ਅੱਖਾਂ ਸਿੱਲੀਆਂ ਤੇ ਪਲਕਾਂ ਤੇ ਸੁੱਕੇ ਜਿਹੇ ਖਵਾਬ ਲੈ ਕੇ
ਮੌਤ ਨੂੰ ਉਡੀਕਦੇ ਜ਼ਿੰਦਗੀ ਤੋਂ ਕੋਰਾ ਜਿਹਾ ਜਵਾਬ ਲੈ ਕੇ
ਨਿਤ ਮਰਦੇ ਨੇ ਜਿਹੜੇ ਓ ਅਰਮਾਨ ਲੱਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ
ਹੁੰਦੀ ਕੀ ਐ ਆਜ਼ਾਦੀ ਮੈਨੂੰ ਕੋਈ ਤਾਂ ਸਮਝਾ ਦਵੇ
ਕਿਥੋਂ ਆਈ ਕਿਥੋਂ ਮਿਲੂ ਕੋਈ ਗੱਲ ਪੱਲੇ ਪਾ ਦਵੇ
ਭੁੱਖ ਪਿੱਛੇ ਰੁਲਿਆ ਸਨਮਾਨ ਲੱਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ…
ਆਮ ਜਿਹੀਆਂ ਲੋੜ੍ਹਾਂ ਲਈ ਦਿਨ ਰਾਤ ਮਰਦਾ ਹਾਂ
ਆਜ਼ਾਦ ਇਸ ਦੇਸ਼ ਵਿੱਚ ਗੁਲਾਮੀ ਨਿਤ ਜਰਦਾ ਹਾਂ
ਲੁੱਕ ਲੁੱਕ ਕੇ ਬਚਾਈ ਜੋ ਉਹ ਜਾਨ ਲੱਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ..
ਪਹਿਲਾਂ ਮਾਰਿਆ ਸੰਤਾਲੀ ਫਿਰ ਆ ਗਿਆ ਚਰਾਸੀ
ਖੁਸ਼ੀ ਲੱਭਦੀ ਨੀ ਰਹਿੰਦੀ ਚਿਹਰੇ ਤੇ ਉਦਾਸੀ
ਜਿੱਥੇ ਫੂਕੇ ਸੀ ਸ਼ਹੀਦ ਉਹ ਸ਼ਮਸ਼ਾਨ ਲੱਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ….
ਧਰਮਾਂ ਦੀ ਲੜਾਈ ਵਿੱਚ ਰੱਬ ਹੀ ਵਿਸਾਰ ਤਾ
ਦੇਂਦਾ ਸਭ ਨੂੰ ਜੋ ਛਾਂ ਸੀ ਰੁੱਖ ਜੜ੍ਹੋਂ ਹੀ ਉਖਾੜ ਤਾ
ਜੋ ਸਾਂਝਾ ਜਿਹਾ ਹੁੰਦਾ ਸੀ ਉਹ ਭਗਵਾਨ ਲੱਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ…
ਮੰਡੀਆਂ ਚ ਨਿਤ ਰੁਲਦਾ ਕਿਸਾਨ
ਕਣਕ ਦੀ ਢੇਰੀ ਉੱਤੇ ਬੈਠਾ ਫਸੀ ਕੜਿੱਕੀ ਵਿੱਚ ਜਾਨ
ਪੈਂਦਾ ਮੁੱਲ ਜਿੱਥੇ ਮਿਹਨਤਾਂ ਦਾ ਐਸਾ ਜਹਾਨ ਲਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ…
ਪੜ੍ਹ-ਲਿੱਖ ਮੁੰਡਾ ਹੁਣ ਖਿੱਚਦਾ ਲਕੀਰਾਂ ਨੂੰ
ਕਦੇ ਦੇਂਦਾ ਉਲਾਹਮੇ ਸਰਕਾਰ ਨੂੰ ਕਦੇ ਕੋਸੇ ਤਕਦੀਰਾਂ ਨੂੰ
ਸੁਣਾਵੇ ਖੁਸ਼ਹਾਲੀ ਦੀ ਜੋ ਗੱਲ ਐਸਾ ਫੁਰਮਾਨ ਲਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ…
ਸੁਣਿਆ ਏ ਦਾਜ਼ ਖਾਤਿਰ ਧੀ ਕੋਈ ਸਾੜ੍ਹਤੀ
ਭੂਤਰੀ ਮੰਡੀਰ ਨੇ ਚੁੰਨੀ ਇਕ ਹੋਰ ਪਾੜ੍ਹ ਤੀ
ਹੱਕ ਮਿਲੇ ਜੀਣ ਦਾ ਖੁੱਲ੍ਹਾ ਜਿਹਾ ਅਸਮਾਨ ਲੱਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ….
ਸਮਾਰਟ ਕਲਾਸਾਂ ਵਿੱਚ ਹੁਣ ਹੁੰਦੀ ਹੈ ਪੜਾਈ
ਹੋ ਗਏ ਸਮਾਰਟ ਬਾਹਲੇ ਪਰ ਅਕਲ ਹੈ ਗਵਾਈ
ਘੁੰਮ ਹੋਏ ਗੁਰੂਆਂ ਦੇ ਰੁਤਬੇ ਮਹਾਨ ਲੱਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ…
ਰੋਜ਼ਗਾਰ ਦੀ ਉਮੀਦ ਵਿੱਚ ਬਰਡਰਾਂ ਨੂੰ ਟੱਪਦੇ
ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਦਿਨ ਰਾਤ ਖੱਪਦੇ
ਲੈ ਕੇ ਆਵੇ ਨਵੀਂ ਕੋਈ ਸਵੇਰ ਐਸੀ ਸੋਹਣੀ ਸ਼ਾਮ ਲਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ….
ਲਿੱਖ ਸਕਦਾ ਨੀ ਹੁਣ ਹਰ ਇਕ ਗੱਲ ਨੂੰ
ਛੱਡ ਤੂੰ ਲੈਣਾ ਵੀ ਕੀ ਐ ਲਾਹ ਕੇ ਵਾਲ ਵਾਲੀ ਖੱਲ ਨੂੰ
ਰੁਮਕਣਾ ਸਿੱਖ ਲਿਆ ਹੁਣ ਨਹੀਂ ਤੂਫ਼ਾਨ ਲਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ..
ਕਈ ਕਰਦੇ ਗਿਲਾ ਕਾਹਤੋਂ ਦੇਸ਼ ਆਪਣੇ ਨੂੰ ਭੰਡਦਾ ਹਾਂ
ਗੱਲ ਬਸ ਏਨੀ ਕੇ ਕੰਡੇ ਨੂੰ ਕੰਡਾ ਕਹਿਣੋਂ ਨਹੀਂ ਸੰਗਦਾ ਹਾਂ
‘ਦੀਪ’ ਕਾਸ਼ ਕਰੇ ਜੋ ਤਰੀਫ ਝੂਠੀ ਉਹ ਜੁਬਾਨ ਲੱਭਦਾ ਹਾਂ
ਕਿਥੇ ਆਈ ਸੀ ਆਜ਼ਾਦੀ ਮੈਂ ਨਿਸ਼ਾਨ ਲੱਭਦਾ ਹਾਂ….
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965