ਡਾਕੂਆਂ ਦਾ ਮੁੰਡਾ | ਭਾਗ ਦੂਜਾ | ਸ਼ਾਹੀ ਰੁੱਤ ਦੀਆਂ ਮੌਜਾਂ
ਮਿੰਟੂ ਗੁਰੂਸਰੀਆ
ਪਹਿਲਾ ਭਾਗ ਪੜ੍ਹਨ ਲਈ Click ਕਰੋ
ਜਦੋਂ ਬੱਚਾ ਮਿਡਲ ਸਕੂਲ ‘ਚ ਪੁੱਜਦਾ ਹੈ ਤਾਂ ਭੋਲੇ ਬਚਪਨ ਦੀਆਂ ਬੇਪ੍ਰਵਾਹੀਆਂ ਪਿੱਛੇ ਛੁੱਟ ਜਾਂਦੀਆਂ ਹਨ। ਫਿਰ ਸੁਫ਼ਨੇ ਵੀ ਥੋੜੇ ਅੰਗੜਾਈਆਂ ਲੈਂਣ ਲੱਗ ਪੈਂਦੇ ਹਨ। ਅਸੀਂ ਪ੍ਰਾਇਮਰੀ ਸਕੂਲ ’ਚ ਖੋ-ਖੋ ਖੇਡਦੇ ਹੁੰਦੇ ਸੀ। ਖੋ-ਖੋ ’ਚ ਪ੍ਰਾਇਮਰੀ ਸਕੂਲ ਖੇਡਾਂ ‘ਚ ਭਾਗ ਲੈ ਕੇ ਅਸੀਂ ਇੱਕ ਕਾਪੀ-ਪੈਨਸਲ ਦਾ ਇਨਾਮ ਵੀ ਜਿਤਿਆ। ਕਦੇ-ਕਦੇ ਸਕੂਲ ‘ਚ ਪਿੱਠੂ ਗਰਮ ਕਰਨਾ ਵੀ ਖੇਡਦੇ। ਵਾਝੀਂ ਵਿੱਚ ਵੀ ਸਾਡੀ ਚੰਗੀ ਫੜੋ ਫੜਾਈ ਹੁੰਦੀ। ਕਦੇ-ਕਦੇ ਅਸੀਂ ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਕਿਰਲ-ਕਾਂਘਾ ਵੀ ਖੇਡਦੇ। ਰੁੱਖਾਂ ‘ਤੇ ਚੜ੍ਹ ਕੇ ਖੇਡੀ ਜਾਣ ਵਾਲੀ ਇਸ ਖੇਡ ਲਈ ਛੁੱਟੀ ਦਾ ਇੰਤਜ਼ਾਰ ਇਸ ਲਈ ਕਰਨਾ ਪੈਂਦਾ ਕਿਉਂਕਿ ਮਾਸਟਰ ਸਕੂਲ ਲੱਗੇ ’ਚ ਅਜਿਹਾ ਕਰਨ ‘ਤੇ ਫੈਂਟਾ ਚਾੜ੍ਹਦੇ।
ਸਕੂਲੋਂ ਆ ਕੇ ਮੈਂ ਤੇ ਸਾਡਾ ਗੁਆਂਢੀ ਤੇ ਮੇਰਾ ਜਿਗਰੀ ਯਾਰ ਸਰਵਨ ਸਕੂਟਰ ਜਾਂ ਸਾਈਕਲ ਦੇ ਟਾਇਰ ਗਲੀਆਂ ‘ਚ ਭਜਾਉਂਦੇ। ਹੱਥ ਜਾਂ ਛੋਟੇ ਜਿਹੇ ਡੰਡੇ ਨਾਲ ਰੇੜੇ ਸਾਡੇ ਟਾਇਰ ਇਸ ਤਰ੍ਹਾਂ ਛੂਕਦੇ ਜਾਂਦੇ ਜਿਵੇਂ ਸੜਕ ‘ਤੇ ਕੋਈ ਟਰੱਕ ਪੈਲਾਂ ਪਾਉਂਦਾ ਹੈ। ਪਿੱਛੇ ਅਸੀਂ ਵੀ ਮਿਲਖਾ ਸਿੰਘ ਵਾਂਗ ਫੁੱਲ ਸਪੀਡਾਂ ’ਤੇ ਟਾਹਰਾਂ ਲਾਉਂਦੇ ਜਾਂਦੇ। ਕਈ ਵਾਰ ਚੋਰ-ਸਿਪਾਹੀ ਖੇਡਦਿਆਂ ਅਸੀਂ ਕਈ-ਕਈ ਮੀਲ ਸਫ਼ਰ ਤੈਅ ਕਰ ਆਉਂਦੇ। ਇੱਕ ਵਾਰ ਸ਼ਰਾਰਤ ਨਾਲ ਅਸੀਂ ਭੂੰਡ (ਟੈਂਪੂ ) ਪਿੰਛੇ ਚੜ੍ਹ ਗਏ। ਅਗਲੇ ਪਿੰਡ ਤੋਂ ਪਹਿਲਾਂ ਮੇਰਾ ਸਾਥੀ ਦਵਿੰਦਰ ਤਾਂ ਛਾਲ ਮਾਰ ਕੇ ਉਤਰ ਗਿਆ ਪਰ ਜਦੋਂ ਮੈਂ ਉਤਰਨ ਲੱਗਿਆ ਤਾਂ ਆਲੂ ਵਾਂਗ ਛਿੱਲਿਆ ਗਿਆ। ਰਹਿੰਦੀ ਕਸਰ ਬਾਪੂ ਨੇ ਘਰ ਆਏ ਨੂੰ ਛਿੱਲ ਕੇ ਪੂਰੀ ਕਰ ਦਿੱਤੀ। ਬਾਪੂ ਦੀ ਕੁੱਟ ਦਾ ਆਪਣੇ ਨਾਲ ਕੁਝ ਖ਼ਾਸ ਹੀ ਪਿਆਰ ਸੀ ਤੇ ਸ਼ਰਾਰਤਾਂ ਵੀ ਭੁੱਲਣ ਚ ਅਕਸਰ ਹੋ ਜਾਂਦੀਆਂ।
ਇਕ ਵਾਰੀਂ ਮੇਰਾ ਦੋਸਤ ਸਰਵਨ ਚੁੰਬਕ ਨਾਲ ਖੇਡ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਆਹ ਕੀ ਬਲਾ ਹੈ? ਉਸ ਨੇ ਦੱਸਿਆ ਕਿ ਇਹ ਚੁੰਬਕ ਹੈ। ਮੈਂ ਪੁਛਿਆ ਕਿ ਇਹ ਕਿੱਥੋਂ ਮਿਲਦੈ? ਉਸ ਨੇ ਦੱਸ ਦਿੱਤਾ ਕਿ ਇਹ ਟੇਪ ਰਿਕਾਰਡ
ਜਾਂ ਰੇਡੀਉ ਦੇ ਸਪਕੀਰ ‘ਚ ਹੁੰਦਾ ਹੈ। ਬੱਸ ਫੇਰ ਕੀ ਸੀ ਮੈਂ ਘਰ ਆ ਕੇ ਬਾਪ ਵਾਲੀ ਟੇਪ ਰਿਕਾਰਡ ਨੂੰ ਕੁੱਟ-ਕੁੱਟ ਚਿੱਬਾ ਕਰਕੇ ਚੁੰਬਕ ਕੱਢ ਲਿਆ। ਸਾਡਾ ਬਾਪੂ ਘਰ ਆਇਆ ਤਾਂ ਉਸ ਨੇ ਛੋਟੇ (ਭਰਾ) ਨੂੰ ਕਿਹਾ ਕਿ ਟੇਪ ਰਿਕਾਰਡ ਲਿਆ। ਜਦੋਂ ਉਸ ਨੇ ਟੇਪ ਰਿਕਾਰਡ ਦੀ ਥਾਂ ਉਹਦਾ ਮਲਬਾ ਬਾਪੂ ਦੀ ਤਲੀਏ ਲਿਆ ਧਰਿਆ ਤਾਂ ਬਾਪੂ ਦੀਆਂ ਅੱਖਾਂ ‘ਚ ਲਹੂ ਉਤਰ ਆਇਆ। ਰੂੜੀ ’ਤੇ ਪਾ ਕੇ ਮੇਰੀ ਸੇਵਾ ਕੀਤੀ ਗਈ।
ਇੱਕ ਹੋਰ ਘਟਨਾ ਮੈਨੂੰ ਯਾਦ ਹੈ। ਇੱਕ ਵਾਰ ਸਕੂਲੋਂ ਛੁੱਟੀ ਸੀ। ਅਸੀਂ ਦੋਵੇਂ ਭਰਾ ਅਤੇ ਸਰਵਨ ਹੋਰੀਂ ਦੋਵੇਂ ਭਰਾ ਸਕੂਲ ਖੇਡਣ ਚਲੇ ਗਏ। ਐਸਾ ਮੈਚ ਫਸਿਆ ਕਿ ਤਿੰਨ ਵੱਜ ਗਏ। ਬਾਪੂ ਸਾਡੇ ਨੇ ਟਿਫ਼ਨ ਚ ਰੋਟੀ ਪਾਈ ਤੇ ਲਿਆ ਰੱਖੀ ਸਾਡੇ ਮੈਦਾਨ ਅੰਦਰ। ਮੈਂ ਜਖ਼ਦੇ ਜਿਹੇ ਨੇ ਪੁੱਛਿਆ “ਭਾਪਾ ! ਆਹ ਕੀ ਐ??? ਬਾਪੂ ਕਹਿੰਦਾ ਮਖਿਆ ਮੇਰੇ ਪੁੱਤ ਕਮਾਈ ਕਰਨ ਗਏ ਆ ਚੱਲ ਮੈਂ ਰੋਟੀ ਦੇ ਆਵਾਂ। ਐਵੇਂ ਕੰਮ ਛੱਡਕੇ ਘਰ ਨੂੰ ਭੱਜਣਗੇ। ਸਰਵਨ ਦੇ ਡੈਡੀ ਤੇ ਸਾਡੇ ਚਾਚੇ ਗੁਰਦੀਪ ਸਿੰਘ ਭੁੱਲਰ ਤੋਂ ਸਾਨੂੰ 1987-88 ਵਿੱਚ ਕ੍ਰਿਕਟ ਦਾ ਚਸਕਾ ਲੱਗ ਗਿਆ। ਚਾਚਾ ਭੁੱਲਰ ਓਨਾ ਦਿਨਾਂ ‘ਚ ਹੱਲ ਵਾਹੁੰਦਾ ਵੀ ਰੇਡੀਉ ਕੰਨ ਨਾਲ ਲਾਈ ਰੱਖਦਾ ਹੁੰਦਾ ਸੀ।
ਸਾਡੇ ਘਰ ਦਾ ਵਿਹੜਾ ਕਾਫ਼ੀ ਖੁੱਲ੍ਹਾ ਸੀ। ਅਸੀਂ ਇਸ ਨੂੰ ਕ੍ਰਿਕਟ ਸਟੇਡੀਅਮ ਵੱਜੋਂ ਵਰਤਦੇ ਜਿੱਥੇ ਕੱਪੜੇ ਧੋਣ ਵਾਲੇ ਥਾਪਿਆਂ ਨਾਲ ਚੌਕੇ-ਛੱਕੇ ਖੂਬ ਵਰਸਦੇ। ਕਈ ਵਾਰ ਮੈਂ ਤੇ ਸਰਵਨ ਵਿਚਾਲੇ ਮੰਜੀ ਖੜੀ ਕਰਕੇ ਪੇਪਰ ਦੇਣ ਵਾਲੇ ਫਟਿਆਂ ਨਾਲ ਟੈਨਿਸ ਖੇਡਣ ਲੱਗ ਪੈਂਦੇ। ਪਲਾਸਟਿਕ ਦੀਆਂ ਬੋਤਲਾਂ ‘ਚ ਪਾਣੀ ਭਰਕੇ ਰੱਖ ਲੈਂਦੇ ਤੇ ਫੇਰ ਘੁੱਟਾਂ-ਬਾਟੀ ਪੀ ਕੇ ਖੁਦ ਨੂੰ ਰਮੇਸ਼ ਕ੍ਰਿਸ਼ਨਨ ਤੇ ਜਾਨ ਮਕੈਰੋ (ਤੱਤਕਾਲੀਨ ਟੈਨਿਸ ਸਟਾਰਸਮਝਿਆ ਕਰਦੇ। ਸਚਿਨ ਤੇਂਦੁਲਕਰ ਦਾ ਪਹਿਲਾ ਕ੍ਰਿਕਟ ਮੈਚ ਅਸੀਂ ਸਾਡੇ ਘਰ ਖੇਡਦਿਆਂ ਹੀ ਟੈਲੀਵਿਜ਼ਨ ‘ਤੇ ਦੇਖਿਆ ਸੀ। ਇਸ ਤਰ੍ਹਾਂ ਖੇਡਾਂ ‘ਚ ਰੁਚੀ ਪੈਦਾ ਹੋ ਗਈ ਜਾਂ ਇੰਝ ਆਖ ਲਈਏ ਤਾਂ ਕੁਥਾਂ ਨਹੀਂ ਹੋਵੇਗਾ ਕਿ ਖੇਡਾਂ ਰੱਤ ਚ ਰੱਚ ਗਈਆਂ।
ਭਾਗ ਤੀਜਾ ਜਲਦ ਹੀ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965