ਚਲੋ ਇਕ ਵਾਰੀ ਫਿਰ ਸਾਡੇ ਪਾਕ-ਦਾਮਨ ਸਮਾਜ ਨੇ ਬੁਰਾਈ ਦੇ ਪ੍ਰਤੀਕ ਰਾਵਣ ਨੂੰ ਜਲਾ ਕੇ ਆਪਣਾ ਫ਼ਰਜ਼ ਨਿਭਾ ਦਿੱਤਾ ਤੇ ਸ਼ਾਇਦ ਇਹ ਪ੍ਰਮਾਨਤਾ ਹੋਰ ਠੋਸ ਹੋ ਗਈ ਅਸੀਂ ਬੁਰਾਈ ਤੇ ਜਿੱਤ ਹਾਸਿਲ ਕਰ ਲਈ। ਰਾਵਣ ਕੀ ਸੀ ਚੰਗਾ ਸੀ ਮਾੜਾ ਸੀ ਇਸ ਵਿਸ਼ੇ ਨੂੰ ਆਧਾਰ ਨਾ ਬਣਾ ਕੇ ਬਸ ਇਸ ਗੱਲ ਦੀ ਖੁਸ਼ੀ ਮਾਨਣਾ ਚਾਉਂਦਾ ਹਾਂ ਕੇ ਅਸੀਂ ਤੇ ਸਾਡਾ ਸਮਾਜ ਬੁਰਾਈ ਰਹਿਤ ਹਾਂ। ਅਸੀਂ ਸਭ ਲੋਕ ਇਸ ਯੋਗ ਹਾਂ ਅਤੇ ਇਹ ਕਾਬਲੀਅਤ ਰੱਖਦੇ ਹਾਂ ਕੇ ਬੁਰਾਈ ਨੂੰ ਜਲਾ(ਮਿਟਾ) ਸਕੀਏ, ਚਾਹੇ ਕਿਸੇ ਦੂਜੇ ਦੀ ਹੀ ਸਹੀ। ਅਸੀਂ ਸਿਆਨਪ ਅਤੇ ਪ੍ਰੋੜ੍ਹ ਮਾਨਸਿਕਤਾ ਦੀ ਜੋ ਮਿਸਾਲ ਹਰ ਸਾਲ ਪੇਸ਼ ਕਰਦੇ ਹਾਂ ਉਸ ਨੂੰ ਦੇਖ ਕੇ ਹਰ ਵਾਰੀ ਦਿਲ,ਦਿਮਾਗ ਵਿੱਚ ਖ਼ਲਾ ਪੈਦਾ ਹੋ ਜਾਂਦਾ ਹੈ ਤੇ ਅੱਖਾਂ ਅੱਗੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ।
ਹਰ ਸਾਲ ਰਾਵਣ ਦੇ ਸੜਨ ਤੋਂ ਬਾਅਦ ਮੈਂ ਸੋਚਦਾ ਹਾਂ ਕਿ ਇਸ ਵਾਰ ਦੁਸਹਿਰੇ ਵਾਲੇ ਦਿਨ ਇੱਕਲਾ ਰਾਵਣ ਨਹੀਂ ਸੜਿਆ ਹੋਊਗਾ, ਉਸਦੇ ਨਾਲ ਸ਼ਇਦ ਅਸੀਂ ਆਪਣੀਆਂ ਬੁਰਾਈਆਂ ਵੀ ਸਾੜ੍ਹ ਦਿਤੀਆਂ ਹੋਣਗੀਆਂ। ਬੜੀ ਖੁਸ਼ੀ ਦੀ ਗੱਲ ਹੈ ਕੇ ਇਸ ਮੌਕੇ ਲਗਭਗ ਸਭ ਧਰਮਾਂ ਦੇ ਲੋਕ ਇਕੱਠੇ ਹੋ ਜਾਂਦੇ ਹਨ ਤੇ ਇਸ ਦਹਨ ਦਾ ਬਰਾਬਰ ਦਾ ਅਨੰਦ ਮਾਣਦੇ ਹਨ, ਪਰ ਅਸੀਂ ਕਦੇ ਵੀ ਇਸਦੀ ਮਹੱਤਤਾ ਨਹੀਂ ਸਮਝ ਪਾਉਂਦੇ, ਕਿੰਨੇ ਹੀ ਸਵਾਲ ਹਨ ਜੋ ਕਿਸੇ ਸਖਸ਼ੀਅਤ ਨੂੰ ਜਲਦੇ ਦੇਖ ਕੇ ਸਾਡੇ ਦਿਮਾਗ ਵਿੱਚ ਆਉਣੇ ਚਾਹੀਦੇ ਹਨ ਤੇ ਫਿਰ ਇਸਤੇ ਵਿਚਾਰ ਹੋਣੀ ਚਾਹੀਦੀ ਹੈ। ਰਾਵਣ ਨੂੰ ਉਸਦੀਆਂ ਬੁਰਾਈਆਂ ਲਈ ਪਤਾ ਨਹੀਂ ਕਿੰਨੇ ਸਾਲ ਜਾਂ ਕਿੰਨੇ ਸੌ ਸਾਲ ਤੋਂ ਇਸ ਸਜ਼ਾ ਨੂੰ ਭੁਗਤਣਾ ਪੈ ਰਿਹਾ ਹੈ, ਉਹ ਵੀ ਸਾਡੇ ਵਰਗੇ ਲੋਕਾਂ ਵੱਲੋਂ ਜੋ ਖੁਦ ਔਗੁਣਾਂ ਤੇ ਬੁਰਾਈਆਂ ਨਾਲ ਭਰੇ ਪਏ ਹਨ। ਗੱਲ ਵਿਚਾਰਨ ਵਾਲੀ ਹੈ ਇਨ੍ਹੇ ਲੰਬੇ ਅਰਸੇ ਤੋਂ ਬੁਰਾਈ ਜਲਾਈ ਜਾ ਰਹੀ ਹੈ ਪਰ ਇਸ ਤੋਂ ਸੇਧ ਨਹੀਂ ਲਈ ਜਾ ਰਹੀ, ਸਾਡਾ ਸਮਾਜ, ਸਾਡਾ ਦੇਸ਼, ਸਾਡੀ ਦੁਨੀਆ ਨੂੰ ਫਿਰ ਵੀ ਰੋਜਾਨਾ ਕਿੰਨੀਆਂ ਬੁਰਾਈਆਂ ਕਿੰਨੇ ਅਪਰਾਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸੇ ਵੀ ਜਗਾਹ ਦੀ ਗੱਲ ਕਰ ਲਈਏ ਹਰ ਜਗਾਹ ਤੇ ਰੋਜਾਨਾ ਐਸਾ ਕੁਝ ਵਾਪਰ ਜਾਂਦਾ ਹੈ ਜਾਂ ਕੁਝ ਨਾ ਕੁਝ ਵੇਖਣ ਸੁਣਨ ਨੂੰ ਮਿਲ ਜਾਂਦਾ ਜੋ ਇਨਸਾਨੀਅਤ ਨੂੰ ਲੁਪਤ ਹੋਇਆ ਦਰਸਾ ਜਾਂਦਾ ਹੈ। ਇਹ ਮਸਲਾ ਕਿਸੇ ਇਕ ਧਰਮ, ਫਿਰਕੇ ਜਾਂ ਫਿਰ ਕਿਸੇ ਇਕ ਇਨਸਾਨ ਦਾ ਕਿਸੇ ਧਰਮ,ਫਿਰਕੇ ਜਾਂ ਕਿਸੇ ਇਕ ਇਨਸਾਨ ਵੱਲੋਂ ਪੈਦਾ ਨਹੀਂ ਕੀਤਾ ਗਿਆ ਸਗੋਂ ਸਮਾਜ ਵਿੱਚ ਮੌਜੂਦ ਬੁਰਾਈਆਂ ਲਈ ਸਭ ਸਿੱਧੇ ਅਸਿੱਧੇ ਰੂਪ ਵਿੱਚ ਯੋਗਦਾਨ ਪਾ ਹੀ ਦੇਂਦੇ ਹਾਂ। ਜਰੂਰੀ ਨਹੀਂ ਕੇ ਕਿਸੇ ਅਪਰਾਧ ਨੂੰ ਹੀ ਬੁਰਾਈ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇ ਹਰ ਇਕ ਚੀਜ ਬੁਰਾਈ ਹੈ ਜਿਸ ਨਾਲ ਸਿੱਧੇ-ਅਸਿੱਧੇ ਰੂਪ ਵਿੱਚ ਲੋਕ ਪ੍ਰਭਾਵਿਤ ਹੁੰਦੇ ਹਨ। ਇਸ ਲਈ ਜੇ ਦੁਸਹਿਰਾ ਬੁਰਾਈ ਤੇ ਚੰਗਿਆਈ ਦੀ ਜਿੱਤ ਆ ਤਾਂ ਹਰ ਰੋਜ਼ ਦੁਸਹਿਰਾ ਮਨਾਉਣ ਦੀ ਲੋੜ ਆ ।
ਕਿਸੇ ਵੀ ਖੇਤਰ ਨੂੰ ਲੈ ਲਓ, ਇਕ ਅਧਿਆਪਕ ਅਗਰ ਇਮਾਨਦਾਰੀ ਨਾਲ ਬੱਚਿਆਂ ਨੂੰ ਨਹੀਂ ਪੜ੍ਹਾ ਰਿਹਾ ਤਾਂ ਉਹ ਵੀ ਅਪਰਾਧੀ ਹੈ ਉਨ੍ਹਾਂ ਬੱਚਿਆਂ ਦਾ ਜਿੰਨਾ ਕਰਕੇ ਉਸਦੀ ਨੌਕਰੀ ਹੈ, ਉਸ ਸਮਾਜ ਦਾ ਜਿਸ ਵਿੱਚ ਉਨ੍ਹਾਂ ਬੱਚਿਆਂ ਨੇ ਵਿਚਰਨਾ ਹੈ ਜੋ ਸਿਖਿਆ ਤੋਂ ਵਾਂਝੇ ਰਹਿ ਗਏ। ਉਨ੍ਹਾਂ ਹੀ ਦੋਸ਼ੀ ਇਕ ਵਿਦਿਆਰਥੀ ਵੀ ਹੈ ਅਗਰ ਉਹ ਆਪਣੀ ਪੜ੍ਹਾਈ ਵੱਲ ਧਿਆਨ ਨਹੀਂ ਦੇਂਦਾ। ਇਕ ਡਾਕਟਰ ਦਾ ਫਰਜ਼ ਹੈ ਕਿ ਉਹ ਪੈਸੇ ਦੇ ਨਾਲ ਨਾਲ ਮਰੀਜ਼ ਦੀ ਜਾਨ ਅਤੇ ਸਿਹਤ ਨੂੰ ਵੀ ਅਹਿਮੀਅਤ ਦੇਵੇ। ਇਕ ਨੇਤਾ ਲੋਕਾਂ ਦਵਾਰਾ ਲੋਕਾਂ ਲਈ ਚੁਣਿਆ ਜਾਂਦਾ ਹੈ ਉਸਦਾ ਪਹਿਲਾ ਤੇ ਆਖਰੀ ਫਰਜ਼ ਆਪਣੇ ਦੇਸ਼ ਤੇ ਆਪਣੀ ਜਨਤਾ ਦਾ ਹਿੱਤ ਹੋਣਾ ਚਾਹੀਦਾ ਹੈ ਤੇ ਲੋਕਾਂ ਦਾ ਫਰਜ਼ ਹੈ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਨਾ ਸੋਚ ਕੇ ਦੇਸ਼ ਤੇ ਸਮਾਜ ਨੂੰ ਆਪਣਾ ਸਮਝਣ। ਦਾਜ ਦੀ ਬਲੀ ਚੜ੍ਹਦੀ ਇਕ ਧੀ ਲਈ ਉਸਦਾ ਸੋਹਰਾ ਪਰਵਾਰ ਹੀ ਰਾਵਣ ਰੂਪ ਹੈ, ਪੜ੍ਹ-ਲਿੱਖ ਕੇ ਬੇਰੋਜਗਾਰ ਫਿਰਫ਼ੇ ਨੌਜਵਾਨ ਲਈ ਸਾਡਾ ਰਾਜਨੀਤਿਕ ਢਾਂਚਾ ਹੀ ਰਾਵਣ ਹੈ, ਗਰੀਬੀ ਕਾਰਨ ਭੁੱਖ ਨਾਲ ਬਿਲਕਦੇ ਬੱਚੇ ਲਈ ਉਸਦੀ ਭੁੱਖ ਹੀ ਰਾਵਣ ਹੈ, ਅੱਖਾਂ ਵਿੱਚ ਸੁੱਕੇ ਹੰਜੂ ਅਤੇ ਆਪਣੇ ਕਿਸੇ ਦੇ ਆਉਣ ਦੀ ਉਡੀਕ ਵਿੱਚ ਬਿਰਧ ਆਸ਼ਰਮ ਵਿੱਚ ਬੈਠੇ ਬਜ਼ੁਰਗ ਲਈ ਉਸਦੇ ਰਿਸ਼ਤੇ ਹੀ ਰਾਵਣ ਹਨ,ਅਣਗਿਣਤ ਐਸੀਆਂ ਗੱਲਾਂ ਦਾ ਸਾਹਮਣਾ ਅਸੀਂ ਹਰ ਪਲ ਕਰਦੇ ਹਾਂ। ਅਗਰ ਹਰ ਇਨਸਾਨ ਇਮਾਨਦਾਰੀ ਨਾਲ ਆਪਣਾ ਆਪਣਾ ਫ਼ਰਜ਼ ਨਿਭਾਵੇ ਤਾਂ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਅਸੀਂ ਅਸਲੀਅਤ ਵਿੱਚ ਹੀ ਰਾਵਣ ਜਲਾਉਣ ਵਿੱਚ ਕਾਮਯਾਬ ਹੋ ਗਏ ਹਾਂ।
ਕਿਸੇ ਦੂਜੇ ਸ਼ਖ਼ਸ ਬਾਰੇ ਕੋਈ ਫੈਸਲਾ ਸੁਣਾਉਣਾ, ਜਾਂ ਇਕ ਰਾਏ ਕਾਇਮ ਕਰ ਲੈਣੀ ਬਹੁਤ ਅਸਾਨ ਹੈ ਪਰ ਜਦੋ ਅਸੀਂ ਖੁਦ ਸੰਪੂਰਨ ਨਹੀਂ ਹਾਂ ਤਾਂ ਕਿਸੇ ਨੂੰ ਸੰਪੂਰਨ ਨਾ ਹੋਣ ਲਈ ਦੰਡ ਨਹੀਂ ਦੇ ਸਕਦੇ। ਰੇਤ ਦੇ ਬਣਾਏ ਹੋਏ ਇਨ੍ਹਾਂ ਮਹਿਲਾਂ ਵਿਚ ਕੋਈ ਵੀ ਆਪਣੀ ਜ਼ਿੰਦਗੀ ਜੀ ਨਹੀਂ ਸਕਦਾ, ਕੱਟ ਤਾਂ ਰਹੇ ਹੀ ਹਾਂ। ਇਸ ਗੱਲ ਦੀ ਕੋਸ਼ਿਸ਼ ਨਿਰੰਤਰ ਰਹਿਣੀ ਚਾਹੀਦੀ ਹੈ ਕੇ ਕਿਵੇਂ ਅਸੀਂ ਆਪਣੀਆਂ ਬੁਰਾਈਆਂ ਨੂੰ ਦੂਰ ਕਰਨਾ ਹੈ, ਘਟੋ ਘੱਟ ਕੋਸ਼ਿਸ਼ ਕਰਨੀ ਤਾਂ ਬਣਦੀ ਹੈ। ਇਹ ਸਮਾਜ ਸਾਡਾ ਆਪਣਾ ਹੈ ਇਹ ਲੋਕ ਸਾਡੇ ਆਪਣੇ ਹਨ ਸਭ ਨੂੰ ਰਲ ਮਿਲ ਕੇ ਇਸ ਦੁਨੀਆ ਨੂੰ ਖੂਬਸੂਰਤ ਅਤੇ ਰਹਿਣ ਯੋਗ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਜਿਸ ਦਿਨ ਅਸੀਂ ਇਸ ਕੋਸ਼ਿਸ਼ ਦਾ ਹਿੱਸਾ ਬਣ ਗਏ ਹਰ ਰੋਜ਼ ਰਾਵਣ ਦਹਨ ਹੋਵੇਗਾ ਤੇ ਹਰ ਪਲ ਬੁਰਾਈ ਤੇ ਅੱਛਾਈ ਦੀ ਜਿੱਤ ਹੋਵੇਗੀ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965