ਜਦ ਘੋਰ ਹਨੇਰਾ ਸੀ ਹਰ ਪਾਸੇ
ਆਸ ਦੀ ਕਿਰਨ ਜਗਾਈ ਗੁਰੂ ਗੋਬਿੰਦ ਸਿੰਘ ਨੇ
ਮਰੇ ਹੋਏ ਜ਼ਮੀਰਾਂ ਵਿੱਚ ਜਾਨ ਫੂਕੀ
ਅੱਗ ਦਿਲਾਂ ਵਿੱਚ ਲਾਈ ਗੁਰੂ ਗੋਬਿੰਦ ਸਿੰਘ ਨੇ
ਆਮ ਇਨਸਾਨ ਹਾਂ ਨਹੀਂ ਕੋਈ ਰੱਬ ਦਾ ਰੂਪ ਲੋਕੋ
ਗੱਲ ਸਭ ਨੂੰ ਸਮਝਾਈ ਗੁਰੂ ਗੋਬਿੰਦ ਸਿੰਘ ਨੇ
ਨਹੀਂ ਝੁਕਦਾ ਇਹ ਸਿਰ ਕਦੇ ਜ਼ੁਲਮ ਅੱਗੇ
ਗੱਲ ਜੋ ਵੀ ਕਹੀ, ਪੁਗਾਈ ਗੁਰੂ ਗੋਬਿੰਦ ਸਿੰਘ ਨੇ
ਪਿਤਾ ਵਾਰੇ ਫਿਰ ਪੁੱਤਰ ਕਰ ਕੁਰਬਾਨ ਦਿੱਤੇ
ਵਾਰ ਦਿੱਤੀ ਸਾਰੀ ਖੁਦਾਈ ਗੁਰੂ ਗੋਬਿੰਦ ਸਿੰਘ ਨੇ
ਨਾ ਮਾੜਾ ਹਿੰਦੂ ਨਾ ਵੈਰੀ ਮੁਸਲਮਾਨ ਕੋਈ
ਕੀਤੀ ਜ਼ੁਲਮ ਖਿਲਾਫ਼ ਚੜਾਈ ਗੁਰੂ ਗੋਬਿੰਦ ਸਿੰਘ ਨੇ
ਸਾਜ ਕੇ ਪੰਜ ਪਿਆਰੇ ਰੱਬ ਰੂਪੀ
ਰੀਤ ਖਾਲਸੇ ਦੀ ਚਲਾਈ ਗੁਰੂ ਗੋਬਿੰਦ ਸਿੰਘ ਨੇ
ਇਕ-ਇਕ ਸਿੰਘ ਬਰਾਬਰ ਸਵਾ ਲੱਖ ਦੇ
ਬਾਜ਼ ਨਾਲ ਚਿੜੀ ਲੜਾਈ ਗੁਰੂ ਗੋਬਿੰਦ ਸਿੰਘ ਨੇ
ਜੇ ਚਾਉਂਦਾ ਤਾਂ ਜਿਨਾਂ ਮਰਜੀ ਰਾਜ ਬਣਾ ਲੈਂਦਾ
ਬਸ ਦਿਲਾਂ ਦੇ ਵਿੱਚ ਜਗਾਹ ਬਣਾਈ ਗੂਰੁ ਗੋਬਿੰਦ ਸਿੰਘ ਨੇ
ਸਿਰ ਝੁਕ ਜਾਂਦਾ ਏ ਸੋਚ ਕੇ ਉਸਦੀ ਹਸਤੀ ਨੂੰ
ਕੁੱਲ ਕਾਇਨਾਤ ਮਹਿਕਾਈ ਗੁਰੂ ਗੋਬਿੰਦ ਸਿੰਘ ਨੇ
ਨਹੀਂ ਔਕਾਤ ਮੇਰੀ ਲਿੱਖ ਸਕਾਂ ਕੁਝ ਤੇਰੇ ਬਾਰੇ
‘ਦੀਪ’ ਹੱਥ ਕਲਮ ਫੜਾਈ ਗੁਰੂ ਗੋਬਿੰਦ ਸਿੰਘ ਨੇ ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965