ਡਾਕੂਆਂ ਦਾ ਮੁੰਡਾ | ਭਾਗ ਦੂਜਾ | ਰਣ ਜੂਝਣ ਦਾ ਚਾਉ
ਮਿੰਟੂ ਗੁਰੂਸਰੀਆ
ਦੂਜਾ ਭਾਗ ਪੜ੍ਹਨ ਲਈ Click ਕਰੋ
ਜਦੋਂ ਮੈਂ ਅਬੋਹਰ ਪੜਦਾ ਹੁੰਦਾ ਸੀ ਤਾਂ ਉਸ ਸਕੂਲ ਦੀ ਇੱਕ ਕਬਡੀ ਟੀਮਹੁੰਦੀ ਸੀ। ਜਿਸ ਵਿੱਚ ਉਸ ਵੇਲੇ ਦੇ ਨਾਮਵਰ ਕਬੱਡੀ ਖਿਡਾਰੀ ਖੇਡਦੇ ਸਨ। ਇਹ ਜਦੋਂ ਪ੍ਰੈਕਟਿਸ ਕਰਦੇ ਤਾਂ ਇਨ੍ਹਾਂ ਦੇ ਲਿਸ਼ਕਦੇ ਪਿੰਡੇ ਮੈਨੂੰ ਬੜੀ ਖਿੱਚ ਪਾਉਂਦੇ। ਪਿੰਡ ਆਇਆ ਤਾਂ ਮਿਡਲ ਸਕੂਲ ਦੇ ਗਰਾਉਂਡ ਚ ਸ਼ਾਮ ਨੂੰ ਖਿਡਾਰੀ ਖੇਡਣ ਆ ਜਾਂਦੇ। ਮੈਂ ਉਨਾਂ ਨੂੰ ਨੀਝ ਨਾਲ ਵੇਖਦਾ। ਉਨ੍ਹਾਂ ਦੇ ਪੱਟਾਂ ਚ ਪੈਂਦੀਆਂ ਘੁੱਗੀਆਂ ਵੇਖ ਕੇ ਮੇਰੀਆਂ ਨਾੜਾਂ ਚ ਰੱਤ ਬੋਲੀਆਂ ਪਾਉਂਣ ਲੱਗਦੀ। ਮੈਨੂੰ ਅਜੀਬ ਜਿਹੇ ਨਸ਼ੇ ਦਾ ਅਹਿਸਾਸ ਹੁੰਦਾ। ਉੱਤੋਂ ਲੋਕਾਂ ਨੇ ਭਲਵਾਨ ਦਾ ਮੁੰਡਾ ਕਹਿਕੇ ਸੰਬੋਧਨ ਕਰਨਾ ਤਾਂ ਸੀਨਾ ਫੁੱਲ ਕੇ ਤੁੜੀ ਦਾ ਕੁੱਪ ਹੋ ਜਾਂਦਾ। ਨਾਲੇ ਕਹਿੰਦੇ ਆ ਭਲਵਾਨ ਦਾ ਖੂਨ ਸੱਤ ਪੀੜੀਆਂ ਬਾਅਦ ਵੀ ਉੱਬਲ ਪੈਂਦਾ ਹੈ, ਮੇਰੇ ਕੰਨਾਂ ‘ਚ ਤਾਂ ਮੇਰੇ ਬਾਪ ਦੀਆਂ ਕੁਝ ਸਾਲ ਪਹਿਲਾਂ ਮਾਰੀਆਂ ਕੈਚੀਆਂ ਦੇ ਕਿੱਸੇ ਪੈਂਦੇ ਸਨ।ਪਰ ਮੇਰਾ ਕੋਮਲ ਹਿਰਦਾ ਉਦੋਂ ਏ ਕੇ-47 ਦੇ ਵੱਜੇ ਬਰਸ਼ਟ ਵਾਂਗੂੰ ਛਨਣੀ ਹੋ ਜਾਂਦਾ ਜਦੋਂ ਕੋਈ ਆਖਦਾ “ਜੱਲੂ (ਮੇਰੇ ਬਾਪੂ ਦਾ ਛੋਟਾ ਨਾਂਅ) ਜੇ ਨਸ਼ੇ ਤੇ ਨਾ ਲੱਗਦਾ ਤਾਂ ਕਬੱਡੀ ’ਚ ਪਿੰਡ ਦੀ ਅੱਜ ਵੀ ਝੰਡੀ ਹੁੰਦੀ। ਮੈਂ ਉਦੋਂ ਮੁੱਠੀਆਂ ਮੀਚ ਲੈਂਦਾ। ਮੇਰੇ ਸੀਨੇ ਚੋਂ ਲਾਟ ਨਿਕਲਦੀ ਕਿ ਮੇਰੇ ਬਾਪੂ ਨੇ ਆਖ਼ਰ ਅਜਿਹਾ ਕਿਉਂ ਕੀਤਾ? ਇਹ ਦੂਜਾ ਮੌਕਾ ਸੀ ਜਦੋਂ ਮੈਨੂੰ ਆਪਣੇ ਬਾਪੂ ਤੋਂ ਘ੍ਰਿਣਾ ਜਿਹੀ ਹੋਣ ਲੱਗੀ। ਪਹਿਲਾ ਮੌਕਾ ਉਹ ਸੀ ਜਦੋਂ ਸੁਰਤ ਸੰਭਲਦਿਆਂ ਦਿਨੇ ਦੇਵਤਾ ਲੱਗਣ ਵਾਲੇ ਬਾਪ ਨੂੰ ਰਾਤ ਰਾਖਸ਼ਸ ਬਣਕੇ ਮਾਂ ਨੂੰ ਕੁੱਟਦਾ ਵੇਖਿਆ ਸੀ। ਇਸੇ ਨਫ਼ਰਤ ਦੇ ਚੱਲਦਿਆਂ ਤੇ ਲੋਕਾਂ ਕੋਲੋਂ ਸੁਲਾਂ ਜਿਹੀਆਂ ਗੱਲਾਂ ਸੁਣਦਿਆਂ ਮੈਂ ਛੇਵੀਂ ਦੇ ਆਖ਼ਰ ‘ਚ ਆਉਂਦਿਆਂ ਫ਼ੈਸਲਾ ਕਰ ਲਿਆ ਕਿ ਜੋ ਲੰਗੋਟਾ ਮੇਰੇ ਬਾਪਨੇ ਕਿੱਲੀ ਟੰਗ ਦਿੱਤੈ ਮੈਂ ਉਸ ਨੂੰ ਪਾ ਕੇ ਰਣ ’ਚ ਨਿੱਤਰਾਂਗਾ।
ਜਦੋਂ ਮਾਂ ਨੂੰ ਦੱਸਿਆ ਕਿ ਮੈਂ ਕਬਡੀ ਖੇਡਣੀ ਹੈ ਤਾਂ ਉਹ ਪਿਟ ਉਠੀ ਕਿ ਅੱਗੇ ਤੇਰੇ ਪਿਉ ਨੇ ਕਬੱਡੀ ‘ਚੋਂ ਹੀ ਭੱਤਾ ਭੰਨਾਇਆ ਹੈ। ਮਾਂ ਕਬੱਡੀ ਦੇ ਹੱਕ ‘ਚ ਨਹੀਂ ਸੀ ਪਰ ਇੱਕ ਖੁੰਝੇ ਖਿਡਾਰੀ ਲਈ ਇਸ ਤੋਂ ਵਧੀਆ ਗੱਲ ਕੀ ਹੋਵੇਗੀ ਕਿ ਉਸ ਦੀ ਔਲਾਦ ਉਸ ਦੇ ਬੇਜ਼ਾਰ ਸਫ਼ਨਿਆਂ ਨੂੰ ਪਰਵਾਜ਼ ਦੇਣ ਲਈ ਨਿਤਰ ਪਵੇ।ਬਾਪੂ ਦੇ ਜੋਰ ਪਾਉਣ ਤੇ ਮਾਂ ਨੇ ਆਖਿਆ ਕਿ ਪੇਪਰ ਦੇ ਕੇ ਖੇਡਣਾ ਸ਼ੁਰੂ ਕਰ ਪਰ ਬਾਪੂ ਨੇ ਕਿਹਾ ਕਿ ਮਿਹਨਤ (ਕਸਰਤ) ਸ਼ੁਰੂ ਕਰਦੇ। ਜਦੋਂ ਕਿਤੇ ਮੈਂ ਤੇ ਮੇਰਾ ਬਾਪੂ ਖੇਤ ਜਾਂਦੇ ਜਾਂ ਘਰ ‘ਚ ਦਾਅ ਲੱਗਦਾ ਤਾਂ ਅਸੀਂ ਗੱਥਮ-ਗੁੱਥਾ ਹੋ ਜਾਦੇ। ਜਿਵੇਂ-ਜਿਵੇਂ ਮੇਰਾ ਬਾਪ ਮੈਨੂੰ ਕਬਡੀ ਦੇ ਦਾਅ-ਪੇਚ ਸਿਖਾ ਰਿਹਾ ਸੀ ਓਵੇਂ-ਓਵੇਂ ਮੈਂ ਦਿਲ ‘ਚ ਪਲੀ ਨਫ਼ਰਤ ਦੀ ਖੇਤੀ ਨੂੰ ਉਜਾੜਦਾ ਜਾ ਰਿਹਾ ਸਾਂ। ਬਾਪੂ ਨੇ ਗੁੱਟ ਫੜ ਕੇ ਕੈਂਚੀ ਮਾਰਨੀ ਸਿਖਾ ਦਿੱਤੀ। ਮੈਂ ਰੇਡ ਕਰਨ (ਕਬੱਡੀ ਪਾਉਣ) ਦੀ ਮੁੱਢਲੀ ਟ੍ਰੇਨਿੰਗ ਵੀ ਲੈ ਲਈ। ਸਵੇਰੇ ਤਿੰਨ ਵਜੇ ਮੈਂ ਉੱਠਦਾ ਤੇ ਤੇਲ ਮਲ ਕੇ ਭੱਜਣ ਨਿਕਲ ਜਾਂਦਾ। ਮੇਰੇ ਹਾਣੀਆਂ ਨੂੰ ਕੋਈ ਖ਼ਬਰ ਨਹੀਂ ਸੀ ਕਿ ਮੈਂ ਕੀ ਕਰ ਰਿਹਾ ਹਾਂ।ਮੈਂ 5-5 ਕਿਲੋਮੀਟਰ ਦੌੜ ਤੋਂ ਇਲਾਵਾ ਨਿੱਤਨੇਮ ਨਾਲ ਸਪਰਿਟਾਂ (ਪੂਰੇ ਜ਼ੋਰ ਨਾਲ ਥੋੜੀ ਵਾਟ ਦੀ ਦੌੜ) ਲਾਉਂਦਾ।
ਇਸੇ ਦੌਰਾਨ ਮੇਰੇ ਬਾਪੂ ਨੇ ਕਿਹਾ ਕਿ ਵੇਟ (ਕਸਰਤ ਲਈ ਲੋਹੇ ਦੀਆਂ ਚੱਕਰੀਆਂ) ਲੈ ਆ। ਮੈਂ ਮਲੋਟ ‘ਚੋਂ ਪਤਾ ਕੀਤਾ ਪਰ ਕਿਸੇ ਦੁਕਾਨ ਤੋਂ ਮੈਨੂੰ ਵੇਟ ਨਾ ਮਿਲਿਆ। ਆਖ਼ਰ ਮੈਂ ਸਾਡੇ ਗੁਆਂਢ ‘ਚ ਰਹਿਣ ਵਾਲੇ ਰਾਮਦਾਸੀਆ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੂੰ ਨਾਲ ਲਿਆ ਤੇ ਮੁਕਤਸਰ ਜਾ ਵੱਜਾ। ਤਿਲਕੀ ਨਾਂਅ ਦਾ ਇਹ ਸੁਮੱਧਰ, ਜਿਹਾ ਅੱਤ ਦਾ ਤੇਜ ਸੀ ਤੇ ਉਸ ਸਮੇਂ ਮਲੋਟ ਦੀ ਮਸ਼ਹੂਰ ਕਿਤਾਬਾਂ ਵਾਲੀ ਦੁਕਾਨ ਮਾ: ਉਜਾਗਰ ਸਿੰਘ ਐਂਡ ਸੰਨਜ਼ ‘ਤੇ ਲੱਗਾ ਹੁੰਦਾ ਸੀ।ਮੁਕਤਸਰ ਤੋਂ ਅਸੀਂ 40 ਕਿਲੋਂ ਵੇਟ ਦੀਆਂ ਚੌਕਰੀਆਂ ਲਈਆਂ ਤੇ ਘਰ ਆ ਗਏ।ਇਹ ਉਦੋਂ 650 ਰੁਪੈ ਦਾ ਆਇਆ। ਉਸ ਵੇਲੇ ਐਨੇ ਕੁ ਪੈਸੇ ਨੂੰ ਮੋਟੀ ਰਕਮ ਕਿਹਾ ਜਾਂਦਾ ਸੀ। ਵੇਟ ਤਾਂ ਲੈ ਆਂਦਾ ਪਰ ਹੁਣ ਸਮੋਸਿਆ ਚੱਕਰੀਆਂ ਵਿੱਚ ਪਾਉਂਣ ਵਾਲੀ ਰਾਡ ਦੀ ਪੈਦਾ ਹੋ ਗਈ। ਮੈਂ ਕਿਸੇ ਘਰੋਂ ਜਾ ਕੇ ਟਰੈਕਟਰ ਤੇ ਚੱਲਣ ਵਾਲੀ ਟੋਕੇ ਦੀ ਲੱਠ ਲੈ ਆਂਦੀ। ਜਿਸ ਦਾ ਇੱਕ ਸਿਰਾ ਪਹਿਲਾਂ ਹੀ ਫਿੱਟ ਸੀ ਤੇ ਦੂਜਾ ਮੈਂ ਮਿਸਤਰੀ ਕੋਲੋਂ ਸਾਨ ’ਤੇ ਛਿਲਵਾ ਲਿਆਇਆ। ਮੈਂ ਵੀਹ-ਵੀਹ ਇੱਟਾਂ ਜੋੜ ਕੇ ਦੋ ਬੁਰਜੀਆਂ ਖੜੀਆਂ ਕਰ ਲਈਆਂ ਜੋ ਧਰਤੀ ਤੋਂ ਢਾਈ ਕੁ ਫੁੱਟ ਉੱਚੀਆਂ ਸਨ ਤੇ ਜਿੰਨਾਂ ਦੀ ਦੂਰੀ ਆਪਸ ਵਿੱਚ ਪੰਜ ਕੁ ਫੁੱਟ ਸੀ। ਦੋਵਾਂ ਬੁਰਜੀਆਂ ਦੇ ਵਿਚਾਲੇ ਘਰ ‘ਚ ਪਿਆ ਪੁਰਾਣਾ ਦਰਵਾਜਾ (ਤਖ਼ਤਾ) ਰੱਖ ਲਿਆ।ਇਸ ਦਰਵਾਜੇ ਨੂੰ ਬੈਂਚ ਦਾ ਰੂਪ ਦੇ ਕੇ ਮੈਂ ਲੰਮਾ ਪੈ ਕੇ ਬੈਂਚ ਪ੍ਰੈੱਸ ਸ਼ੁਰੂ ਕਰ ਦਿੱਤੀ।ਤਿੰਨ ਮਹੀਨੇ ਮੈਂ ਬੈਂਚ ਪ੍ਰੈੱਸ ਤੇ ਡੰਡ ਬੈਠਕਾਂ ਨਾਲ ਸਰੀਰ ਪਿੰਜ ਦਿੱਤਾ। ਪੋਹ ਮਾਘ ਦੀਆਂ ਰਾਤਾਂ ਚ ਵੀ ਮੈਂ ਦੋ ਵਜੇ ਉੱਠ ਕੇ ਭੱਜਣ ਚਲਾ ਜਾਂਦਾ। ਮੇਰਾ ਸਰੀਰ ਸੁਡੌਲ ਹੋ ਗਿਆ। ਘਿਓ-ਬਦਾਮਾਂ ਦੀ ਤਾਕਤ ਹੁਣ ਸਿਰ ਚੜਕੇ ਬੋਲ ਰਹੀ ਸੀ।ਮੇਰਾ ਦਿਲ ਕਰਦਾ ਕਿ ਮੈਂ ਰੁੱਖ ਪੱਟ ਕੇ ਮੂਧਾ ਮਾਰ ਦਿਆਂ। ਕਦੇ ਦਿਲ ਕਰਦਾਪ ਕੀ ਕੰਧ ਚ ਸਿਰ ਮਾਰ ਕੇ ਵੇਖਾਂ ਕਿ ਗੱਲ ਬਣੀ ਕਿ ਨਹੀਂ।
ਇੱਕ ਦਿਨ ਸ਼ਾਮ ਨੂੰ ਮੈਂ ਸਕੂਲ ਚ ਚਲਾ ਗਿਆ। ਖਿਡਾਰੀ ਖੇਡਣ ਲੱਗੇ ਤਾਂ ਮੈਥੋਂ ਰਿਹਾ ਨਾ ਗਿਆ। ਮੈਂ ਆਪਣੇ ਲੀੜੇ ਲਾਹ ਕੇ ਪਰਾਂ ਮਾਰੇ। ਕੰਧ ਨਾਲ ਜਾ ਕੇਲੰਗੋਟਾ ਬੰਨ ਲਿਆ। ਅਗਲੇ ਪਲ ਮੱਥਾ ਟੇਕ ਕੇ ਮੈਂ ਮੈਦਾਨ ਅੰਦਰ ਵੜ ਗਿਆ।ਲੋਕ ਦੰਗ ਰਹਿ ਗਏ ਕਿ ਭਲਵਾਨ ਦਾ ਸੋਹਲ ਜਿਹਾ ਮੁੰਡਾ ਕਿੱਧਰ ਸਾਨ੍ਹਾਂ ਦੇ ਭੇੜਚ ਆ ਵੜਿਆ? ਪਰ ਭਲਵਾਨ ਦਾ ਮੁੰਡਾ ਤਾਂ ਅੱਜ ਕੁਝ ਹੋਰ ਹੀ ਸੋਚੀ ਬੈਠਾਸੀ। ਦਰਅਸਲ ਮੈਂ ਖੇਡਣ ਵਾਲੇ ਸਾਰੇ ਖਿਡਾਰੀਆਂ ਨੂੰ ਪਹਿਲਾਂ ਹੀ ਤਾੜ ਰੱਖਿਆ ਸੀ। ਦੋ ਭਰਾਵਾਂ ਤੇ ਮੇਰੀ ਖ਼ਾਸ ਅੱਖ ਸੀ ਕਿ ਡੱਕਣੇ ਇਹੋ ਹੀ ਆ ਭਾਵੇਂ ਮਰ ਜਾਵਾਂ ਪੂਛ ਤੁੜਾ ਕੇ। ਮੈਨੂੰ ਮੈਦਾਨ ਅੰਦਰ ਗਏ ਨੂੰ ਇੱਕ ਟੀਮ ‘ਚ ਵੰਡ ਲਿਆ ਗਿਆ। ਉਹ ਦੋਵੇਂ ਭਰਾ ਇੱਕ ਪਾਸੇ ਸਨ। ਸ਼ਾਇਦ ਉਨ੍ਹਾਂ ਸੀਟੀ ਰਲਾਈ ਹੋਈ ਸੀ ਕਿ ‘ਜੋੜੀ ਘਰਦੀ ਰਹੇ ਵਿਰੋਧੀਆਂ ਦੇ ਸੀਨੇ ਲੜਦੀ ਰਹੇ। ਮੈਨੂੰ ਮਾੜੀ ਟੀਮ ਵੱਲ ਧੱਕ ਦਿੱਤਾ ਗਿਆ ਤੇ ਉਸ ਟੀਮ ਨੇ ਮੈਨੂੰ ਜਾਫ਼ੀਆਂ ‘ਚ ਖਲ੍ਹਾਰ ਦਿੱਤਾ। ਮੈਂ ਜਾਫ਼ੀਆਂ ਦੀ ਚੇਨ ਦੇ ਵਿਚਾਲੇ ਲੱਗ ਗਿਆ। ਮੈਂ ਜਾਣਦਾ ਸੀ ਕਿ ਦੋਵਾਂ ਭਰਾਵਾਂ ਚੋਂ ਛੋਟਾ ਛੁਰਲੀ ਮੈਨੂੰ ਹੀ ਟਾਰਗੇਟ ਕਰੇਗਾ। ਉਸ ਨੇ ਪੱਟਾਂ ‘ਤੇ ਹੱਥ ਮਾਰ ਕੇ ਸੱਜੇ ਝਾਕਾ ਦੇ ਕੇ ਖੱਬੇ ਨੂੰ ਦਬਾਇਆ ਤੇ ਅੰਤ ਵਿੱਚ ਮੇਰੇ ਵੱਲ ਨੂੰ ਟੁੱਟ ਪਿਆ। ਇਸ ਤੋਂ ਪਹਿਲਾਂ ਕਿ ਮੈਂ ਲੱਤਾਂ ‘ਚ ਬਹਿੰਦਾ ਤੇ ਉਹ ਆਪਣਾ ਪਸੰਦੀਦਾ ਦਾਅ ਜੰਪ ਮਾਰਦਾ ਮੈਂ ਉਸ ਨੂੰ ਮੋਢਿਆਂ ‘ਤੇ ਤੋਰੀ ਵਾਂਗ ਲਮਕਾ ਲਿਆ। ਦੂਜਾ ਆਇਆ ਤਾਂ ਮੈਂ ਗੁੱਟੋ ਠੱਲ ਲਿਆ। ਮੇਰੇ ਭੋਲੇ ਜਿਹੇ ਚਿਹਰੇ ਤੋਂ ਹੁਣ ਕੋਈ ਨਜ਼ਰ ਹਟ ਨਹੀਂ ਸੀ ਰਹੀ। ਮੈਂ ਜੋ ਕਰਨ ਆਇਆ ਸੀ ਉਹ ਕਰ ਚੁੱਕਾ ਸੀ।
ਇਸ ਤੋਂ ਬਾਅਦ ਮੈਨੂੰ ਸੀਨੀਅਰ ਖਿਡਾਰੀ ਕਲਾਸ ‘ਚੋਂ ਖੇਡਣ ਲਈ ਲੈ ਜਾਂਦੇ।ਕੁਝ ਖਿਡਾਰੀ ਖੇਡ ਦੌਰਾਨ ਖ਼ਾਰ ਖਾਂਦਿਆਂ ਮੈਨੂੰ ਬੜਾ ਕੁੱਟਦੇ ਤੇ ਮੇਰੀ ਛਾਤੀ ਲਾਲ ਹੋ ਜਾਂਦੀ ਕਿਉਂਕਿ ਮੇਰਾ ਰੰਗ ਬਹੁਤ ਜ਼ਿਆਦਾ ਗੋਰਾ ਸੀ। ਹੌਲੀ-ਹੌਲੀ ਮੇਰੀ ਗੇਮ ਨਿੱਖਰਦੀ ਜਾ ਰਹੀ ਸੀ। ਮੈਂ ਆਪਣਾ ਜੂੜਾ ਕਟਵਾ ਦਿੱਤਾ। ਹੁਣ ਪਿੰਡ ਦੀ ਟੀਮ ਦੇ ਖਿਡਾਰੀ ਮੈਨੂੰ ਬਾਹਰ ਟਰਨਾਮੈਂਟਾਂ ‘ਤੇ ਵੀ ਲੈ ਜਾਂਦੇ।
ਮੈਨੂੰ ਪਹਿਲੀ ਵਾਰ ਮੈਦਾਨ ‘ਚ ਉਤਰਣ ਦਾ ਮੌਕਾ ਮਿਲਿਆ ਪਿੰਡ ਫੱਕਰਸਰ ਵਿੱਚ ਜਿੱਥੇ ਸ਼ੋਅ ਮੈਚ ਵਿੱਚ ਮੈਨੂੰ ਜਗਾ ਦਿੱਤੀ ਗਈ। ਸਪੀਕਰ ‘ਚੋਂ ਦੋ ਹੀ ਨਾਂਅ ਬੋਲੇ ਜਾ ਰਹੇ ਸਨ। ਇਹ ਨਾਂਅ ਸਨ ‘ਗੁਰੂਸਰ (ਮੇਰਾ ਪਿੰਡ ਨਹੀਂ ਗਿੱਦੜਬਾਹਾ ਨੇੜਲਾ ਗੁਰੂਸਰ) ਵਾਲਾ ਦੋਧੀ’ ਤੇ ‘ਫੁੱਲ ਖੇੜੇ ਵਾਲਾ ਜੱਸਾ। ਦੁਨੀਆਂ ਮੈਦਾਨ ਨੂੰ ਭੱਜ ਤੁਰੀ ਕਿਉਂਕਿ ਇਹ ਦੋਵੇਂ 57 ਅਤੇ 62 ਕਿਲੋ ਦੇ ਸਟਾਰ ਰੇਡਰ ਸਨ ਤੇ ਖ਼ਾਸ ਤੌਰ ਤੇ 55-57 ਕਿਲੋ ਵੇਟ ਵਿੱਚ ਤਾਂ ਇਨ੍ਹਾਂ ਦਾ ਪੂਰੇ ਪੰਜਾਬ ‘ਚ ਕੋਈ ਸਾਨੀ ਨਹੀਂ ਸੀ। ਦੋਵੇਂ ਘੋੜੀ ਨਾਲੋਂ ਜ਼ਿਆਦਾ ਭੱਜਦੇ ਸਨ। ਮੈਂ ‘ਦੋਧੀ ਦੀ ਟੀਮ ਵਲ ਵੰਡਿਆ ਗਿਆ। ‘ਜੱਸਾ ਆਉਂਦਾ ਤੇ ਜਾਫ਼ੀ ਨੂੰ ਹੱਥ ਲਾ ਕੇ ਕਲੋਲ ਕਰਦਾ ਓਹ ਜਾਂਦਾ। ਉਧਰੋਂ ‘ਦੋਧੀ ਵੀ ਕਿਸੇ ਦੇ ਹੱਥ ਨਾ ਲੱਗਾ। ਅੰਤ ਮੈਚ ਦੇ ਖ਼ਤਮ ਹੋਣ ਤੋਂ ਥੋੜੀ ਦੇਰ ਪਹਿਲਾਂ ਮੈਨੂੰ ਜਾਫ਼ ‘ਚ ਭੇਜਿਆ ਗਿਆ। ਕਬੱਡੀ ਜ਼ੋਰ ਦੀ ਹੀ ਨਹੀਂ ‘ਮਾਈਂਡ ਗੇਮ (ਦਿਮਾਗੀ ਖੇਡ) ਵੀ ਹੈ। ਮੈਂ ਪਹਿਲਾਂ ਹੀ ਸੋਚ ਲਿਆ ਸੀ ਕਿ ‘ਜੱਸਾ’ ਹੱਥ ਲਾ ਕੇ ਭੱਜ ਗਿਆ ਤਾਂ ਫੇਰ ਡਾਹ ਨਹੀਂ ਦੇਵੇਗਾ ਇਸ ਲਈ ਖੇਡ ਤੱਤ-ਫੱਟ ਦੀ ਹੈ। ਮੈਂ ਜੱਸੇ ਨੂੰ ਆਉਦਿਆਂ ਹੀ ਥੰਮ ਲਿਆ। ਗੁਟ ਮੇਰੇ ਹੱਥ ਲਗ ਗਿਆ। ਜੱਸਾ ਉਸ ਮੈਚ ਵਿੱਚ ਇੱਕ ਵਾਰ ਹੀ ਰਕਿਆ ਤੇ ਉਹ ਹੱਥ ਮੇਰਾ ਸੀ। ਇਸ ਤੋਂ ਬਾਅਦ ਤਾਂ ਆਪਾਂ ਖੁੱਲ੍ਹ ਗਏ। ਰੋਡ ਦੇ ਨਾਲ-ਨਾਲ ਜਾਫ ਚ ਨਿਪੁੰਨਤਾ ਮੇਰੀ ਸਫ਼ਲਤਾ ਦੇ ਰਾਹ ਖੋਲੀ ਜਾ ਰਹੀ ਸੀ। ਅੱਠਵੀਂ ਤੱਕ ਜਾਂਦਿਆਂ ਜਾਂਦਿਆਂ ਮੈਂ ਚਰਚਿਤ ਹੋ ਗਿਆ। ਸਾਰਾ ਇਲਾਕਾ ਮੇਰਾ ਮੁਰੀਦ ਹੋ ਗਿਆ। ਲੋਕ ਅਕਸਰ ਗੱਲਾਂ ਕਰਦੇ “ਬੜੀ ਲੰਮੀ ਰੇਸ ਦਾ ਘੋੜਾ ਹੈ ਡਾਕੂਆਂ ਦਾ ਮੁੰਡਾ “
ਭਾਗ ਚੌਥਾ ਜਲਦ ਹੀ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965