ਸੱਜਰੀ ਸਵੇਰ ਨਵੇਂ ਸਾਲ ਦੀ
ਸਭ ਦਿਆਂ ਸੁਪਨਿਆਂ ਤੇ ਚਾਵਾਂ ਦੇ ਨਾਲ ਦੀ
ਲੰਮੇ ਪੈਂਡਿਆਂ ਦੇ ਜੋ ਰਾਹੀ ਨੇ
ਮੰਜ਼ਿਲਾਂ ਨੂੰ ਉਹ ਪਾ ਜਾਣ
ਨਵੇਂ ਸਾਲ ਦੇ ਨਾਲ ਦਿਨ ਨਵੇਂ ਆ ਜਾਣ
ਰੋਜ਼ੀ ਰੋਟੀ ਦੀ ਲੜਾਈ ਵਿੱਚ
ਭੁੱਖਾ ਕੋਈ ਮਰੇ ਨਾ
ਜ਼ਿੰਦਗੀ ਦੀ ਖੇਡ ਏਨੀ
ਸੌਖੀ ਕੋਈ ਹਰੇ ਨਾ
ਰੱਬਾ ਸਭ ਨੂੰ ਦੇਵੀਂ ਰਿਜਕ ਐਨਾ
ਸੱਤ ਬੇਗਾਨੇ ਵੀ ਆ ਕੇ ਖਾ ਜਾਣ
ਨਵੇਂ ਸਾਲ ਦੇ ਨਾਲ ਦਿਨ ਨਵੇਂ ਆ ਜਾਣ
ਰੋਗੀਆਂ ਦੇ ਰੋਗਾਂ ਨੂੰ
ਸ਼ਿਫਾ ਹੁਣ ਮਿਲ ਜੇ
ਖੁਸ਼ੀ-ਖੇੜਿਆਂ ਦਾ ਫੁੱਲ
ਹਰ ਵੇਹੜੇ ਵਿੱਚ ਖਿਲ ਜੇ
ਹਰ ਇਕ ਬੁੱਲ ਉੱਤੇ
ਬਸ ਮੁਸਕਾਨ ਹੋਵੇ
ਸੋਹਣੀ ਨੀਂਦ ਆਵੇ ਰਾਤਾਂ ਨੂੰ
ਦਿਨ ਬਣ ਚਾਅ ਜਾਣ
ਨਵੇਂ ਸਾਲ ਦੇ ਨਾਲ ਦਿਨ ਨਵੇਂ ਆ ਜਾਣ
ਦਿਲਾਂ ਵਿੱਚੋ ਗੁੱਸੇ-ਗਿਲੇ ਵੈਰ
ਸਭ ਮੁੱਕ ਜਾਣ
ਤੇਰੀ-ਮੇਰੀ ਭੁਲ ਸਭ
ਬਣ ਹੁਣ ਜੁੱਟ ਜਾਣ
ਹੱਦਾਂ-ਬੰਨਿਆ ਤੇ ਪੁੱਤ ਕੋਈ ਮਰੇ ਨਾ
ਸਾਂਝਾ ਪਿਆਰ ਦੀਆਂ ਸਭ ਨਿਭਾ ਜਾਣ
ਨਵੇਂ ਸਾਲ ਦੇ ਨਾਲ ਦਿਨ ਨਵੇਂ ਆ ਜਾਣ
ਧੀ ਕੋਈ ਜੰਮੀ ਤੇ
ਮੱਥੇ ਵੱਟ ਪਵੇ ਨਾ
ਕੁੱਖ ਵਿੱਚ ਬਿਲਕਦੀ
ਤਰਲੇ ਕੋਈ ਲਵੇ ਨਾ
ਪੁੱਤਾਂ ਨੂੰ ਪਿਆਰ ਕਰੋ ਜੀ ਸਦਕੇ
ਕਾਸ਼ ਧੀਆਂ ਵੀ ਲੇਖ ਚੰਗੇ ਹੁਣ ਲਿਖਾ ਜਾਣ
ਨਵੇਂ ਸਾਲ ਦੇ ਨਾਲ ਦਿਨ ਨਵੇਂ ਆ ਜਾਣ
ਮਾਪਿਆਂ ਦੀ ਪੱਗ ਨੂੰ
ਔਲਾਦ ਦਾਗ ਕੋਈ ਲਾਵੇ ਨਾ
ਧੀਏ ਤੇਰੇ ਕਰਕੇ ਕਦੇ ਸਿਰ
ਭਾਈਆਂ ਦਾ ਝੁੱਕ ਜਾਵੇ ਨਾ
ਨਸ਼ੇੜੀ ਪੁੱਤ ਅੱਗੇ ਹਾੜ੍ਹੇ ਮਾਂ ਕੋਈ ਕੱਢੇ ਨਾ
ਝੱਖੜਾਂ ਦੇ ਸੁਭਾਹ ਬਣ ਪੁਰੇ ਦੀ ਵਾਅ ਜਾਣ
ਨਵੇਂ ਸਾਲ ਦੇ ਨਾਲ ਦਿਨ ਨਵੇਂ ਆ ਜਾਣ
ਇਹੀ ਦੋ-ਚਾਰ ਰੀਝਾਂ,ਅਰਮਾਨ
ਬਸ ਦਿਲ ਦੇ
‘ਦੀਪ’ ਇਕ ਵਾਰੀ ਲੰਘੇ ਸਮੇਂ
ਫਿਰ ਕਦੇ ਨਹੀਂ ਮਿਲਦੇ
ਆਉਂਦੇ-ਜਾਂਦੇ ਸਾਹਾਂ ਦਾ
ਕੋਈ ਨਾ ਵਸਾਹ ਯਾਰੋ
ਅੱਜ ਅਸੀਂ ਜਾਣਦੇ ਨਾ ਬੰਦਾ,ਬੰਦੇ ਨੂੰ
ਕਲ ਨੂੰ ਫੋਟੋ ਬਣ ਕੰਧ ਉੱਤੇ ਲਾ ਜਾਣ
ਨਵੇਂ ਸਾਲ ਦੇ ਨਾਲ ਦਿਨ ਨਵੇਂ ਆ ਜਾਣ
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965