ਮੈਂ ਪੰਜਾਬ ਹਾਂ ਲੋਕੋ
ਜੀਦੇ ਕਰਮਾ ਦੇ ਵਿੱਚ ਦੁੱਖ
ਮੈਂ ਹੱਸ ਹੱਸ ਪੀੜਾਂ ਸਹਿ ਲਵਾਂ
ਸਦਾ ਸਭ ਨੂੰ ਵੰਡੇ ਸੁੱਖ
ਮੈਂ ਕਿਨੂੰ ਪੁੱਛਾਂ
ਮੈਂ ਜਿੰਨੂ ਦੱਸਾਂ
ਦਿਲ ਮੇਰਾ ਲਹੂ ਲੋਹਾਨ ਵੇ ਲੋਕੋ
ਹੁਣ ਤੇ ਝੂਠਾ ਜਿਹਾ ਬੱਸ ਹੱਸਾਂ
ਮੈਨੂੰ ਕੋਈ ਤੇ ਦਸਦੋ
ਮੈਂ ਕੀਤਾ ਕੀ ਗੁਨਾਹ
ਮੈਨੂੰ ਨੋਚ ਨੋਚ ਕੇ ਖਾ ਗਏ
ਮੈਂ ਜਿੰਨੂ ਦਿੱਤੀ ਪਨਾਹ
ਮੈਂ ਪੰਜਾਬ ਹਾਂ ਲੋਕੋ
ਮੇਰੀ ਛਾਤੀ ਚੋਂ ਸਿਮਦਾ ਖੂਨ
ਮੇਰੇ ਬੱਚੇ ਮੈਨੂੰ ਦੇ ਦਿਓ
ਕਾਹਤੋਂ ਕਤਲਾਂ ਦਾ ਜਨੂਨ
ਮੈਂ ਕੀ ਨਹੀਂ ਕੀਤਾ ਤੇਰੇ ਲਈ
ਤੂੰ ਕਿਵੇਂ ਦਿੱਤਾ ਸਭ ਵਿਸਾਰ
ਯਾਦ ਕਰ ਪਿਤਾ ਗੋਬਿੰਦ ਨੂੰ
ਆਪਣਾ ਸਭ ਕੁਝ ਗਿਆ ਜੋ ਤੈਥੋਂ ਵਾਰ
ਮੈਂ ਤੇ ਕਦੇ ਕੁਝ ਮੰਗਿਆ ਹੀ ਨਹੀਂ
ਫਿਰ ਕਾਹਤੋਂ ਮਤਰੇਈ ਬਣ ਮਾਂ ਗਈ
ਦੂਜਿਆਂ ਦੀ ਅੱਗ ਬਜਾਉਣ ਖਾਤਿਰ
ਮੈਂ ਆਪਣਾ ਸਭ ਕੁਝ ਜਲਾ ਗਈ
ਕੁਝ ਤੇ ਸੋਚੋ
ਕੁਝ ਤੇ ਬੋਲੋ
ਮੇਰੀ ਰੁਲਦੀ ਪੱਤ ਪੈਰਾਂ ਵਿੱਚ
ਦਿਲ ਵਿੱਚ ਕੀ ਹੈ ਰਾਜ ਤੇ ਖੋਲੋ
ਮੈਨੂੰ ਸਭ ਨੇ ਲੁਟਿਆ
ਮੈਨੂੰ ਸਭ ਨੇ ਖੋਇਆ
ਗੈਰਾਂ ਦੀ ਚਲ ਖੈਰ ਸੀ
ਤੂੰ ਤੇ ਮੇਰਾ ਆਪਣਾ ਸੀ
ਦੁੱਖ ਇਸ ਗੱਲ ਦਾ ਹੋਇਆ
ਵੰਡ ਹੋਈ
ਓਦੋਂ ਵੀ ਮੈਂ ਹੀ ਹੋਇਆ ਦੋਫਾੜ
ਆਜ਼ਾਦੀ ਲੈਣ ਖਾਤਿਰ
ਮੈਨੂੰ ਹੀ ਦਿੱਤਾ ਫਾਂਸੀ ਚਾੜ੍ਹ
ਹਰ ਵਾਰੀ
ਹਰ ਵਾਰੀ
ਮੈਂ ਹੀ ਕਿਉਂ ਮਰਦਾ ਹਾਂ
ਕੁਝ ਵੀ ਹੋਵੇ
ਸਦਾ ਮੈਂ ਹੀ ਕਿਉਂ ਜਰਦਾ ਹਾਂ
ਚਲੋ ਮੈਂ ਫਿਰ ਵੀ ਖੁਸ਼ ਸੀ
ਜਾਨ ਲੁਟਾਈ ਵਤਨ ਤੇ
ਸ਼ੀਸ਼ੇ ਵਾਂਗੂ ਚੂਰ ਹੋਇਆ
ਅਤਵਾਦੀ ਲਿਖਿਆ ਵੇਖ ਕਫ਼ਨ ਤੇ
ਓ ਯਾਰ
ਤੁਸੀਂ ਤਾਂ ਹੱਦ ਹੀ ਕਰਤੀ
ਮੇਰੀ ਹੀ ਜੁਬਾਨ
ਮੇਰੀ ਦੁਸ਼ਮਣ ਕਰਤੀ
ਮੈਂ ਤੇ ਉਝੜ ਕੇ
ਫਿਰ ਵੱਸ ਜਾਣਾ
ਪਰ ਨਹੀਂ ਸੀ ਤੁਸੀਂ
ਹਰਿਮੰਦਰ ਢਾਹੁਣਾ
ਸੋਨੇ ਰੰਗਾਂ ਦਰਬਾਰ ਗੁਰੂ ਦਾ
ਚਮ ਚਮ ਲਿਸ਼ਕਾਂ ਮਾਰੇ
ਸਭ ਦਾ ਸਾਂਝਾ ਥਾਂ ਸੀ ਉਹ ਤੇ
ਤੁਸੀਂ ਢਾਹ ਤੇ ਮਹਿਲ ਮੁਨਾਰੇ
ਟੁੱਟਾ ਹੋਇਆ ਦੇਖ
ਅਕਾਲ ਤਖ਼ਤ ਨੂੰ
ਦਿਲ ਭੁੱਬਾਂ ਮਾਰ ਕੇ ਰੋਂਦਾ
ਉਦਾ ਕੀ ਕਸੂਰ ਸੀ ਦਸਦੋ
ਉਹ ਤੇ ਸੀ ਸਭ ਨੂੰ ਭਾਉਂਦਾ
ਏਡਾ ਕਹਿਰ ਕਮਾਉਣ ਨਾਲੋਂ ਤਾਂ
ਸਾਨੂੰ ਸਭ ਨੂੰ ਮਾਰ ਮੁਕਾਉਂਦੇ
ਨਾ ਦੇਖਦੇ ਲਾਲ ਸਰੋਵਰ
ਨਾ ਗੱਲ ਵਿੱਚ ਟੈਰ ਪਵਾਉਂਦੇ
ਮੈਂ ਅੱਜ ਏਨ੍ਹੇ ਵਰ੍ਹਿਆਂ ਪਿੱਛੋਂ
ਦੱਸ ਦੇਖ ਕੇ ਕਿੰਨੂੰ ਜੀਵਾਂ
ਮਾਰਿਆਂ ਦੀਆਂ ਲਾਸ਼ਾਂ
ਜਿਓਂਦਿਆਂ ਦੇ ਨਸ਼ੇ
ਦੇਖ ਕੇ ਖੂਨ ਦੇ ਅੱਥਰੂ ਪੀਵਾਂ
ਬੱਸ ਮੈਂ ਥੱਕ ਗਿਆ ਹਾਂ
ਮੈਨੂੰ ਮੇਰੀ ਕਬਰ ਵਿੱਚ ਪਾ ਦਿਓ
ਮੇਰੇ ਵਾਰਸੋ
ਤੁਸੀਂ ਕਰੋ ਮਨਮਰਜੀਆਂ
ਰੱਬ ਦਾ ਵਾਸਤਾ
ਮੈਨੂੰ ਹੁਣ ਜਲਾ ਦਿਓ
ਮੈਂ ਪੰਜਾਬ ਹਾਂ ਲੋਕੋ
ਮੈਨੂੰ ਹੋਰ ਨਾ ਕਰੋ ਪਿਆਰ
ਮੈਨੂੰ ਮੇਰੀ ਕਬਰ ਵਿੱਚ ਪਾ ਦਿਓ
ਜਿਉਂਦਾ ਹਾਂ ਜਾਂ ਮਰਿਆ ਹਾਂ
ਬਸ ਮੈਨੂੰ ਜਲਾ ਦਿਓ
ਜਿਉਂਦਾ ਹਾਂ ਜਾਂ ਮਰਿਆ ਹਾਂ
ਬਸ ਮੈਨੂੰ ਜਲਾ ਦਿਓ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965