Close

Login

Close

Register

Close

Lost Password

ਮਨ ਦੀ ਅਸੀਮ ਤਾਕਤ | The Amazing Power Of Mind

ਇਕ ਆਦਰਸ਼ ਜ਼ਿੰਦਗੀ ਉਹ ਹੈ ਜਿਸ ਵਿੱਚ ਇਨਸਾਨ ਜਿਨ੍ਹਾਂ ਬਾਹਰੀ ਦੁਨੀਆ ਵਿੱਚ ਕਾਮਯਾਬ ਅਤੇ ਖੁਸ਼ ਹੈ ਉਨਾਂ ਆਪਣੇ ਮਨ ਤੋਂ ਵੀ ਸੰਤੁਸ਼ਟ ਹੈ। ਬੰਦੇ ਦਾ ਰੁਤਬਾ, ਧਨ-ਦੌਲਤ ਅਤੇ ਮੇਲ-ਜੋਲ ਉਸਦੀ ਹੋਂਦ ਲਈ ਜਿੰਨਾ ਜਰੂਰੀ ਹੈ ਉਸਤੋਂ ਕਿਤੇ ਜ਼ਿਆਦਾ ਜਰੂਰੀ ਹੈ ਉਸਦੇ ਮਨ ਦੀ ਅਵਸਥਾ ਦਾ ਕਾਬੂ ਵਿੱਚ ਹੋਣਾ। ਅਸੀਂ ਅਕਸਰ ਵੇਖਦੇ ਹਾਂ ਕਿ ਕੋਈ ਬਹੁਤ ਜਿਆਦਾ ਪੈਸੇ ਕਮਾ ਕੇ ਵੀ ਬੇਚੈਨ ਹੈ ਅਤੇ ਕੋਈ ਆਮ ਜਿਹੀ ਜ਼ਿੰਦਗੀ ਵਿਚੋਂ ਵੀ ਆਨੰਦ ਵੀ ਪ੍ਰਾਪਤੀ ਕਰ ਲੈਂਦਾ ਹੈ। ਕਿਸੇ ਕੋਲ ਦੁਨੀਆਂ ਭਰ ਦਾ ਐਸ਼ੋ-ਅਰਾਮ ਹੈ ਅਤੇ ਪਰ ਉਹ ਫਿਰ ਵੀ ਹਮੇਸ਼ਾਂ ਕਿਸੇ ਚੀਜ਼ ਦੀ ਘਾਟ ਨੂੰ ਮਹਿਸੂਸ ਕਰਦਾ ਰਹਿੰਦਾ ਹੈ। ਜ਼ਿੰਦਗੀ ਵਿੱਚ ਕੁਝ ਹਾਸਿਲ ਕਰਨਾ ਜਾਂ ਕੁਝ ਗਵਾ ਦੇਣਾ ਇਹ ਬਹੁਤ ਆਮ ਗੱਲਾਂ ਨੇ, ਜਿੰਨਾ ਚਿਰ ਬੰਦਾ ਜਿਉਂਦਾ ਹੈ ਇਹ ਸਿਲਸਿਲਾ ਚਲਦਾ ਰਹਿੰਦਾ ਹੈ ਅਤੇ ਇਸ ਬਾਰੇ ਸਾਨੂੰ ਸਭ ਨੂੰ ਪਤਾ ਵੀ ਹੈ ਪਰ ਫ਼ਿਰ ਵੀ ਅਸੀਂ ਸਾਰੀ ਜ਼ਿੰਦਗੀ ਕਿਸੇ ਝੋਰੇ ਵਿੱਚ ਹੀ ਕੱਢ ਦੇਂਦੇ ਹਾਂ।ਕਿਉਂ ਇਨਸਾਨ ਅਮੀਰ ਹੋਣ ਦੇ ਬਾਵਜੂਦ ਕਿਸੇ ਅਣਜਾਣੇ ਡਰ ਕਾਰਨ ਜ਼ਿੰਦਗੀ ਜੀ ਨਹੀਂ ਪਾਉਂਦਾ? ਕਿਉਂ ਇਕ ਗਰੀਬ ਵਿਅਕਤੀ ਜ਼ਿੰਦਗੀ ਦਾ ਸਫ਼ਰ ਗੁਰਬਤ ਅਤੇ ਹੀਣਤਾ ਵਿੱਚ ਹੀ ਕੱਢ ਦੇਂਦਾ ਹੈਂ? ਅਤੇ ਇਸਦੇ ਉਲਟ ਕਿਉਂ ਕੁਝ ਲੋਕ ਬਹੁਤ ਜਿਆਦਾ ਕਾਮਯਾਬ ਅਤੇ ਖੁਸ਼ ਹਨ ਜਿਨ੍ਹਾਂ ਕੋਲ ਦੁਨੀਆ ਦਾ ਹਰ ਸੁੱਖ ਹੈ। ਅਜਿਹਾ ਕੀ ਹੈ ਜੋ ਕਰਨ ਨਾਲ ਖੁਸ਼ਹਾਲੀ ਅਤੇ ਕਾਮਯਾਬੀ ਸਾਡੇ ਘਰ ਦਾ ਸ਼ਿੰਗਾਰ ਬਣ ਸਕਦੀ ਹੈ ਅਤੇ ਅਜਿਹਾ ਕੀ ਹੈ ਜੋ ਅਸੀਂ  ਇਹੋ ਜਿਹਾ ਕਰਦੇ ਹਾਂ ਜੋ ਸਾਨੂੰ ਕਾਮਯਾਬੀ ਤੋਂ ਦੂਰ ਲੈ ਜਾਂਦਾ ਹੈ? ਅਜਿਹੇ ਹੀ ਕਈ ਸਵਾਲ ਹਨ ਜੋ ਅਕਸਰ ਸਾਡੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਹਨ ਪਰ ਉਹਨਾਂ ਦਾ ਕੋਈ ਜਵਾਬ ਸਾਨੂੰ ਨਹੀਂ ਮਿਲਦਾ। ਜੇਕਰ ਇਹ ਸਭ ਸਵਾਲ ਤੁਹਾਡੇ ਮਨ ਵਿੱਚ ਵੀ ਆਉਂਦੇ ਹਨ ਅਤੇ ਤੁਸੀਂ ਇਹਨਾਂ ਦੇ ਜਵਾਬ ਜਾਨਣਾ ਚਾਉਂਦੇ ਹੋ ਅਤੇ ਆਪਣੇ ਹਲਾਤਾਂ ਨੂੰ ਬਦਲ ਕੇ ਆਪਣੀ ਜ਼ਿੰਦਗੀ ਬਦਲਣਾ ਚਾਉਂਦੇ ਹੋ ਤਾਂ ਇਹ ਲੇਖ ਪੜ੍ਹਨਾ ਤੁਹਾਡੇ ਲਈ ਬਹੁਤ ਜਰੂਰੀ ਹੈ ਅਤੇ ਜੇਕਰ ਤੁਸੀਂ ਬੁਰੀ ਤਰ੍ਹਾਂ ਹਾਰੇ ਹੋਏ ਹੋ,ਜ਼ਿੰਦਗੀ ਤੁਹਾਨੂੰ ਬੋਝ ਲੱਗਦੀ ਹੈ ਅਤੇ ਤੁਸੀਂ ਇਹ ਮੰਨ ਚੁੱਕੇ  ਹੋ ਕਿ ਤੁਹਾਡੇ ਬੁਰੇ ਹਾਲਾਤ, ਤੁਹਾਡੀ ਬੁਰੀ ਜ਼ਿੰਦਗੀ ਕਿਸਮਤ ਜਾਂ ਪਿਛਲੇ ਜਨਮਾਂ ਦਾ ਫ਼ਲ ਹੈ ਤਾਂ ਇਹ ਲੇਖ ਤੁਹਾਡੇ ਲਈ ਪੜ੍ਹਨਾ ਅਤੇ ਸਮਝਣਾ ਹੋਰ ਵੀ ਜ਼ਿਆਦਾ ਜਰੂਰੀ ਹੈ। ਅਸੀਂ ਇਸ ਲੇਖ ਵਿੱਚ ਕੁਝ ਅਜਿਹੀਆਂ ਗੱਲਾਂ ਬਾਰੇ ਪੜ੍ਹਾਂਗੇ ਜੋ ਅਪਨਾਉਣ ਨਾਲ ਜ਼ਿੰਦਗੀ ਨਵਾਂ ਮੋੜ ਲੈ ਸਕਦੀ ਹੈ। ਅਸੀਂ ਜਾਨਣ ਦੀ ਕੋਸ਼ਿਸ਼ ਕਰਾਂਗੇ ਕੇ ਕਿਵੇਂ ਆਪਣਾ ਨਜ਼ਰੀਆ ਬਦਲ ਕੇ ਆਪਣੇ-ਆਪ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ਅਤੇ ਇਹ ਬਦਲਾਅ ਸਾਡੀ ਜ਼ਿੰਦਗੀ ਕਿਵੇਂ ਬਦਲ ਸਕਦਾ ਹੈ, ਅਸੀਂ ਇਹ ਵੀ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਕਾਮਯਾਬ ਲੋਕਾਂ ਦੀਆਂ ਕਿਹੜੀਆਂ ਆਦਤਾਂ ਹਨ ਜੋ ਉਹਨਾਂ ਨੂੰ ਨਾਕਾਮਯਾਬ ਲੋਕਾਂ ਤੋਂ ਵੱਖ ਕਰਦੀਆਂ ਹਨ।

ਜਿਵੇਂ ਮੇਰੇ ਇਸ ਲੇਖ ਦੇ ਸਿਰਲੇਖ ਤੋਂ ਹੀ ਸਪਸ਼ਟ ਹੈ ਕਿ ਮੈਂ ਇਸ ਲੇਖ ਵਿੱਚ ਸਿਰਫ਼ ਆਪਣੇ-ਆਪ ਅਤੇ ਆਪਣੇ ਮਨ ਦੀ ਸਮਝ ਅਤੇ ਮਹੱਤਤਾ ਨੂੰ ਹੀ ਅਧਾਰ ਬਣਾ ਕੇ ਸਭ ਗੱਲਾਂ ਸਾਂਝੀਆਂ ਕਰੂੰਗਾ ਕਿਉਂਕਿ ਮਨੁੱਖ ਦਾ ਮਨ ਹੀ ਮਨੁੱਖ ਦੀ ਜ਼ਿੰਦਗੀ ਦਾ ਆਧਾਰ ਹੈ। ਸਭ ਤੋਂ ਪਹਿਲਾਂ ਜੋ ਲੋਕ ਇਹ ਗੱਲ ਮੰਨਦੇ ਹਨ ਕਿ ਪੈਸੇ, ਅਮੀਰੀ ਜਾਂ ਸੁੱਖ-ਸਾਧਨ ਕਿਸਮਤ ਦੀ ਦੇਣ ਹਨ ਤਾਂ ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਕਿਸਮਤ ਦਾ ਵਜੂਦ ਤੁਹਾਡੀ ਮਿਹਨਤ, ਆਦਰਸ਼ ਅਤੇ ਦ੍ਰਿੜ੍ਹ ਸੰਕਲਪ ਸਾਹਮਣੇ ਕੁਝ ਵੀ ਨਹੀਂ ਹੈ, ਜੋ ਲੋਕ ਮਿਹਨਤ ਦਾ ਆਸਰਾ ਲੈ ਕੇ ਆਪਣੇ ਸੁਪਨਿਆਂ ਦੀ ਪੂਰਤੀ ਕਰਨ ਲਈ ਸਹੀ ਤਰੀਕੇ ਨਾਲ ਮਿਹਨਤ ਕਰਦੇ ਹਨ ਉਹ ਦੇਰ-ਸਵੇਰ ਮੰਜ਼ਿਲਾਂ ਤਕ ਪਹੰਚ ਜਾਂਦੇ ਹਨ ਅਤੇ ਜੋ ਨਹੀਂ ਪਹੁੰਚ ਸਕੇ ਉਹਨਾਂ ਨੂੰ ਮੁੜ੍ਹ ਤੋਂ ਹੋਰ ਜਿਆਦਾ ਅਤੇ ਯੋਜਨਾਬੱਧ ਤਰੀਕੇ ਨਾਲ ਕੋਸ਼ਿਸ਼ ਕਰਨ ਲਈ ਕਮਰਕੱਸ ਲੈਣੀ ਚਾਹੀਦੀ ਹੈ ਬਜਾਇ ਇਸਦੇ ਕਿ ਬਹਿ ਕੇ ਕਿਸਮਤ ਅਤੇ ਦੁਨੀਆਂ ਦੇ ਨੁਕਸ ਕੱਢੇ ਜਾਣ ਆਪਣੇ-ਆਪ ਦੀ ਪੜਚੋਲ ਕਰਨੀ ਚਾਹੀਦੀ ਹੈ ਅਤੇ ਇਮਾਨਦਾਰੀ ਨਾਲ ਆਪਣੀਆਂ ਗਲਤੀਆਂ ਨੂੰ ਵਿਚਾਰਨਾ ਚਾਹੀਦਾ ਹੈ। ਭਵਿੱਖ ਦੇ ਰੁੱਖ ਦਾ ਬੀਜ ਹਮੇਸ਼ਾਂ ਵਰਤਮਾਨ ਦੀ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ। ਜਿਸਨੂੰ ਮਿਹਨਤ ਦਾ ਪਾਣੀ, ਦ੍ਰਿੜ ਸੰਕਲਪ ਦੀ ਖਾਦ ਅਤੇ ਸੰਯਮ ਦੀ ਦੇਖਭਾਲ ਝੱਖੜ-ਤੂਫ਼ਾਨਾਂ ਤੋਂ ਬਚਾ ਕੇ ਫਲਦਾਰ ਬਣਾਉਂਦੀ ਹੈ।

ਅਸੀਂ ਜੋ ਅੱਜ ਦੇ ਹਾਲਾਤ ਜਾਂ ਨਤੀਜਿਆਂ ਨੂੰ ਵੇਖ ਰਹੇ ਹਾਂ ਇਹ ਸਾਡੇ ਭੂਤਕਾਲ ਦੇ ਕਰਮਾਂ(ਕੰਮਾਂ) ਦਾ ਨਤੀਜਾ ਹੈ ਅਤੇ ਜੋ ਅਸੀਂ ਅੱਜ ਕਰ ਰਹੇ ਹਾਂ ਉਹ ਸਾਡੇ ਭਵਿੱਖ ਦੀ ਰੂਪ-ਰੇਖਾ ਤੈਅ ਕਰਦਾ ਹੈ। ਇਸ ਲਈ ਆਪਣੇ ਵਰਤਮਾਨ ਦੀ ਵਰਤੋਂ ਹਮੇਸ਼ਾਂ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਭੂਤ ਅਤੇ ਭਵਿੱਖ ਸਹੀ ਨਿਰਦੇਸ਼ ,ਦਿਸ਼ਾ ਅਤੇ ਨਤੀਜੇ ਹਾਸਿਲ ਕਰ ਸਕਣ। ਇਨਸਾਨ ਨੂੰ ਕਾਮਯਾਬ ਹੋਣੋ ਸਿਰਫ ਇਕ ਹੀ ਸ਼ਕਤੀ ਰੋਕ ਸਕਦੀ ਹੈ ਉਹ ਹੈ ਉਸਦਾ ਆਪਣਾ-ਆਪ।

ਕਿਸੇ ਵੀ ਸਫਰ ਦੀ ਸ਼ੁਰੂਵਾਤ ਕਰਨ ਤੋਂ ਪਹਿਲਾਂ ਮੰਜ਼ਿਲ ਦਾ ਥਾਂ-ਟਿਕਾਣਾ ਪਤਾ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਜਦੋਂ ਤਕ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਪਹੁੰਚਣਾ ਕਿੱਥੇ ਹੈ ਉਨ੍ਹਾਂ ਚਿਰ ਅਸੀਂ ਸਫਰ ਨਹੀਂ ਕਰ ਸਕਦੇ ਤੇ ਜੇ ਮੰਜ਼ਿਲ ਦਾ ਪਤਾ ਨਾ ਹੋਣ ਦੇ ਬਾਵਜੂਦ ਸਫ਼ਰ ਸ਼ੁਰੂ ਕਰ ਦੇਂਦੇ ਹਾਂ ਤਾਂ ਭਟਕਣਾ ਤੈਅ ਹੈ ਅਤੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਅਸੀਂ ਕਿਸੇ ਵੀ ਜਗ੍ਹਾ ਨੂੰ ਮੰਜ਼ਿਲ ਸਮਝ ਕੇ ਉਸਨੂੰ ਅਪਣਾ ਸਕਦੇ ਹਾਂ ਜੋ ਕਿ ਆਪਣੇ-ਆਪ ਨੂੰ ਭੇਲਖੇ ਵਿੱਚ ਜਿਉਣ ਲਈ ਮਜਬੂਰ ਕਰਨਾ ਹੈ। ਸਾਡੀ ਸਭ ਤੋਂ ਵੱਡੀ ਮੁਸ਼ਕਿਲ ਹੀ ਇਹ ਹੈ ਕਿ ਜਿਆਦਾਤਰ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਕੀ ਹਨ, ਉਹਨਾਂ ਦਾ ਰੁਝਾਨ ਕੀ ਹੈ, ਉਹ ਇਹ ਕੋਰਸ ਜਾਂ ਨੌਕਰੀ ਹੀ ਕਿਉਂ ਕਰਨਾ ਚਾਉਂਦੇ ਹਨ, ਉਹ ਇਸ ਕੰਮ ਨੂੰ ਪਸੰਦ ਕਰਦੇ ਹਨ ਜਾਂ ਕਿਸੇ ਹੋਰ ਨੂੰ ਇਹ ਸਭ ਕੰਮ ਕਰਨ ਨਾਲ ਵਧੀਆ ਕਮਾਈ ਹੋ ਰਹੀ ਹੈ ਇਸ ਲਈ ਤੁਸੀਂ ਵੀ ਇਹ ਕੰਮ ਕਰਨਾ ਸ਼ੁਰੂ ਕਰ ਦਿਤਾ, ਉਹਨਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ, ਅਸੀਂ ਜੋ ਕਰਨਾ ਜਾਂ ਬਣਨਾ ਚਾਉਂਦੇ ਹਾਂ ਉਸ ਲਈ ਜਿਨੀ ਮਿਹਨਤ ਅਤੇ ਸਮਾਂ ਲੋੜੀਂਦਾ ਹੈ ਕੀ ਅਸੀਂ ਉਹ ਦੇ ਰਹੇ ਹਾਂ।  ਇਹਨਾਂ ਸਵਾਲਾਂ ਦੇ ਜਵਾਬ ਨਾ ਪਤਾ ਹੋਣ ਕਰਕੇ ਹੀ ਸਭ ਉਲਝਣਾਂ ਪੈਦਾ ਹੁੰਦੀਆਂ ਹਨ ਕਿਉਂਕਿ ਅਸੀਂ ਅਕਸਰ ਕਿਸੇ ਦੂਜੇ ਦੇ ਰਾਹ ਤੇ ਚਲਦੇ ਹਾਂ ਅਤੇ ਇਹਨਾਂ ਇਸਦਾ ਕਾਰਨ ਇਹ ਹੈ ਕਿ ਅਸੀਂ ਕਦੇ ਆਪਣੇ-ਆਪ ਨੂੰ ਇਹ ਸਵਾਲ ਕੀਤੇ ਹੀ ਨਹੀਂ। ਕਿਸੇ ਵਰਗਾ ਬਣਨ ਦੀ ਦੌੜ ਵਿੱਚ ਦੌੜਣ ਦੀ ਬਜਾਇ ਆਪਣੇ-ਆਪ ਵਰਗਾ ਬਣਨ ਨਾਲ ਕਾਮਯਾਬੀ ਦੀ ਸੰਭਾਵਨਾ ਯਕੀਨੀ ਹੋ ਜਾਂਦੀ ਹੈ। ਆਪਣੇ ਨਿਸ਼ਾਨੇ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਆਪਣੇ-ਆਪ ਨੂੰ ਉਸਦੇ ਯੋਗ ਬਣਾਉਣ ਲਈ ਆਪਣੀਆਂ ਕਮੀਆਂ ਅਤੇ ਖੂਬੀਆਂ ਦੀ ਨਿਸ਼ਾਨਦੇਹੀ ਕਰਨੀ ਬਹੁਤ ਜਰੂਰੀ ਹੈ ਕਿਉਂਕਿ ਇਸ ਪ੍ਰੀਕਿਰਿਆ ਵਿੱਚ ਤੁਹਾਨੂੰ ਜੋ ਕੋਈ ਸਮਾਨ ਚਾਹੀਦਾ ਹੈ ਤੁਸੀਂ ਉਸਦੇ ਮੁੱਖ ਤੱਤ ਹੋ। ਆਪਣੀ ਪਛਾਣ ਕਰਨਾ ਇਸ ਸਫਰ ਦਾ ਸਭ ਤੋਂ ਮੁਢਲਾ ਅਤੇ ਜਰੂਰੀ ਕਦਮ ਹੈ।ਅੱਗੇ ਵਧਣ ਲਈ ਕਦਮ ਪੁੱਟਣਾ ਜਰੂਰੀ ਹੈ, ਕਦਮ ਪੁੱਟਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ, ਹੌਂਸਲਾ ਆਤਮਵਿਸ਼ਵਾਸ ਵਿੱਚੋ ਜਨਮ ਲੈਂਦਾ ਹੈ ਅਤੇ ਆਤਮਵਿਸ਼ਵਾਸ ਅਭਿਆਸ ਦੀ ਦੇਣ ਹੈ। ਸਫਲਤਾ ਹਾਸਲ ਕਰਨ ਦਾ ਕੋਈ ਚੋਰ ਜਾਂ ਛੋਟਾ ਰਸਤਾ ਨਹੀਂ ਹੈ, ਜਿਸ ਵੀ ਮੰਜ਼ਿਲ ਨੂੰ ਤੁਸੀਂ ਹਾਸਿਲ ਕਰਨਾ ਚਾਉਂਦੇ ਹੋ ਹਰ ਰੋਜ ਥੋੜ੍ਹਾ-ਥੋੜ੍ਹਾ ਕਰਕੇ ਉਸ ਵੱਲ ਕਦਮ ਵਧਦੇ ਹਨ, ਇਕ ਬੀਜ ਨੂੰ ਰੁੱਖ ਬਣਨ ਅਤੇ ਫ਼ਲ ਲੱਗਣ ਤੱਕ ਦਾ ਪੈਂਡਾ ਤੈਅ ਕਰਨ ਲਈ ਜਿੰਨ੍ਹਾਂ ਲੋੜੀਂਦਾ ਸਮਾਂ ਚਾਹੀਦਾ ਹੈ ਉਹ ਉਸਨੂੰ ਲੱਗਣਾ ਹੀ ਹੈ। ਜੋ ਇਨਸਾਨ ਪਤਝੜ, ਬਹਾਰਾਂ, ਹਨੇਰੀਆਂ, ਸੋਕਿਆਂ ਦੀ ਇਸ ਪ੍ਰੀਕਿਰਿਆ ਵਿਚੋਂ ਗੁਜਰਨ ਵਿੱਚ ਕਾਮਯਾਬ ਹੁੰਦਾ ਹੈ ਉਸਨੂੰ ਹੀ ਸਫਲਤਾ ਦਾ ਫ਼ਲ ਲਗਦਾ ਹੈ। ਇਹੀ ਕਾਰਨ ਹੈ ਕਿ ਕੁਝ ਮੁੱਠੀ-ਭਰ ਲੋਕ ਹੀ ਮੁਸ਼ਕਿਲਾਂ ਅਤੇ ਹਾਰਾਂ ਦੇ ਔਖੇ ਰਾਹਾਂ ਨੂੰ ਪਾਰ ਕਰਕੇ ਕਾਮਯਾਬੀ ਦੀਆਂ ਉਹਨਾਂ ਚੋਟੀਆਂ ਉੱਤੇ ਜਿੱਤ ਦੇ ਝੰਡੇ ਗੱਡਣ ਵਿੱਚ ਕਾਮਯਾਬ ਹੁੰਦੇ ਹਨ ਅਤੇ ਬਹੁਤੇ ਹਿੰਮਤ ਛੱਡ ਕੇ ਹਾਰ ਸਾਹਮਣੇ ਗੋਡੇ ਟੇਕ ਕੇ ਸਾਰੀ ਉਮਰ ਕਿਸਮਤ ਦੀ ਬੇਵਫ਼ਾਈ ਨੂੰ ਗੱਲ ਨਾਲ ਲਾ ਰੱਖਦੇ ਹਨ। ਹਾਰ ਅਤੇ ਜਿੱਤ ਵਿੱਚਲਾ ਇਹ ਫਰਕ ਬਹੁਤ ਸੂਖਮ ਵੀ ਹੈ ਤੇ ਵਿਸ਼ਾਲ ਵੀ। ਹਿੰਮਤ ਕਰਨ ਵਾਲੇ ਹਾਰਨ ਤੋਂ ਬਾਅਦ ਫ਼ਿਰ ਉਠਦੇ ਹਨ ਤੇ ਉਦੋਂ ਤੱਕ ਕੋਸ਼ਿਸ਼ ਕਰਦੇ ਰਹਿੰਦੇ ਹਨ ਜਦੋਂ ਤੱਕ ਜਿੱਤ ਉਹਨਾਂ ਦੀ ਨਹੀਂ ਹੋ ਜਾਂਦੀ,ਉਹਨਾਂ ਲਈ ਇਹ ਫਰਕ ਬਹੁਤ ਸੂਖਮ ਹੁੰਦਾ ਹੈ ਅਤੇ ਜੋ ਪਿੱਛੇ ਮੁੜ ਜਾਂਦੇ ਹਨ ਉਹਨਾਂ ਲਈ ਇਹ ਫ਼ਾਸਲਾ ਹਰ ਪਲ ਵਧਦਾ ਜਾਂਦਾ ਹੈ। ਦੁਨੀਆਂ ਦੇ ਕਿਸੇ ਵੀ ਕਾਮਯਾਬ ਇਨਸਾਨ ਭਾਵੇਂ ਉਹ ਕੋਈ ਕਾਰੋਬਾਰੀ ਹੈ, ਸਾਇੰਸਦਾਨ ਹੋਵੇ, ਕਲਾਕਾਰ ਹੋਵੇ ਜਾਂ ਕੋਈ ਸਮਾਜ ਸੇਵੀ ਸਭ ਦੀਆਂ ਜ਼ਿੰਦਗੀਆ ਵਿੱਚ ਕਿੰਨਾ ਕੁਝ ਸਮਾਨ ਸੀ, ਉਹਨਾਂ ਦੇ ਕਾਰਜ ਖੇਤਰ ਅਲੱਗ-ਅਲੱਗ ਹੋ ਸਕਦੇ ਸਨ, ਪਰ ਉਹਨਾਂ ਦੀ ਕਾਮਯਾਬੀ ਦਾ ਸਫਰ ਇੱਕੋ ਜਿਹਾ ਸੀ। ਜਿਆਦਾਤਰ ਲੋਕ ਮੱਧ-ਵਰਗ ਜਾਂ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸਨ ਸਭ ਦੀਆਂ ਜ਼ਿੰਦਗੀਆਂ ਵਿੱਚ ਬਹੁਤ ਤਕਲੀਫ਼ਾਂ ਤੇ ਔਕੜਾਂ ਸਨ ਪਰ ਉਹ ਸਭ ਸੁਪਨੇ ਵੇਖਦੇ ਸਨ, ਉਹਨਾਂ ਨੂੰ ਪੂਰੇ ਕਰਨ ਲਈ ਮਿਹਨਤ ਕਰਦੇ ਸਨ, ਦਿਨ ਰਾਤ ਅੱਗੇ ਵਧਦੇ-ਵਧਦੇ, ਆਪਣੇ-ਆਪ ਨੂੰ ਬਿਹਤਰ ਬਣਾਉਂਦੇ, ਸਿਖਦੇ ਹੋਏ ਉਹ ਸਭ ਮੁਕਾਮ ਹਾਸਿਲ ਕਰ ਲਏ ਜਿਨ੍ਹਾਂ ਸਾਹਮਣੇ ਚਮਤਕਾਰ ਸ਼ਬਦ ਵੀ ਬੌਣਾ ਪ੍ਰਤੀਤ ਹੁੰਦਾ ਹੈ। ਇਨਸਾਨ ਜਦੋਂ ਤੱਕ ਆਪਣੇ ਮਨ ਵਿੱਚ ਸੰਘਰਸ਼ ਦੀ ਲੋ ਜਗਾਈ ਰੱਖਦਾ ਹੈ ਅਤੇ ਮੈਦਾਨ ਵਿੱਚ ਨਿਤਰਿਆ ਰਹਿੰਦਾ ਹੈ ਉਸਦੇ ਜਿੱਤਣ ਦੀ ਆਸ ਬਣੀ ਰਹਿੰਦੀ ਹੈ ਅਤੇ ਜਦੋਂ ਉਹ ਆਪਣੇ ਮਨ ਵਿੱਚ ਹੀ ਆਪਣੀ ਹਾਰ ਕਬੂਲ ਕਰ ਲੈਂਦਾ ਹੈ ਤਾਂ ਉਸਤੋਂ ਬਾਅਦ ਹਾਰ ਯਕੀਨੀ ਹੈ।

ਕਾਮਯਾਬ ਜ਼ਿੰਦਗੀ ਜੀਣ ਲਈ ਸੁਪਨੇ ਵੇਖਣਾ ਬਹੁਤ ਜਰੂਰੀ ਹੈ ਕਿਉਂਕਿ ਸੁਪਨੇ ਹਮੇਸ਼ਾਂ ਮੰਜ਼ਿਲ ਦੀ ਤਸਵੀਰ ਸਾਡੇ ਦਿਮਾਗ ਵਿੱਚ ਬਣਾਉਂਦੇ ਹਨ, ਕਿਸੇ ਵੀ ਚੀਜ਼ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਉਹ ਸਾਡੇ ਦਿਮਾਗ ਵਿੱਚ ਸ਼ਕਲ ਲੈ ਲੈਂਦੀ ਹੈ ਅਤੇ ਜਦ ਅਸੀਂ ਉਸ ਸੁਪਨੇ ਤੇ ਯਕੀਨ ਕਰਦੇ ਹਾਂ ਤਾਂ ਸਾਡਾ ਅਵਚੇਤਨ ਮਨ ਉਸ ਤਸਵੀਰ ਨੂੰ ਸੱਚ ਮੰਨ ਲੈਂਦਾ ਹੈ ਅਤੇ ਉਸ ਦੀ ਪੂਰਤੀ ਲਈ ਯਤਨਸ਼ੀਲ ਹੋ ਜਾਂਦਾ ਹੈ ਅਤੇ ਜੇਕਰ ਅਸੀਂ ਨਾਕਾਮਯਾਬੀ ਦੀ ਕਲਪਨਾ ਕਰਦੇ ਹਾਂ ਜਾਂ ਨਾਮਕਮਯਾਬ ਹੋਣ ਦੇ ਡਰ ਵਿਚ ਜੀ ਰਹੇ ਹਾਂ ਤਾਂ ਅਵਚੇਤਨ ਮਨ ਇਸਨੂੰ ਸੱਚ ਮੰਨ ਕਰ ਉਸ ਅਨੁਸਾਰ ਪ੍ਰੀਕਿਰਿਆ ਕਰਦਾ ਹੈ। ਅਸੀਂ ਸਾਫ਼ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਸਾਡੀ ਸੋਚ, ਸਾਡੀ ਕਲਪਨਾ ਹੀ ਇਹ ਤੈਅ ਕਰਦੀ ਹੈ ਕਿ ਅਸੀਂ ਜ਼ਿੰਦਗੀ ਵਿੱਚ ਕੀ ਹਾਸਿਲ ਕਰਨਾ ਚਾਹੁੰਦੇ ਹਾਂ। ਕਾਮਯਾਬ ਲੋਕਾਂ ਦੀ ਸਭ ਤੋਂ ਵੱਡੀ ਖੂਬੀ ਉਹਨਾਂ ਦੀ ਸੁਪਨੇ ਵੇਖਣ ਦੀ ਆਦਤ ਹੈ, ਉਹ ਜੋ ਵੀ ਕੰਮ ਕਰਨਾ ਚਾਉਂਦੇ ਹਨ ਉਸਦੀ ਤਸਵੀਰ ਪਹਿਲਾਂ ਤੋਂ ਹੀ ਉਹਨਾਂ ਦੇ ਚੇਤਨ ਅਤੇ ਅਵਚੇਤਨ ਮਨ ਵਿੱਚ ਸਪਸ਼ਟ ਹੁੰਦੀ ਹੈ ਜਿਸਦੇ ਫਲਸਰੂਪ ਉਹਨਾਂ ਦਾ ਦਿਮਾਗ ਅੱਗੇ ਵਧਣ ਲਈ ਨਿਰਦੇਸ਼ਨ ਕਰਦਾ ਰਹਿੰਦਾ ਹੈ। ਆਪਣੇ ਮਨ ਦੀ ਸ਼ਕਤੀ ਨੂੰ ਆਪਣੇ ਵੱਸ ਵਿੱਚ ਕਰਕੇ ਉਹ ਦੁਨੀਆਂ ਵਿੱਚ ਨਾਮੁਮਕਿਨ ਲੱਗਣ ਵਾਲੇ ਕੰਮ ਵੀ ਆਸਾਨੀ ਨਾਲ ਕਰ ਜਾਂਦੇ ਹਨ। ਆਪਣੇ ਦੇਸ਼ ਦੇ ਪੂਰਵ ਰਾਸ਼ਟਰਪਤੀ ਅਤੇ ਉਘੇ ਸਾਇੰਸਦਾਨ ਸ਼੍ਰੀ ਅਬਦੁਲ ਕਲਾਮ ਜੀ ਦੀ ਹੀ ਉਧਾਰਣ ਵੇਖ ਸਕਦੇ ਹਾਂ ਉਹ ਇਕ ਬਹੁਤ ਹੀ ਸਾਧਾਰਨ ਪਰਵਾਰ ਨਾਲ ਸੰਬੰਧਿਤ ਸਨ ਪਰ ਉਹਨਾਂ ਦੇ ਸੁਪਨੇ ਅਸਧਾਰਨ ਸਨ, ਉਹਨਾਂ ਦਾ ਆਪਣੇ-ਆਪ ਅਤੇ ਆਪਣੇ ਸੁਪਨਿਆਂ ਤੇ ਯਕੀਨ ਨੇ ਉਹਨਾਂ ਦਾ ਮਾਰਗ ਦਰਸ਼ਨ ਕੀਤਾ ਅਤੇ ਉਹ ਕਿਥੋਂ ਸ਼ੁਰੂ ਹੋ ਕੇ ਕਿਸ ਮੁਕਾਮ ਤੱਕ ਪੁਹੰਚ ਗਏ ਉਹ ਸਭ ਦੱਸਣ ਦੀ ਲੋੜ ਨਹੀਂ। ਜੋ ਇਨਸਾਨ ਇਕ ਸਮੇਂ ਅਖਬਾਰਾਂ ਵੇਚ ਕੇ ਗੁਜ਼ਾਰਾ ਕਰਦਾ ਸੀ ਅੱਜ ਪੂਰੀ ਦੁਨੀਆਂ ਉਹਨਾਂ ਦਾ ਨਾਮ ਸੁਣ ਕੇ ਮਾਣ ਮਹਿਸੂਸ ਕਰਦੀ ਹੈ। ਹੋਰ ਵੀ ਕਿੰਨੀਆਂ ਉਦਹਾਰਣਾਂ ਅਸੀਂ ਪੜ੍ਹਦੇ, ਸੁਣਦੇ ਅਤੇ ਵੇਖਦੇ ਹਾਂ। ਹਰ ਇਨਸਾਨ ਕੋਲ ਉਹੀ 24 ਘੰਟੇ ਹਨ, ਉਹੀ ਦਿਨ ਹਨ, ਓਹੀ ਮਹੀਨੇ ਅਤੇ ਓਹੀ ਸਾਲ ਹਨ ਪਰ ਉਹਨਾਂ ਦੀ ਵਰਤੋਂ ਨਤੀਜਿਆਂ ਵਿੱਚ ਬਹੁਤ ਜ਼ਮੀਨ-ਅਸਮਾਨ ਦਾ ਫ਼ਰਕ ਪਾ ਦੇਂਦੀ ਹੈ।

ਅਗਲੀ ਵਾਰੀ ਜਦੋਂ ਵੀ ਜ਼ਿੰਦਗੀ ਬੋਝ ਲੱਗੇ ਤਾਂ ਹਲਾਤਾਂ ਨੂੰ ਕੋਸਣ ਦੀ ਬਜਾਇ ਹਲਾਤਾਂ ਨੂੰ ਵਾਚਣ ਦੀ ਆਦਤ ਪਾਓ, ਜ਼ਿੰਦਗੀ ਨਾਲ ਗਿਲੇ ਨਹੀਂ ਜ਼ਿੰਦਗੀ ਨਾਲ ਸਲਾਹ ਕਰੋ, ਨਾਕਾਮਯਾਬੀ ਆਪਣੇ ਆਪ ਕਾਮਯਾਬੀ ਦਾ ਰਸਤਾ ਦਿਖਾ ਦੇਵੇਗੀ, ਮੁਸ਼ਕਲ ਆਪਣੇ ਵਿੱਚ ਲੁਕੇ ਹੱਲ ਉਜਾਗਰ ਕਰੇਗੀ, ਜ਼ਿੰਦਗੀ ਦਾ ਬੋਝ ਕੋਮਲ ਇਹਸਾਸ ਵਿੱਚ ਬਦਲ ਜਾਵੇਗਾ ਜੋ ਹਮੇਸ਼ਾ ਚਿਹਰੇ ਤੇ ਮੁਸਕਾਨ ਬਣਕੇ ਝਲਕਦਾ ਰਹੇਗਾ ਅਤੇ ਉਹੀ ਸੱਚੀ ਕਾਮਯਾਬੀ ਹੋਵਗੀ।

ਅੱਖਾਂ ਵਿੱਚ ਸੁਪਨੇ ਤੇ ਮੰਜ਼ਿਲਾਂ ਦੇ ਨਿਸ਼ਾਨ ਰੱਖ
ਪੈਰ ਜ਼ਮੀਨ ਉੱਤੇ, ਅੱਖ ਵਿੱਚ ਅਸਮਾਨ ਰੱਖ
ਰਾਹਾਂ ਟੇਢੀਆਂ ਨੇ ਤਾਂ ਕੀ ਗ਼ਮ ਹੈ
ਜਿੱਤ ਮਿਲੂਗੀ ਜਰੂਰ ਬਸ ਐਨਾ ਹੀ ਧਿਆਨ ਰੱਖ

ਸਨਦੀਪ ਸਿੰਘ ਸਿੱਧੂ 

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks