਿ ਸੁਨਾਮ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸੀ। ਨੌਕਰੀ ਮਿਲਣ ਤੋਂ ਬਾਅਦ ਟਹਿਲ ਸਿੰਘ ਅਤੇ ਉਸਦਾ ਪਰਵਾਰ ਜਿਸ ਘਰ ਵਿੱਚ ਰਹਿੰਦਾ ਸੀ ਇਹ ਉਹੀ ਘਰ ਸੀ ਜਿਸ ਵਿੱਚ ਊਧਮ ਸਿੰਘ ਦਾ ਜਨਮ ਹੋਇਆ। ਊਧਮ ਸਿੰਘ ਦਾ ਇਕ ਵੱਡਾ ਭਰਾ ਸੀ ਜਿਸਦਾ ਨਾਮ ਮੁਕਤਾ ਸਿੰਘ ਜੀ ਜੋ ਬਾਅਦ ਵਿੱਚ ਬਦਲ ਕੇ ਸਾਧੂ ਸਿੰਘ ਹੋ ਗਿਆ।

ਸ਼ਹੀਦ ਊਧਮ ਸਿੰਘ | Facts About Shaheed Udham Singh

ਖਾਲਸਾ ਸੇੰਟ੍ਰਲ ਯਤੀਮਖ਼ਾਨਾ ਪੁਤਲੀਘਰ ਅੰਮ੍ਰਿਤਸਰ

ਜਦ ਊਧਮ ਸਿੰਘ ਦੀ ਉਮਰ 2 ਸਾਲ ਸੀ ਤਾਂ 1901 ਵਿੱਚ ਮਾਤਾ ਦਾ ਦੇਹਾਂਤ ਹੋ ਗਿਆ ਅਤੇ ਉਸਤੋਂ ਕੁਝ ਸਾਲ ਪਿੱਛੋਂ 1907 ਵਿੱਚ ਪਿਤਾ ਵੀ ਅਕਾਲ ਚਲਾਣਾ ਕਰ ਗਏ। ਐਨੀ ਛੋਟੀ ਉਮਰ ਵਿੱਚ ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਠਣ ਮਗਰੋਂ ਦੋਨਾਂ ਭਰਾਵਾਂ ਨੂੰ 24 ਅਕਤੂਬਰ 1907 ਵਿੱਚ ਖਾਲਸਾ ਸੇੰਟ੍ਰਲ ਯਤੀਮਖ਼ਾਨਾ ਪੁਤਲੀਘਰ ਅੰਮ੍ਰਿਤਸਰ ਵਿੱਚ ਦਾਖ਼ਲ ਕਰਾ ਦਿੱਤਾ ਗਿਆ। ਇਸੇ ਜਗ੍ਹਾ ਤੇ ਹੀ ਦਾਖਲੇ ਦੇ ਸਮੇਂ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਨਾਮ ਦੇ ਦਿੱਤੇ ਗਏ। ਇਸ ਜਗਾਹ ਤੇ ਰਹਿ ਕੇ ਕਿ ਊਧਮ ਸਿੰਘ ਨੇ ਪੜਾਈ ਦੇ ਨਾਲ-ਨਾਲ ਲੱਕੜੀ ਦਾ ਕੰਮ, ਸਾਇਨ ਬੋਰਡ ਲਿਖਣੇ ਅਤੇ ਸੰਗੀਤ ਆਦਿ ਵਿੱਚ ਵੀ ਮੁਹਾਰਤ ਹਾਸਿਲ ਕੀਤੀ।

ਯਤੀਮਖਾਨੇ ਦੇ ਰਸੋਈਏ ਪੰਡਿਤ ਜੈ ਚੰਦ ਜੋ ਕਿ ਬਹੁਤ ਕ੍ਰਾਂਤੀਕਾਰੀ ਵਿਚਾਰਾਂ ਦੇ ਸਨ, ਉਹ ਬੱਚਿਆਂ ਨੂੰ ਅਕਸਰ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜਾਣੂ ਕਰਾਉਂਦੇ ਰਹਿੰਦੇ ਸਨ ਜਿਨ੍ਹਾਂ ਦਾ ਊਧਮ ਸਿੰਘ ਉੱਤੇ ਬਹੁਤ ਪ੍ਰਭਾਵ ਸੀ। ਇਹ ਵੀ ਕਿਹਾ ਜਾ ਸਕਦਾ ਹੈ ਜੈ ਚੰਦ ਨੇ ਹੀ ਕ੍ਰਾਂਤੀ ਦਾ ਬੂਟਾ ਊਧਮ ਸਿੰਘ ਦੇ ਦਿਲ ਵਿੱਚ ਲਾਇਆ ਸੀ। 1913 ਦੇ ਆਸਪਾਸ ਊਧਮ ਸਿੰਘ ਦਾ ਭਰਾ ਸਾਧੂ ਸਿੰਘ, ਸਾਧੂਆਂ ਦੇ ਇਕ ਟੋਲੇ ਨਾਲ ਚਲਾ ਗਿਆ ਅਤੇ ਕਦੇ ਮੁੜ ਕੇ ਨਹੀਂ ਆਇਆ ਬਾਅਦ ਵਿੱਚ 1917 ਵਿੱਚ ਉਸਦੀ ਮੌਤ ਦੀ ਖ਼ਬਰ ਆਈ। 1918 ਵਿੱਚ ਊਧਮ ਸਿੰਘ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਯਤੀਮਖ਼ਾਨਾ ਛੱਡ ਕੇ ਲੱਕੜੀ ਦਾ ਕੰਮ ਕਰਨ ਲੱਗਾ ਅਤੇ ਨਾਲ-ਨਾਲ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਵੱਧ-ਚੜ ਕੇ ਹਿੱਸਾ ਲੈਣ ਲੱਗਾ।

ਅੰਗਰੇਜ਼ੀ ਸਰਕਾਰ ਦਾ ਜ਼ੁਲਮ

ਇਧਰ ਅੰਗਰੇਜ਼ੀ ਸਰਕਾਰ ਵੀ ਦੀਨੋ-ਦਿਨ ਲੋਕਾਂ ਨੂੰ ਤੰਗ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭਣ ਵਿੱਚ ਲੱਗੀ ਹੋਈ ਸੀ, ਸਰਕਾਰ ਨੇ 1914 ਵਿਚ ਰੋਲਟ ਐਕਟ ਪਾਸ ਕੀਤਾ ਜਿਸ ਅਨੁਸਾਰ ਉਹ ਬਿਨਾ ਕਿਸੇ ਕਸੂਰ ਬਿਨਾ ਕਿਸੇ ਕਾਰਵਾਈ ਦੇ ਕਿਸੇ ਨੂੰ ਵੀ ਗਿਰਫ਼ਤਾਰ ਕਰ ਸਕਦੀ ਸੀ ਅਤੇ ਗਿਰਫਤਾਰੀ ਦੇ ਖਿਲਾਫ ਅਪੀਲ ਕਰਨ ਦਾ ਹਕ਼ ਨਹੀਂ ਸੀ। ਇਸ ਗੱਲ ਦਾ ਵਿਰੋਧ ਭਾਰਤੀ ਲੀਡਰ ਅਤੇ ਲੋਕ ਬਹੁਤ ਵੱਡੇ ਪੈਮਾਨੇ ਤੇ ਕਰ ਰਹੇ ਸਨ। ਇਸ ਐਕਟ ਦੇ ਵਿਰੋਧ ਵਿੱਚ ਡਾਕਟਰ ਸੈਫ਼ੁਦੀਨ ਕਿਚਲੂ ਅਤੇ ਡਾਕਟਰ ਸਤਿਪਾਲ ਨੂੰ ਗਿਰਫ਼ਤਾਰ ਕਰ ਲਿਆ ਗਿਆ ਕਿਉਂਕ ਉਹ ਰੋਲਟ ਐਕਟ ਦੇ ਵਿਰੋਧ ਵਿੱਚ ਸਰਕਾਰ ਸਾਹਮਣੇ ਇਸਨੂੰ ਨਾਜਾਇਜ਼ ਠਹਿਰਾ ਰਹੇ ਸਨ ਅਤੇ ਲੋਕ ਬਹੁਤ ਵੱਡੀ ਮਾਤਰਾ ਵਿੱਚ ਉਨ੍ਹਾਂ ਨੂੰ ਸਮਰਥਨ ਦੇ ਰਹੇ ਸਨ।

13 ਅਪ੍ਰੈਲ 1919 ਜਲਿਆਂਵਾਲਾ ਬਾਗ ਗੋਲੀ ਕਾਂਡ

13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਤਕਰੀਬਨ 20000 ਦੇ ਕਰੀਬ ਲੋਕ ਜਲਿਆਂਵਾਲੇ ਬਾਗ਼ ਵਿੱਚ ਇਕੱਠੇ ਹੋਏ ਸਨ ਜਿੱਥੇ ਅਲੱਗ-ਅਲੱਗ ਲੀਡਰ ਰੋਲਟ ਐਕਟ, ਦੇਸ਼ ਦੇ ਹਾਲਾਤਾਂ ਉੱਤੇ ਅਤੇ ਡਾਕਟਰ ਸੈਫ਼ੁਦੀਨ ਕਿਚਲੂ ਅਤੇ ਡਾਕਟਰ ਸਤਿਪਾਲ ਦੀ ਗ੍ਰਿਫਤਾਰੀ ਦੇ ਖਿਲਾਫ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਜਲਿਆਂਵਾਲਾ ਬਾਗ਼ ਦਰਬਾਰ ਸਾਹਿਬ ਤੋਂ ਕੁਝ ਕੁ ਦੂਰੀ ਤੇ ਹੀ ਹੋਣ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਲੋਕ ਵੀ ਜਲਿਆਂਵਾਲੇ ਬਾਗ਼ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਸਮੇਂ ਊਧਮ ਸਿੰਘ ਅਤੇ ਉਸਦੇ ਸਾਥੀ ਜਲਿਆਂਵਾਲੇ ਬਾਗ਼ ਵਿਚ ਆਈ ਸੰਗਤ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਸਭ ਕੁਝ ਸ਼ਾਂਤਮਈ ਤਰੀਕ ਨਾਲ ਬਿਲਕੁਲ ਠੀਕ-ਠਾਕ ਚਲ ਰਿਹਾ ਸੀ।

ਸ਼ਾਮ 5:15 ਵਜੇ ਦੇ ਕਰੀਬ ਅੰਗਰੇਜ਼ੀ ਸਿਪਾਹੀਆਂ ਦਾ ਦਸਤਾ ਜਿਸ ਵਿੱਚ 90 ਦੇ ਕਰੀਬ ਸਿਪਾਹੀ ਸਨ ਜਿਨ੍ਹਾਂ ਦੀ ਅਗਵਾਹੀ ਜਰਨਲ ਡਾਇਰ ਕਰ ਰਿਹਾ ਸੀ ਬਾਗ਼ ਵਿਚ ਆ ਗਏ ਅਤੇ ਹਮਲਾ ਕਰਨ ਲਈ ਤਾਇਨਾਤ ਹੋ ਗਏ। ਭੀੜ ਵਿੱਚ ਭਗਦੜ ਮੱਚ ਗਈ, ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਜਰਨਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਲੋਕਾਂ ਨੇ ਜਾਨ ਬਚਾਉਣ ਲਈ ਇਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ, ਜਲਿਆਂਵਾਲੇ ਬਾਗ਼ ਵਿੱਚ ਦਾਖਲ ਹੋਣ ਲਈ ਇਕ ਹੀ ਰਸਤਾ ਹੈ ਅਤੇ ਉਸ ਵਿੱਚ ਵੀ ਤੋਪ ਲਗਾ ਦਿੱਤੀ ਗਈ ਇਸ ਲਈ ਲੋਕਾਂ ਕੋਲ ਜਾਣ ਬਚਾਉਣ ਦਾ ਕੋਈ ਰਾਹ ਨਹੀਂ ਸੀ, ਲੋਕਾਂ ਨੇ ਜਾਣ ਬਚਾਉਣ ਲਈ ਖੂਹ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਖੂਹ ਲੋਕਾਂ ਨਾਲ ਹੀ ਭਰ ਗਿਆ।

ਇਕ ਸਰਕਾਰੀ ਅਨੁਮਾਨ ਮੁਤਾਬਿਕ 120 ਲਾਸ਼ਾਂ ਖੂਹ ਵਿਚੋਂ ਕੱਢੀਆਂ ਗਈਆ ਸਨ। ਚਾਰੇ ਪਾਸੇ ਗੋਲੀਆਂ ਅਤੇ ਚੀਕਾਂ ਦੀ ਆਵਾਜ਼ ਗੂੰਜ ਰਹੀ ਸੀ। 10 ਮਿੰਟ ਵਿੱਚ ਲਗਭਗ 1650 ਗੋਲੀਆਂ ਚਲਾਈਆਂ ਗਈਆਂ ਅਤੇ ਮਰਨ ਵਾਲਿਆਂ ਦੀ ਗਿਣਤੀ 1500 ਤੋਂ ਜਿਆਦਾ ਸੀ। ਊਧਮ ਸਿੰਘ ਇਸ ਹਾਦਸੇ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ, ਉਸਦੇ ਦੇਖਦਿਆਂ ਹੀ ਦੇਖਦਿਆਂ ਹਰ ਪਾਸੇ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਮਾਤਮ ਛਾ ਗਿਆ। ਇਸ ਘਟਨਾ ਨੇ ਊਧਮ ਸਿੰਘ ਦੇ ਮਨ ਉੱਤੇ ਏਨਾ ਅਸਰ ਕੀਤਾ ਕਿ ਜਿਵੇਂ ਉਸਦੀ ਪੂਰੀ ਜ਼ਿੰਦਗੀ ਹੀ ਬਦਲ ਗਈ ਹੋਵੇ, ਉਸਨੇ ਜਲਿਆਂਵਾਲੇ ਬਾਗ਼ ਦੇ ਸ਼ਹੀਦਾਂ ਦੀ ਜਾਨ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਅਤੇ ਸੌਂਹ ਖਾਧੀ ਕਿ ਜਦ ਤੱਕ ਉਹ ਆਪਣੇ ਦੇਸ਼ ਵਾਸੀਆਂ ਦੇ ਖੂਨ ਅਤੇ ਦੇਸ਼ ਦੀ ਹੋਈ ਬੇਇਜਤੀ ਦਾ ਬਦਲਾ ਨਹੀਂ ਲੈ ਲੈਂਦਾ ਉਸਨੂੰ ਚੈਨ ਨਹੀਂ ਮਿਲ ਸਕਦਾ।

ਊਧਮ ਸਿੰਘ ਦੇ ਵੱਖ-ਵੱਖ ਨਾਮ

ਘਟਨਾ ਤੋਂ ਕੁਝ ਦਿਨ ਮਗਰੋਂ 22 ਅਪ੍ਰੈਲ 1919 ਨੂੰ ਉਹ ਕਸ਼ਮੀਰ ਦੇ ਇਲਾਕੇ ਬਾਰਾਮੂਲਾ ਵਿੱਚ ਰਹਿਣ ਲੱਗ ਗਿਆ ਅਤੇ ਇੱਕ ਫਰਨੀਚਰ ਦੀ ਦੁਕਾਨ ਤੇ ਕੰਮ ਕਰਨ ਲੱਗ ਗਿਆ। ਬਾਅਦ ਵਿੱਚ ਨਵੰਬਰ 1919 ਵਿੱਚ ਉਹ ਅੰਮ੍ਰਿਤਸਰ ਆ ਕੇ ਕੰਮ ਕਰਨ ਲੱਗ ਗਿਆ ਅਤੇ ਮਜਦੂਰਾਂ ਦੇ ਇਕ ਝੁੰਡ ਵਿੱਚ ਸ਼ਾਮਿਲ ਹੋ ਕੇ ਕੁਝ ਦਿਨਾਂ ਬਾਅਦ ਦੱਖਣੀ ਅਫਰੀਕਾ ਪਹੰਚ ਗਿਆ। ਏਥੇ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਇਕ ਸਮੁੰਦਰੀ ਜਹਾਜ਼ ਵਿੱਚ ਕੰਮ ਕਰਦੇ ਹੋਏ ਅਮਰੀਕਾ ਪਹੰਚ ਗਿਆ। ਉਹ ਦੁਨੀਆਂ ਦੇ ਜਿਸ ਵੀ ਦੇਸ਼ ਵਿੱਚ ਜਾਂਦਾ ਦੇਸ਼ ਭਗਤੀ ਅਤੇ ਕ੍ਰਾਂਤੀ ਦਾ ਪ੍ਰਚਾਰ ਕਰਦਾ ਹੋਇਆ ਆਪਣੀ ਮੰਜ਼ਿਲ ਨੂੰ ਹਾਸਿਲ ਕਰਨ ਲਈ ਹਮੇਸ਼ਾ ਸੋਚਦਾ ਰਹਿੰਦਾ।ਊਧਮ ਸਿੰਘ ਕਈ ਨਾਵਾਂ ਨਾਲ ਜਾਣਿਆ ਜਾਂਦਾ ਸੀ, ਹਰ ਜਗਾਹ ਨਵਾਂ ਨਾਮ, ਜਿਵੇਂ ਊਧਮ ਸਿੰਘ, ਉਦੈ ਸਿੰਘ, ਸ਼ੇਰ ਸਿੰਘ, ਫਰੈਂਕ ਬ੍ਰਾਜ਼ੀਲ ਆਦਿ।

ਲਾਲਾ ਹਰਦਿਆਲ ਨਾਲ ਮੁਲਾਕਾਤ

ਅਮਰੀਕਾ ਪਹੰਚ ਕੇ ਊਧਮ ਸਿੰਘ ਦੀ ਮੁਲਾਕਾਤ ਲਾਲਾ ਹਰਦਿਆਲ ਨਾਲ ਹੋਈ ਜੋ ਕਿ ਗ਼ਦਰ ਪਾਰਟੀ ਦੇ ਚੀਫ਼ ਸਨ। ਉਹਨਾਂ ਦੇ ਨਾਲ ਰਹਿ ਕਿ ਹੋਰ ਸਾਥੀਆਂ ਨੂੰ ਮਿਲ ਕੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਦੇ ਰਹੇ। ਹਥਿਆਰਾਂ ਬਾਰੇ ਜਾਣਕਾਰੀ ਲਈ ਅਤੇ ਨਿਸ਼ਾਨੇਬਾਜ਼ੀ ਵਿੱਚ ਮਹਾਰਤ ਹਾਸਿਲ ਕੀਤੀ। ਲਾਲਾ ਹਰਦਿਆਲ ਨੇ ਸਲਾਹ ਦਿੱਤੀ ਕਿ ਉਸਨੂੰ ਇੰਗਲੈਂਡ ਜਾਣਾ ਚਾਹੀਦਾ ਹੈ ਕਿਉਂਕ ਉਸਦਾ ਸ਼ਿਕਾਰ ਰਿਟਾਇਰ ਹੋਣ ਤੋਂ ਬਾਅਦ ਇੰਗਲੈਂਡ ਵਿੱਚ ਹੀ ਰਹਿ ਰਿਹਾ ਸੀ।

ਭਗਤ ਸਿੰਘ ਨਾਲ ਮੁਲਾਕਾਤ

1923 ਵਿੱਚ ਊਧਮ ਸਿੰਘ, ਭਗਤ ਸਿੰਘ ਦੇ ਬੁਲਾਉਣ ਤੇ ਭਾਰਤ ਵਾਪਸ ਆ ਗਿਆ, ਭਾਰਤ ਆ ਕੇ ਊਧਮ ਸਿੰਘ ਨੇ ਲਾਲਾ ਲਾਜਪਤ ਰਾਏ ਦੇ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ ਅਤੇ ਆਪਣੀ ਐਫ.ਏ ਪੂਰੀ ਕੀਤੀ ਅਤੇ ਇਸਤੋਂ ਬਾਅਦ ਬੀ.ਏ ਕਰਨੀ ਸ਼ੁਰੂ ਕਰ ਦਿੱਤੀ। ਨੈਸ਼ਨਲ ਕਾਲਜ ਵਿੱਚ ਉਸ ਸਮੇਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੁਰੀਂ ਵੀ ਪੜ੍ਹ ਰਹੇ ਸਨ ਇਹ ਜਗ੍ਹਾ ਕ੍ਰਾਂਤੀਕਾਰੀਆਂ ਦਾ ਗੜ੍ਹ ਸੀ। ਸਭ ਮਿਲਕੇ ਇਥੇ ਆਜ਼ਾਦੀ ਦੇ ਸੁਪਨੇ ਦੇਖਦੇ, ਅੰਗਰੇਜਾਂ ਖ਼ਿਲਾਫ਼ ਲੜਾਈ ਦੀਆਂ ਸਕੀਮਾਂ ਬਣਾਉਂਦੇ, ਮੁੱਖ ਤੌਰ ਤੇ ਆਜ਼ਾਦੀ ਦੀ ਲੜਾਈ ਦਾ ਮੁੱਖ ਸਥਾਨ ਸੀ।

ਕੁਝ ਸਮੇਂ ਬਾਅਦ ਊਧਮ ਸਿੰਘ ਵਾਪਸ ਇੰਗਲੈਂਡ ਚਲਾ ਗਿਆ ਅਤੇ ਉਥੇ ਜਾ ਕਿ ਗ਼ਦਰ ਪਾਰਟੀ ਨਾਲ ਮਿਲਕੇ ਸੰਘਰਸ਼ ਜਾਰੀ ਰੱਖਿਆ। 1927 ਵਿੱਚ ਭਗਤ ਸਿੰਘ ਦੇ ਬੁਲਾਉਣ ਉੱਤੇ ਉਹ ਫਿਰ ਵਾਪਸ ਲਾਹੌਰ ਆ ਗਿਆ। ਊਧਮ ਸਿੰਘ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ਇਸ ਲਈ ਉਸਦੀ ਕਹੀ ਕੋਈ ਵੀ ਗੱਲ ਨਹੀਂ ਮੋੜਦਾ ਸੀ। ਸੰਘਰਸ਼ ਜੋਰਾਂ ਤੇ ਸੀ, ਪਿੰਡ ਪਿੰਡ ਜਾ ਕੇ ਆਜ਼ਾਦੀ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਸੀ, ਸਰਕਾਰ ਖਿਲਾਫ ਸਿਧੇ ਅਸਿਧੇ ਤਰੀਕੇ ਨਾਲ ਹਰ ਮੁਮਕਿਨ ਮੁਹਿੰਮ ਚਲਦੀ ਸੀ। ਇਸੇ ਦੌਰਾਨ ਊਧਮ ਸਿੰਘ ਨੂੰ ਗੈਰ ਕਨੂੰਨੀ ਤੌਰ ਤੇ ਗੋਲਾ-ਬਾਰੂਦ, ਪਿਸਤੌਲ ਅਤੇ ਪਾਬੰਦੀ ਸ਼ੁਦਾ ਸਾਹਿਤ ਰੱਖਣ ਦੇ ਜੁਰਮ ਵਿੱਚ ਗਿਰਫ਼ਤਾਰ ਕਰ ਲਿਆ ਗਿਆ। ਉਸਨੂੰ 28 ਸਤੰਬਰ 1928 ਤੋਂ 23 ਸਤੰਬਰ 1932 ਤੱਕ 5 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਸਨੂੰ ਸੇੰਟ੍ਰਲ ਜੇਲ ਮੁਲਤਾਨ ਅਤੇ ਰਾਵਲਪਿੰਡੀ ਵਿੱਚ ਰੱਖਿਆ ਗਿਆ।

ਜੇਲ ਵਿਚ 27 ਦਸੰਬਰ 1928 ਨੂੰ ਉਸਨੂੰ ਖ਼ਬਰ ਮਿਲੀ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਾਲਾ ਲਾਜਪਤ ਰਾਏ ਦੇ ਕਾਤਿਲ ਜੇ.ਪੀ.ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ ਹੈ। ਊਧਮ ਸਿੰਘ ਬਹੁਤ ਖੁਸ਼ ਹੋਇਆ ਕਿ ਉਸਦੇ ਸਾਥੀਆਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਦਿੱਤਾ। ਪਰ ਉਸਦੀ ਵਾਰੀ ਹਾਲੇ ਬਾਕੀ ਸੀ। ਜੇਲ ਵਿਚੋਂ ਰਿਹਾ ਹੋਣ ਤੋਂ ਬਾਅਦ ਕੁਝ ਸਮਾਂ ਜੰਮੂ ਕਸ਼ਮੀਰ ਵਿੱਚ ਬਿਤਾਉਣ ਤੋਂ ਬਾਅਦ 1933 ਵਿਚ ਵਾਪਸ ਲੰਡਨ ਆ ਗਿਆ। ਇਥੇ ਉਹ ਥੋੜਾ ਸਮਾਂ ਸ਼ਿਫਰਡ ਬੁਸ਼ ਗੁਰਦਵਾਰਾ ਵਿੱਚ ਰਿਹਾ ਅਤੇ ਟੈਕਸੀ ਡਰਾਈਵਰ ਦਾ ਕੰਮ ਕਰਨ ਲੱਗ ਗਿਆ।

ਕਾਫ਼ੀ ਸੰਘਰਸ਼ ਤੋਂ ਬਾਅਦ ਜਿਵੇਂ-ਕਿਵੇਂ ਉਸਨੇ ਮਾਇਕਲ ਉਡਵਾਇਰ ਨੂੰ ਲੱਭ ਲਿਆ। ਊਧਮ ਸਿੰਘ ਨੂੰ ਕੁਝ ਸਾਲ ਪਹਿਲਾਂ ਪਤਾ ਲੱਗਾ ਸੀ ਕਿ ਜਲਿਆਂਵਾਲੇ ਬਾਗ਼ ਦੀ ਘਟਨਾ ਦੇ ਹੁਕਮ ਦੇਣ ਵਾਲਾ ਮਾਇਕਲ ਉਡਵਾਇਰ ਸੀ ਉਹ ਪੰਜਾਬੀਆਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਕੋਈ ਵੀ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨ ਤੋਂ ਡਰੇ ਇਸ ਲਈ ਉਸਨੇ ਜਰਨਲ ਡਾਇਰ ਨੂੰ ਜਲਿਆਂਵਾਲੇ ਬਾਗ਼ ਭੇਜਿਆ ਸੀ। ਜਰਨਲ ਡਾਇਰ 1927 ਵਿੱਚ ਬਿਮਾਰੀ ਦੀ ਹਾਲਤ ਵਿੱਚ ਮਰ ਗਿਆ ਸੀ ਇਸ ਲਈ ਊਧਮ ਸਿੰਘ ਨੇ ਜਰਨਲ ਡਾਇਰ ਦੀ ਜਗ੍ਹਾ ਮਾਇਕਲ ਉਡਵਾਇਰ ਨੂੰ ਮਾਰਨ ਦਾ ਫੈਸਲਾ ਕਰ ਲਿਆ ਸੀ, ਕਿਉਂਕ ਉਹ ਜਾਣ ਚੁਕਾ ਸੀ ਕਿ ਮੁੱਖ ਦੋਸ਼ੀ ਵੀ ਇਹੀ ਹੈ।

ਊਧਮ ਸਿੰਘ ਮਾਇਕਲ ਉਡਵਾਇਰ ਦਾ ਡਰਾਈਵਰ ਬਣਨ ਵਿੱਚ ਕਾਮਯਾਬ ਹੋ ਗਿਆ ਅਤੇ ਕਾਫੀ ਸਮਾਂ ਉਸ ਲਈ ਕੰਮ ਕਰਦਾ ਰਿਹਾ। ਇਸ ਦੌਰਾਨ ਊਧਮ ਸਿੰਘ ਨੂੰ ਉਡਵਾਇਰ ਨੂੰ ਮਾਰਨ ਦੇ ਕਈ ਮੌਕੇ ਮਿਲੇ ਪਰ ਉਹ ਇਸ ਤਰਾਂ ਉਸਨੂੰ ਨਹੀਂ ਮਾਰਨਾ ਚਾਉਂਦਾ ਸੀ, ਉਹ ਸਮਝਦਾ ਸੀ ਕਿ ਅਗਰ ਇੰਜ ਉਸਨੂੰ ਮਾਰਿਆ ਤਾਂ ਲੋਕਾਂ ਨੇ ਸਮਝਣਾ ਕਿ ਇਕ ਕਾਲੇ ਨੌਕਰ ਨੇ ਗੋਰੇ ਅੰਗਰੇਜ ਨੂੰ ਮਾਰ ਦਿੱਤਾ ਅਤੇ ਇਸ ਗੱਲ ਦਾ ਹੋਰ ਮਤਲਬ ਨਿਕਲ ਆਉਣਾ। ਉਹ ਚਾਹੁੰਦਾ ਸੀ ਕਿ ਉਡਵਾਇਰ ਨੂੰ ਅਜਿਹੀ ਜਗਾਹ ਤੇ ਮਾਰਿਆ ਜਾਵੇ ਜਿਥੇ ਪੂਰੀ ਦੁਨੀਆਂ ਨੂੰ ਪਤਾ ਲੱਗੇ ਕਿ ਜਲਿਆਂਵਾਲੇ ਬਾਗ਼ ਦੇ ਕਾਤਿਲ ਨੂੰ ਉਸਦੀ ਸਜ਼ਾ ਦੇ ਦਿੱਤੀ ਗਈ ਹੈ।

ਉਹ ਸਹੀ ਮੌਕੇ ਦੀ ਤਲਾਸ਼ ਕਰਨ ਲੱਗਾ ਜੋ ਕਿ ਉਸਨੂੰ ਮਿਲਿਆ 12 ਮਾਰਚ 1940 ਨੂੰ, 21 ਸਾਲਾਂ ਦੀ ਸਖਤ ਮਿਹਨਤ ਅਤੇ ਤਪਸਿਆ ਤੋਂ ਬਾਅਦ ਉਹ ਮੌਕਾ ਹੱਥ ਲੱਗਾ।ਉਸਨੇ ਇੰਡਿਯਨ ਰੈਸਟੋਰੈਂਟ ਵਿੱਚ ਜਿਥੇ ਕਿ ਕਾਫੀ ਭਾਰਤੀ ਆਉਂਦੇ ਸਨ ਅਤੇ ਗ਼ਦਰ ਪਾਰਟੀ ਦੀਆਂ ਮੀਟਿੰਗ ਵੀ ਇਥੇ ਹੀ ਹੁੰਦੀਆਂ ਸਨ, ਖੁਸ਼ੀ ਜਾਹਿਰ ਕਰਦੇ ਹੋਏ ਆਪਣੇ ਸਾਥੀਆਂ ਅਤੇ ਦੂਜੇ ਲੋਕਾਂ ਵਿਚ ਲੱਡੂ ਵੰਡੇ। ਸਭ ਦੇ ਪੁੱਛਣ ਤੇ ਉਸਨੇ ਜਵਾਬ ਦਿੱਤਾ ਕਿ ਕੱਲ ਦੇ ਅਖ਼ਬਾਰ ਵਿੱਚ ਸਭ ਪ੍ਰਕਾਸ਼ਿਤ ਹੋ ਜਾਵੇਗਾ ਅਤੇ ਮੇਰੀ ਖੁਸ਼ੀ ਦਾ ਕਾਰਨ ਵੀ ਸਭ ਨੂੰ ਪਤਾ ਲੱਗ ਜਾਵੇਗਾ।

ਮਾਇਕਲ ਓਡਵਾਇਰ ਦਾ ਕਤਲ ਅਤੇ ਗ੍ਰਿਫਤਾਰੀ

13 ਮਾਰਚ 1940, ਊਧਮ ਸਿੰਘ ਪੂਰੀ ਤਿਆਰੀ ਨਾਲ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕਰਕੇ ਲੰਡਨ ਦੇ ਕੇਕਸਟਨ ਹਾਲ(caxton hall) ਵੱਲ ਤੁਰ ਪਿਆ ਜਿਥੇ ਈਸਟ ਇੰਡੀਆ ਕੰਪਨੀ ਅਤੇ ਰਾਇਲ ਸੇੰਟ੍ਰਲ ਏਸ਼ੀਆ ਸੋਸਾਇਟੀ ਦੀ ਮੀਟਿੰਗ ਹੋ ਰਹੀ ਸੀ। ਊਧਮ ਸਿੰਘ ਨੇ ਇਕ ਮੋਟੀ ਕਿਤਾਬ(ਕੁਝ ਹਵਾਲਿਆਂ ਅਨੁਸਾਰ ਵਾਰਿਸ ਸ਼ਾਹ ਦੀ ਹੀਰ) ਦੇ ਵਰਕਿਆਂ ਨੂੰ ਰਿਵਾਲਵਰ ਵਾਂਗੂ ਕੱਟ ਕਿ ਉਸ ਵਿੱਚ ਰਿਵਾਲਵਰ ਲੁਕੋ ਕੇ ਪੂਰੇ ਆਤਮਵਿਸ਼ਵਾਸ ਨਾਲ ਹਾਲ ਵਿੱਚ ਦਾਖਿਲ ਹੋ ਗਿਆ।

ਸਭ ਲੀਡਰਾਂ ਦੇ ਭਾਸ਼ਣ ਤੋਂ ਬਾਅਦ ਮਾਇਕਲ ਉਡਵਾਇਰ ਸਟੇਜ ਤੇ ਆਇਆ ਅਤੇ ਬੋਲਣਾ ਸ਼ੁਰੂ ਕੀਤਾ ਐਨੇ ਨੂੰ ਊਧਮ ਸਿੰਘ ਨੇ ਰਿਵਾਲਵਰ ਕੱਢਿਆ ਅਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, 2 ਗੋਲੀਆਂ ਮਾਇਕਲ ਉਡਵਾਇਰ ਨੂੰ ਲੱਗੀਆਂ ਅਤੇ ਉਹ ਮੌਕੇ ਤੇ ਹੀ ਮਰ ਗਿਆ। ਇਕ ਗੋਲੀ ਲਾਰਡ ਜੇਟਲੈਂਡ ਜੋ ਕਿ ਇੰਡੀਆ ਸਟੇਟ ਦਾ ਸਕੱਤਰ ਸੀ ਅਤੇ ਇਕ ਗੋਲੀ ਲੂਈਸ ਡੇਨ ਨੂੰ ਲੱਗੀ, ਦੋਨੋ ਘਾਇਲ ਹੋ ਗਏ ਪਰ ਜਾਨ ਬਚ ਗਈ। ਊਧਮ ਸਿੰਘ ਨੇ ਓਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਗਿਫਤਾਰੀ ਦੇ ਦਿੱਤੀ ਅਤੇ ਕਿਹਾ ਕਿ ਅੱਜ ਉਸਨੇ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰ ਲਿਆ ਹੈ। 21 ਸਾਲ ਜਿਸ ਪਾਪੀ ਦਾ ਪਿੱਛਾ ਕਰਦੇ ਕਰਦੇ ਪੂਰੀ ਦੁਨੀਆਂ ਫਿਰੀ ਹੈ ਅੱਜ ਉਸਨੂੰ ਮਾਰ ਕੇ ਮੈਂ ਆਪਣੇ ਦੇਸ਼ਵਾਸੀਆਂ ਅਤੇ ਦੇਸ਼ ਦੀ ਬੇਜਤੀ ਦਾ ਬਦਲਾ ਲੈ ਲਿਆ ਹੈ। ਉਹਨਾਂ ਹਜ਼ਾਰਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ ਜੋ ਬਿਨਾਂ ਕਿਸੇ ਕਾਰਨ ਮਾਰ ਦਿੱਤੇ ਗਏ ਸੀ।

ਭਰਾਤ ਵਿੱਚ ਊਧਮ ਸਿੰਘ ਦੀ ਗੂੰਜ ਅਤੇ ਗਾਂਧੀ ਦਾ ਬਿਆਨ

ਜਦੋਂ ਹੀ ਇਹ ਗੱਲ ਭਾਰਤ ਪਹੁੰਚੀ ਤਾਂ ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ, ਊਧਮ ਸਿੰਘ ਦਾ ਨਾਮ ਹਰ ਕਿਸੇ ਦੀ ਜੁਬਾਨ ਤੇ ਸੀ, ਸਭ ਜਗ੍ਹਾ ਲੱਡੂ ਵੰਡੇ ਗਏ। ਪਰ ਜਿੱਥੇ ਇਕ ਪਾਸੇ ਖੁਸ਼ੀ ਅਤੇ ਦੇਸ਼ ਭਗਤੀ ਨਾਲ ਅਸਮਾਨ ਤੱਕ ਊਧਮ ਸਿੰਘ ਦਾ ਨਾਮ ਗੂੰਜ ਰਿਹਾ ਸੀ ਦੂਜੇ ਪਾਸੇ ਕਾਂਗਰਸ ਅਤੇ ਮਹਾਤਮਾ ਗਾਂਧੀ ਇਸ ਗੱਲ ਦੀ ਨਿੰਦਾ ਕਰ ਰਹੇ ਸਨ ਕਿ ਕਿਸੇ ਪਾਗਲ ਭਾਰਤੀ ਦੀ ਇਸ ਹਰਕਤ ਦਾ ਉਹਨਾਂ ਨੂੰ ਬਹੁਤ ਅਫਸੋਸ ਹੈ। ਉਹ ਇਸ ਗੱਲ ਦੀ ਉਮੀਦ ਕਰਦੇ ਹਨ ਕਿ ਇਸ ਘਟਨਾ ਨਾਲ ਉਹਨਾਂ ਦੇ ਰਾਜਨੀਤਿਕ ਰਿਸ਼ਤਿਆਂ ਵਿੱਚ ਕੋਈ ਫਰਕ ਨਹੀਂ ਪਵੇਗਾ। ਪਰ ਇਨ੍ਹਾਂ ਪ੍ਰਤੀਕਿਰਿਆਵਾਂ ਨਾਲ ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹ ਸਭ ਊਧਮ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।

ਅਦਾਲਤੀ ਕਾਰਵਾਈ

ਇਧਰ ਲੰਡਨ ਵਿੱਚ 1 ਅਪ੍ਰੈਲ 1940 ਵਿੱਚ ਊਧਮ ਸਿੰਘ ਉਤੇ ਮਾਇਕਲ ਉਡਵਾਇਰ ਦੇ ਕਤਲ ਦੇ ਜੁਰਮ ਵਿੱਚ ਸੇੰਟ੍ਰਲ ਕ੍ਰਿਮੀਨਲ ਕੋਰਟ ਓਲ੍ਡ ਬੇਇਲੀ ਵਿੱਚ ਜਸਟਿਸ ਐਟਕਿਨਸੋਨ ਦੀ ਅਦਾਲਤ ਵਿੱਚ ਕੇਸ ਚਲਾਇਆ ਗਿਆ। ਜਦ ਅਦਾਲਤ ਨੇ ਊਧਮ ਸਿੰਘ ਕੋਲੋ ਉਸਦਾ ਨਾਮ ਪੁੱਛਿਆ ਤਾਂ ਉਸਨੇ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ, ਅਦਾਲਤ ਨੇ ਇਸ ਨਾਮ ਤੇ ਸ਼ੰਕਾ ਪ੍ਰਗਟਾਈ ਤਾਂ ਉਸਨੇ ਬੁਲੰਦ ਅਵਾਜ਼ ਵਿੱਚ ਕਿਹਾ ਕਿ ਤੁਸੀਂ ਹਮੇਸ਼ਾ ਤੋਂ ਲੋਕਾਂ ਨੂੰ ਧਰਮਾਂ, ਜਾਤਾਂ, ਰੰਗ ਆਦਿ ਦਾ ਭੇਦਭਾਵ ਕਰਕੇ ਵੰਡਦੇ ਆ ਰਹੇ ਹੋ ਪਰ ਤੁਸੀਂ ਮੈਨੂੰ ਨਹੀਂ ਵੰਡ ਸਕਦੇ। ਉਸਨੇ ਬਹੁਤ ਸੂਜਬੂਝ ਅਤੇ ਬਹਾਦਰੀ ਦਾ ਪ੍ਰੋਯੋਗ ਕਰਦੇ ਹੋਏ ਅਦਾਲਤ ਵਿੱਚ ਉਹਨਾਂ ਦੀਆਂ ਹਕੂਮਤਾਂ ਦੇ ਅਸਲੀ ਚਿਹਰੇ ਦਿਖਾਏ ਅਤੇ ਆਪਣੀ ਇਸ ਕਾਰਵਾਈ ਦਾ ਪੂਰਾ ਮਕਸਦ ਦੱਸਿਆ, ਉਹ ਇਹ ਗੱਲ ਜਾਣਦਾ ਸੀ ਕਿ ਅਦਾਲਤ ਦੀ ਇਕ-ਇਕ ਗੱਲ ਅਖਬਾਰ ਦੇ ਜਰੀਏ ਲੋਕਾਂ ਤੱਕ ਪਹੰਚ ਜਾਵੇਗੀ ਕਿਉਂ ਅਦਾਲਤ ਵਿੱਚ ਬਹੁਤ ਸਾਰੇ ਪੱਤਰਕਾਰ ਮੌਜੂਦ ਸਨ। ਉਸਨੇ ਆਪਣੀ ਸਿਆਣਪ ਨਾਲ ਉਹਨਾਂ ਦੇ ਹਥਿਆਰ ਉਹਨਾਂ ਦੇ ਖਿਲਾਫ ਹੀ ਵਰਤ ਲਏ। ਅਦਾਲਤ ਇਹਨਾਂ ਗੱਲਾਂ ਤੋਂ ਪ੍ਰੇਸ਼ਾਨ ਸੀ ਅਤੇ ਜਲਦੀ ਇਹ ਕੇਸ ਖ਼ਤਮ ਕਰਨਾ ਚਾਉਂਦੀ ਸੀ।

ਮੌਤ ਦੀ ਸਜ਼ਾ

ਅਖੀਰ ਐਟਕਿਨਸੋਨ ਦੇ ਹੁਕਮ ਅਨੁਸਾਰ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੇਂਟਨਵਿਲੇ ਜੇਲ ਜਿਥੇ ਪਹਿਲਾਂ ਵੀ ਇਕ ਭਾਰਤੀ ਮਦਨ ਮੋਹਨ ਮਾਲਵੀਆ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਤਰਾਂ ਇਕ ਸੱਚਾ ਦੇਸ਼ ਭਗਤ ਆਪਣੀ ਧਰਤੀ ਨਾਲ ਕੀਤੇ ਵਾਅਦੇ ਨੂੰ ਆਪਣੀ ਜਾਨ ਦੇ ਕੇ ਪੂਰਾ ਕਰ ਗਿਆ।

ਕੁੱਝ ਇਤਿਹਾਸਕ ਪੰਨੇ ਫਰੋਲਦਿਆਂ ਜਲਿਆਂਵਾਲੇ ਬਾਗ਼ ਹੱਤਿਆ ਕਾਂਡ ਨਾਲ ਸੰਬੰਧਿਤ ਕੁੱਝ ਅਜਿਹੇ ਤੱਥ ਵੀ ਸਾਹਮਣੇ ਆਏ ਹਨ ਜਿੰਨ੍ਹਾਂ ਨੂੰ ਇੱਕ ਵਾਰੀ ਜਰੂਰ ਪੜ੍ਹਨ ਦੀ ਲੋੜ ਹੈ, ਇਹ ਘਟਨਾ ਅਕਸਰ ਜਿਸ ਪ੍ਰਕਾਰ ਅਸੀਂ ਪੜ੍ਹਦੇ ਸੁਣਦੇ ਹਨ ਇਹ ੨ ਲੇਖ ਉਸਤੋਂ ਬਿਲਕੁੱਲ ਉਲਟ ਹਨ। ਜਰੂਰ ਪੜੋ

ਊਧਮ ਸਿੰਘ ਭਾਰਤ ਹੀ ਨਹੀਂ ਦੁਨੀਆਂ ਦੇ ਇਤਿਹਾਸ ਦਾ ਇਕ ਬਹੁਤ ਅਣਮੁੱਲਾ ਅਧਿਆਏ ਹੈ, ਜਿਸਨੇ ਪੂਰੀ ਦੁਨੀਆਂ ਨੂੰ ਇਹ ਸਾਬਿਤ ਕਰ ਦਿੱਤਾ ਕਿ ਅਗਰ ਇਨਸਾਨ ਦੀ ਲਗਨ ਸੱਚੀ ਹੋਵੇ ਅਤੇ ਹੌਸਲਾ ਬੁਲੰਦ ਹੋਵੇ ਤਾਂ ਵੱਡੇ ਤੋਂ ਵੱਡਾ ਕੰਮ ਵੀ ਹੋ ਸਕਦਾ ਹੈ।ਊਧਮ ਸਿੰਘ ਦੀ ਪੂਰੀ ਜ਼ਿੰਦਗੀ ਉੱਤੇ ਨਜ਼ਰ ਮਾਰੀਏ ਤਾਂ ਸਭ ਤੋਂ ਜਿਆਦਾ ਜੋ ਦੇਖਣ ਨੂੰ ਮਿਲਦਾ ਹੈ ਉਹ ਹੈ।ਆਪਣੇ ਉਦੇਸ਼ ਪ੍ਰਤੀ ਇਮਾਨਦਾਰੀ, ਹਾਲਾਤ ਚਾਹੇ ਕਿੰਨੇ ਵੀ ਮਾੜੇ ਰਹੇ ਸਨ ਪਰ ਓਹ ਆਪਣੇ ਮਕਸਦ ਤੋਂ ਕਦੇ ਨਹੀਂ ਡੋਲਿਆ। ਹਰ ਮੁਸ਼ਕਿਲ ਨੂੰ ਪਾਰ ਕਰਕੇ ਉਹ ਕਰਕੇ ਦਿਖਾ ਦਿੱਤਾ ਜੋ ਕਿ ਨਾ ਮੁਮਕਿਨ ਸੀ। ਸ਼ਹੀਦਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ, ਜਿਸਦਾ ਅਗਰ ਕੁਝ ਪ੍ਰਤੀਸ਼ਤ ਹਿੱਸਾ ਹੀ ਜ਼ਿੰਦਗੀ ਵਿੱਚ ਉਤਾਰ ਲਿਆ ਜਾਵੇ ਤਾਂ ਸਭ ਮੁਸ਼ਕਿਲਾਂ ਆਪਣੇ ਆਪ ਹੱਲ ਹੋ ਜਾਣਗੀਆਂ। ਇਹ ਲੋਕ, ਲੋਕਾਂ ਲਈ ਦੂਜਿਆਂ ਲਈ ਜਿਓੰਦੇ ਮਰਦੇ ਸਨ ਅਸੀਂ ਤਾਂ ਫਿਰ ਆਪਣੀ ਜ਼ਿੰਦਗੀ ਬਣਾਉਣੀ ਹੈ। ਇਹ ਸਭ ਵੀ ਸਾਡੇ ਵਾਂਗੂ ਹੀ ਸਨ ਜੇ ਕੋਈ ਫਰਕ ਸੀ ਤਾਂ ਸਿਰਫ ਜਜ਼ਬੇ ਦਾ। ਹਾਲਾਤ ਜਿਵੇਂ ਮਰਜੀ ਹੋਣ ਧਿਆਨ ਹਮੇਸ਼ਾ ਮੰਜ਼ਿਲ ਵਿੱਚ ਹੀ ਰਹਿੰਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਦੀ ਵਿਚਾਰਧਾਰਾ ਅਪਨਾਉਣ ਦੀ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ।

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

  Leave a Reply

  Your email address will not be published. Required fields are marked *

  Thanks for submitting your rating!
  Please give a rating.

  Thanks for submitting your comment!

  Recent Comments

  ad2

  Editor Picks