Close

Login

Close

Register

Close

Lost Password

ਨਾਨਕ ਸ਼ਾਹ ਫ਼ਕੀਰ | Nanak Shah Fakir

ਬੀਤੇ ਦਿਨੀਂ ਫ਼ਿਲਮ ਨਾਨਕ ਸ਼ਾਹ ਫ਼ਕੀਰ ਨੂੰ ਲੈ ਕੇ ਸਿੱਖ ਧਰਮ ਦੇ ਲੋਕਾਂ ਵਿੱਚ ਬਹੁਤ ਹਲਚਲ ਪੈਦਾ ਹੋਈ। ਇਸ ਫ਼ਿਲਮ ਨੂੰ ਹਰ ਕਿਸੇ ਇਨਸਾਨ ਨੇ ਵੱਖ-ਵੱਖ ਨਜ਼ਰੀਏ ਨਾਲ ਵੇਖਿਆ, ਕੋਈ ਇਸਦੇ ਪੱਖ ਵਿੱਚ ਅਤੇ ਕੋਈ ਇਸਦੇ ਖ਼ਿਲਾਫ ਪ੍ਰਦਰਸ਼ਨ ਅਤੇ ਬਿਆਨਬਾਜ਼ੀ ਕਰਦਾ ਨਜ਼ਰ ਆ ਰਿਹਾ ਸੀ। ਇਹ ਇਕ ਬਹੁਤ ਸੁਭਾਵਿਕ ਪ੍ਰਤੀਕਰਮ ਹੈ ਜੋ ਹਮੇਸ਼ਾਂ ਪੈਦਾ ਹੁੰਦਾ ਹੈ ਜਦੋਂ ਵੀ ਕੋਈ ਨਵੀਂ ਚੀਜ਼ ਆਪਣੀ ਹੋਂਦ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਇਸ ਲਈ ਕਿਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਉੱਤੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਇਸ ਗੱਲ ਦੀ ਉਮੀਦ ਪਹਿਲਾਂ ਤੋਂ ਹੀ ਸੀ। ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਮੇਂ-ਸਮੇਂ ਤੇ ਆਏ ਬਿਆਨਾਂ ਅਤੇ ਪ੍ਰਤੀਕਰਮਾਂ ਨੇ ਕਦੇ ਤਾਂ ਫ਼ਿਲਮ ਬਣਾਉਣ ਵਾਲਿਆਂ ਦੀਆਂ ਅੱਖਾਂ ਚਮਕਾਈਆਂ ਅਤੇ ਕਦੇ ਓਹਨਾ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਕਿਸੇ ਵੀ ਸਿਆਸੀ ਜਾਂ ਧਾਰਮਿਕ ਬਿਆਨ ਜਾਂ ਸੰਸਥਾ ਨੂੰ ਇਸ ਲੇਖ ਵਿੱਚ ਨਾ ਛੇੜਦੇ ਹੋਏ ਮੈਂ ਇਸਨੂੰ ਸਿੱਖੀ ਸਿਧਾਤਾਂ ਅਤੇ ਆਪਣੀ ਨਿਜੀ ਸਮਝ ਤੱਕ ਸੀਮਤ ਰੱਖਣ ਦਾ ਯਤਨ ਕਰੂੰਗਾ। ਇਹ ਲੇਖ ਵਿਚਾਰ ਕਰਨ ਅਤੇ ਸਮਝਣ ਦੇ ਭਾਵ ਨਾਲ ਲਿਖ ਰਿਹਾ ਹਾਂ ਨਾ ਕਿ ਆਪਣਾ ਗਿਆਨ ਜਾਂ ਫ਼ੈਸਲਾ ਪ੍ਰਮਾਣਿਤ ਕਰ ਰਿਹਾ ਹਾਂ। ਅਜਿਹੇ ਮਸਲੇ ਜੋ ਅੱਜ ਨਾਲੋਂ ਜਿਆਦਾ ਸਾਡੇ ਪਿਛੋਕੜ ਅਤੇ ਆਉਣ ਵਾਲੇ ਕੱਲ ਨਾਲ ਸੰਬੰਧਿਤ ਹਨ ਉਹਨਾਂ ਉੱਤੇ ਖੁੱਲੇ ਤੌਰ ਤੇ ਵਿਚਾਰ ਹੋਣਾ ਲਾਜ਼ਮੀ ਹੈ। ਮੈਂ ਕੋਈ ਧਾਰਮਿਕ ਜਾਂ ਰਾਜਨੀਤਿਕ ਮਾਹਿਰ ਨਹੀਂ, ਨਾ ਮੈਨੂੰ ਏਨਾ ਗਿਆਨ ਹੈ ਪਰ ਫ਼ਿਰ ਵੀ ਮੈਂ ਆਪਣੇ ਵਿਚਾਰ ਸਾਂਝੇ ਕਰਨਾ ਚਾਉਂਦਾ ਹਾਂ ਕਿਉਂਕਿ ਔਸਤਨ ਲੋਕ ਮੇਰੇ ਵਰਗੇ ਹਨ ਜਿਨ੍ਹਾਂ ਦੀ ਸਮਝ ਸਿਰਫ ਸੁਣੀਆਂ-ਸੁਣਾਈਆ ਗੱਲਾਂ ਤੱਕ ਸੀਮਤ ਹੁੰਦੀ ਹੈ। 4 ਜਣੇ ਇਕੱਠੇ ਬਹਿ ਕੇ ਕਿਸੇ ਮਸਲੇ ਉੱਤੇ ਗੱਲ ਕਰਦੇ ਹਨ, ਗੱਲ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਵਿਚਾਰਾਂ ਕਰਨ ਯੋਗ ਸਮਝ ਅਤੇ ਗਿਆਨ ਦੇ ਨਾਂ ਤੇ ਸਾਡੇ ਕੋਲ ਸਿਰਫ਼ ਅਫਵਾਵਾਂ ਹੁੰਦੀਆਂ ਹਨ ਜੋ ਘੁੰਮਦਿਆਂ-ਘੁਮਾਉਂਦਿਆ ਐਨੀ ਕੁ ਪ੍ਰਮਾਣਿਕਤਾ ਹਾਸਿਲ ਕਰ ਲੈਂਦੀਆਂ ਹਨ ਕਿ ਕੋਈ ਨਾ-ਸਮਝ ਵਿਅਕਤੀ ਵੀ ਵਿਚਾਰ ਪੇਸ਼ ਕਰ ਲੈਂਦਾ ਹੈ।

ਮੈਂ ਆਪਣੀ ਨਿੱਜੀ ਸੋਚ-ਸਮਝ ਅਤੇ ਜਿੰਨ੍ਹਾਂ ਕੁ ਮੈਂ ਸਿੱਖ ਫ਼ਲਸਫ਼ੇ ਨੂੰ ਜਾਣ ਸਕਿਆ ਹਾਂ ਤੇ ਜੋ ਅੱਜਤਕ ਆਪਣੇ ਵੱਡਿਆਂ ਤੋਂ ਸੁਣਿਆ ਸਮਝਿਆ ਉਸ ਹਿਸਾਬ ਨਾਲ ਵਿਚਾਰ ਕਰੂੰਗਾ। ਜਦੋਂ ਦੀ ਹੋਸ਼ ਸੰਭਾਲੀ ਅਤੇ ਰੱਬ ਨਾਲ ਥੋੜੀ ਜਾਣ-ਪਛਾਣ ਹੋਈ ਤਾਂ ਸਭ ਤੋਂ ਪਹਿਲਾਂ ਜੋ ਗੱਲ ਸਮਝਾਈ ਗਈ ਤੇ ਜੋ ਅਸੀਂ ਸਮਝ ਸਕੇ ਉਹ ਇਹ ਹੈ ਕਿ ‘ਗੁਰੂ ਮਾਨਿਓ ਗ੍ਰੰਥ’ । ਇਹ ਗੱਲ ਲਗਭਗ ਹਰ ਰੋਜ਼ ਅਰਦਾਸ ਵੇਲੇ ਸੁਨਣ ਨੂੰ ਮਿਲਦੀ, ਹੌਲੇ-ਹੌਲੇ ਇਸਦਾ ਮਤਲਬ ਸਮਝ ਆਉਣ ਲੱਗਾ। ਸਿੱਖ ਕਿਸੇ ਦੇਹਧਾਰੀ, ਜਿਉਂਦੇ ਜਾਂ ਮਰੇ ਇਨਸਾਨ ਨੂੰ ਨਹੀਂ ਪੂਜਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਰ੍ਹਵੇਂ ਗੁਰੂ ਦਾ ਦਰਜ਼ਾ ਦਿੱਤਾ ਗਿਆ ਅਤੇ ਇਹ ਫੁਰਮਾਨ ਹੋਇਆ ਕਿ ਰਹਿੰਦੀ ਦੁਨੀਆਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਿਆ ਜਾਵੇਗਾ ਅਤੇ ਕੋਈ ਵੀ ਇਹਨਾਂ ਦੀ ਜਗ੍ਹਾ ਨਹੀਂ ਲੈ ਸਕਦਾ, ਸਿੱਖ ਹਮੇਸ਼ਾਂ ਤੋਂ ਇਸ ਪ੍ਰੰਪਰਾ ਅਤੇ ਸਿਧਾਂਤ ਨੂੰ ਮੰਨ ਰਹੇ ਹਨ। ਪਰ ਜਿਵੇਂ-ਜਿਵੇਂ ਸਮਾਜ, ਵਿਗਿਆਨ, ਤਕਨੀਕ ਜਾਂ ਕਹਿ ਲਈਏ ਕਿ ਸਮਾਂ ਅੱਗੇ ਵੱਧਦਾ ਹੈ ਤੇ ਤੱਰਕੀ ਕਰਦਾ ਹੈ ਓਵੇਂ-ਓਵੇਂ ਹਰ ਛੈ ਨੂੰ ਆਪਣੇ ਪ੍ਰਭਾਵ ਵਿੱਚ ਲੈਂਦਾ ਹੈ ਫ਼ਿਰ ਉਹ ਚਾਹੇ ਧਰਮ ਹੀ ਕਿਉਂ ਨਾ ਹੋਵੇ ਕੁਝ ਵੀ ਉਸ ਪ੍ਰਭਾਵ ਤੋਂ ਦੂਰ ਨਹੀਂ ਰਹਿ ਸਕਦਾ, ਪਰ ਇਥੇ ਵਿਚਾਰਾਨ ਵਾਲੀ ਗੱਲ ਇਹ ਹੈ ਕਿ ਪ੍ਰਭਾਵ ਸਕਾਰਾਤਮਕ ਪਿਆ ਜਾਂ ਨਾਕਾਰਾਮਤਕ ਅਤੇ ਉਸਦੀ ਮੂਲ ਬਣਤਰ ਨੂੰ ਕਿਸ ਦਿਸ਼ਾ ਵੱਲ ਲੈ ਕੇ ਗਿਆ।

ਮੇਰੀ ਜਿੰਨੀ ਕੁ ਸਮਝ ਹੈ ਉਸ ਅਨੁਸਾਰ ਜੇਕਰ ਸਿੱਖੀ ਸਿਧਾਂਤਾਂ ਦੀ ਗੱਲ ਕਰੀਏ ਤਾਂ ਮੈਂ ਸਿੱਖ ਫ਼ਲਸਫੇ ਨੂੰ ਬਹੁਤ ਸੌਖਾ, ਅਸਰਦਾਰ ਅਤੇ ਪ੍ਰਮਾਣਿਤ ਮੰਨਦਾ ਹਾਂ ਕਿਉਂਕਿ ਇਹ ਇਕ ਨਰੋਲ ਸਿਧਾਂਤ ਹੈ ਜਿਸ ਅਨੁਸਾਰ ਜੀਵਨ ਨੂੰ ਸਹੀ ਢੰਗ ਨਾਲ ਜੀਣ ਦੀ ਜਾਚ ਦੱਸੀ ਗਈ ਹੈ। ਸਭ ਧਰਮਾਂ ਜਾਤਾਂ ਦੇ ਇਨਸਾਨਾਂ ਨੂੰ ਇੱਕ ਕਿਹਾ ਗਿਆ ਹੈ ਨਾ ਕੋਈ ਉਚਾ ਨਾ ਕੋਈ ਨੀਵਾਂ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਸ਼ੂਦਰ ਨਾ ਕੋਈ ਬ੍ਰਾਹਮਣ, ਨਾ ਜੱਟ ਨਾ ਮਜ਼੍ਹਬੀ। ਧਰਮ ਦਾ ਮਕਸਦ ਇਨਸਾਨ ਦਾ ਮਾਰਗ ਦਰਸ਼ਨ ਕਰਕੇ ਉਸਨੂੰ ਇਸ ਯੋਗ ਬਣਾਉਣਾ ਹੈ ਤਾਂ ਜੋ ਉਹ ਔਖੇ-ਸੌਖੇ ਸਮਿਆਂ ਵਿੱਚ ਸਹੀ ਸੇਧ ਹਾਸਿਲ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕੇ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਗੁਰੂਆਂ ਨੇ ਦੁਨੀਆਂ ਦੀਆਂ ਸਚਾਈਆਂ ਨੂੰ ਗੁਰਬਾਣੀ ਦੇ ਰੂਪ ਵਿੱਚ ਕਲਮਬੱਧ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇੱਕ ਗੁਰੂ ਦਿੱਤਾ ਕਿਉਂਕਿ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਸਰੀਰ ਨਾਸ਼ਵਾਨ ਹੈ ਪਰ ਸ਼ਬਦ ਕਦੇ ਨਹੀਂ ਮਰ ਸਕਦਾ । ਇਕ ਇਨਸਾਨ ਜੋ ਇਸ ਦੁਨੀਆਂ ਵਿੱਚ ਆਉਂਦਾ ਹੈ ਉਸਨੇ ਇੱਕ ਦਿਨ ਇਸ ਜਹਾਨ ਨੂੰ ਛੱਡ ਕੇ ਤੁਰ ਜਾਣਾ ਹੈ ਪਰ ਉਸ ਇਨਸਾਨ ਦੀਆਂ ਸਿੱਖਿਆਵਾਂ ਹਮੇਸ਼ਾਂ ਰਾਹ ਰੋਸ਼ਨਾਉਂਦੀਆਂ ਰਹਿੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਇਸੇ ਸਿਧਾਂਤ ਦਾ ਅਮਲੀ ਰੂਪ ਹਨ, ਗੁਰੂ ਸਾਹਿਬਾਨ ਨੇ ਆਪਣੀਆਂ ਅਤੇ ਹੋਰ ਮਹਾਨ ਰੂਹਾਂ ਦੀਆਂ ਸਿੱਖਿਆਂਵਾ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਸਾਡੇ ਲਈ ਸਾਂਭਣ ਦਾ ਉਪਰਾਲਾ ਕੀਤਾ ਤਾਂ ਜੋ ਰਹਿੰਦੀ ਦੁਨੀਆ ਤੱਕ ਗੁਰਬਾਣੀ ਦੇ ਰੂਪ ਵਿੱਚ ਰੋਸ਼ਨੀ ਹਨੇਰੀਆਂ ਰਾਹਾਂ ਚ ਚਾਨਣ ਕਰਦੀ ਰਹੇ। ਸਿੱਖ ਧਰਮ ਕਿਸੇ ਤਰਾਂ ਦੀ ਬੁੱਤ, ਫੋਟੋ, ਮੜ੍ਹੀ, ਮੂਰਤੀ, ਜਿਓੰਦੇ ਜਾਂ ਮਰੇ ਇਨਸਾਨ ਦੀ ਪੂਜਾ ਨਹੀਂ ਕਰਦਾ, ਸਿੱਖ ਨੂੰ ਸਖਤ ਹੁਕਮ ਹੈ ਕਿ ਉਹ ਬਸ ਉਸ ਅਕਾਲ ਪੁਰਖ ਦੀ ਉਸਤਤ ਕਰੇ ਅਤੇ ਉਸਤੋਂ ਹੀ ਮਾਰਗ ਦਰਸ਼ਨ ਹਾਸਿਲ ਕਰੇ। ‘ਸ਼ਬਦ’ ਨੂੰ ਹੀ ਗੁਰੂ ਮੰਨਿਆ ਗਿਆ ਹੈ ਅਤੇ ‘ਸ਼ਬਦ’ ਨੂੰ ਹੀ ਰੱਬ, ‘ਸ਼ਬਦ’ ਹੀ ਅਕਾਲ ਪੁਰਖ ਹੈ ਅਤੇ ‘ਸ਼ਬਦ’ ਹੀ ਉਸ ਅਕਾਲ ਪੁਰਖ ਨੂੰ ਪਾਉਣ ਅਤੇ ਸਮਝਣ ਦਾ ਜਰੀਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ, ਖੁਸ਼ੀ-ਗ਼ਮੀ, ਨਿਰਾਸ਼ਾ-ਖੇੜੇ ਹਰ ਪਹਿਲੂ ਨੂੰ ਬਿਆਨਿਆ ਗਿਆ ਹੈ ਬਸ ਲੋੜ ਹੈ ਉਸਨੂੰ ਸਮਝਣ ਦੀ ਅਤੇ ਆਪਣੀ ਜਿੰਦਗੀ ਵਿੱਚ ਅਪਨਾਉਣ ਦੀ। ਇਹ ਗੱਲ ਪੜ੍ਹਨ ਵਿੱਚ ਜਿੰਨੀ ਆਸਾਨ ਲੱਗੀ ਓਨੀ ਹੀ ਅਸਲ ਵਿੱਚ ਵੀ ਆਸਾਨ ਹੈ ਲੋੜ ਸਿਰਫ਼ ਯਕੀਨ ਅਤੇ ਧਿਆਨ ਦੇਣ ਦੀ ਹੈ।

ਹੁਣ ਇਹ ਸਭ ਗੱਲਾਂ ਫ਼ਿਲਮ ਨਾਨਕ ਸ਼ਾਹ ਫ਼ਕੀਰ ਦੇ ਹਕ਼ ਵਿੱਚ ਹਨ ਜਾਂ ਉਸਦੇ ਵਿਰੋਧ ਵਿੱਚ ਇਹ ਸ਼ਾਇਦ ਕੁਝ ਹੱਦ ਤੱਕ ਸਾਫ ਹੀ ਹੈ, ਪਰ ਫ਼ਿਰ ਵੀ ਮੈਂ ਸਪਸ਼ਟ ਰੂਪ ਵਿੱਚ ਆਪਣੀ ਸੋਚ ਸਾਂਝੀ ਕਰਨਾ ਚਾਉਂਦਾ ਹਾਂ। ਮੇਰੇ ਨਜ਼ਰੀਏ ਅਨੁਸਾਰ ਇਹ ਬਿਲਕੁਲ ਗ਼ਲਤ ਹੈ ਕਿ ਗੁਰੂ ਸਾਹਿਬ ਨੂੰ ਇਸ ਤਰਾਂ ਕਿਸੇ ਫ਼ਿਲਮ, ਨਾਟਕ ਵਿੱਚ ਪੇਸ਼ ਕੀਤਾ ਜਾਵੇ। ਕੌਣ ਉਹਨਾਂ ਦਾ ਜਾਂ ਉਹਨਾਂ ਦੇ ਪਰਵਾਰ ਦੇ ਜੀਆਂ ਦਾ ਰੋਲ ਕਰ ਸਕਦਾ ਹੈ ਅਤੇ ਕੌਣ ਨਹੀਂ ਇਹ ਬਿਲਕੁਲ ਬੇਬੁਨਿਆਦ ਸਵਾਲ ਹੈ ਮੇਰੇ ਨਜ਼ਰੀਏ ਅਨੁਸਾਰ ਕੋਈ ਵੀ ਨਹੀਂ ਕਰ ਸਕਦਾ ਨਾ ਗੁਰਸਿੱਖ ਨਾ ਗੈਰਸਿਖ ਨਾ ਕੋਈ ਅਦਾਕਾਰ। ਇਹ ਸਿਧਾਂਤਕ ਤੌਰ ਤੇ 100 ਫੀਸਦੀ ਗ਼ਲਤ ਹੈ। ਕੁਝ ਲੋਕਾਂ ਨੇ ਇਹ ਤਰਕ ਦਿੱਤਾ ਕਿ ਫ਼ਿਲਮ ਦੇ ਜ਼ਰੀਏ ਲੋਕਾਂ ਨੂੰ ਗੁਰੂ ਸਾਹਿਬ ਬਾਰੇ ਹੋਰ ਜ਼ਿਆਦਾ ਜਾਨਣ ਦਾ ਮੌਕਾ ਮਿਲੇਗਾ ਅਤੇ ਗ਼ੈਰ-ਸਿੱਖ ਲੋਕ ਵੀ ਇਸਤੋਂ ਸਿੱਖ ਧਰਮ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਲੈ ਸਕਣਗੇ ਜਿਸ ਨਾਲ ਸਿੱਖੀ ਦਾ ਹੋਰ ਜ਼ਿਆਦਾ ਪ੍ਰਸਾਰ ਹੋਵੇਗਾ। ਇਹ ਧਾਰਨਾ ਇਸ ਲਈ ਸਾਡੇ ਦਿਮਾਗ ਉੱਤੇ ਅਸਰ ਕਰਨ ਲੱਗ ਗਈ ਹੈ ਕਿਉਂਕਿ ਅਸੀਂ ਦਿਨ-ਪ੍ਰਤੀਦਿਨ ਜਿਆਦਾ ਧਾਰਮਿਕ ਹੁੰਦੇ ਜਾ ਰਹੇ ਹਾਂ ਪਰ ਧਰਮ ਤੋਂ ਦੂਰ ਹੋ ਰਹੇ ਹਾਂ, ਸਿਧਾਂਤਾਂ ਦੇ ਰਾਹ ਤੋਂ ਭਟਕ ਕੇ ਆਪਣੀ ਮਰਜੀ ਦੇ ਰਾਹ ਉੱਤੇ ਤੁਰ ਪਏ ਹਾਂ। ਡੇਰਾਵਾਦ ਅਤੇ ਦੇਹਧਾਰੀਆਂ ਦਾ ਪੱਲਾ ਫੜ ਕੇ ਅਸੀਂ ਉਸ ਬੇੜੀ ਵਿੱਚ ਸਵਾਰ ਹੋ ਚੁੱਕੇ ਹਾਂ ਜੋ ਕਦੇ ਪਾਰ ਨਹੀਂ ਲੱਗਣੀ, ਜੇ ਇਨਸਾਨ ਹੀ ਪੂਜਣਾ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਜਾਂਦੀ ਵਾਰੀ ਕਿਸੇ ਨੂੰ ਗੱਦੀ ਜਰੂਰ ਦੇ ਕੇ ਜਾਂਦੇ, ਪਰ ਅਸੀਂ ਇਹ ਗੱਲ ਪੂਰੀ ਤਰ੍ਹਾਂ ਭੁੱਲ ਚੁੱਕੇ ਹਾਂ। ਸਮਾਂ ਬਦਲਦਾ ਬਦਲਦਾ ਸਾਡੀ ਸੋਚ ਅਤੇ ਸਮਝ ਨੂੰ ਵੀ ਬਦਲ ਗਿਆ। ਹਰ ਘਰ ਵਿੱਚ ਅਸੀਂ ਗੁਰੂ ਸਾਹਿਬਾਨ ਦੀਆਂ ਫੋਟੋਆਂ ਆਮ ਹੀ ਵੇਖ ਸਕਦੇ ਹਾਂ, ਹੌਲੇ-ਹੌਲੇ ਇਹਨਾਂ ਫੋਟੋਆਂ ਨੇ ਅਜਿਹੀ ਜਗ੍ਹਾ ਬਣਾ ਲਈ ਕਿ ਅਸੀਂ ਉਹਨਾਂ ਨੂੰ ਹੀ ਰੱਬ ਮੰਨ ਕੇ ਪੂਜਣਾ ਸ਼ੁਰੂ ਕਰ ਦਿੱਤਾ। ਹਰ ਰੋਜ਼ ਫੋਟੋਆਂ ਨੂੰ ਧੂਫ਼-ਬੱਤੀ ਕਰਨਾ ਵੀ ਸਾਡੇ ਧਾਰਮਿਕ ਕੰਮਾਂ ਦੀ ਲੜੀ ਵਿੱਚ ਸ਼ਾਮਿਲ ਹੈ। ਹੁਣ ਹਲਾਤ ਇਹ ਹਨ ਕਿ ਗੁਰੂ ਸਾਹਿਬ ਦਾ ਚਿਹਰਾ ਸਾਡੇ ਦਿਮਾਗ ਵਿੱਚ ਆਕਾਰ ਲੈ ਗਿਆ ਪਰ ਉਹਨਾਂ ਦੀਆਂ ਸਿੱਖਿਆਵਾਂ ਅਲੋਪ ਹੋ ਗਈਆਂ। ਲੋੜ ਸੀ ਪ੍ਰਚਾਰ ਦੀ, ਉਹਨਾਂ ਦੀਆਂ ਗੱਲਾਂ ਸਭ ਦੇ ਦਿਲਾਂ ਤੱਕ ਪਹੁੰਚਾਉਣ ਦੀ, ਪਰ ਅਸੀਂ ਪ੍ਰਸਾਰ ਨੂੰ ਮਹੱਤਵ ਦੇਣ ਲੱਗ ਪਏ ਅਤੇ ਪ੍ਰਚਾਰ ਕਰਨਾ ਭੁੱਲ ਗਏ। ਸਿਧਾਂਤਾਂ ਨੂੰ ਜੀਵਨ ਵਿੱਚ ਉਤਾਰਨ ਦੀ ਪਰ ਅਸੀਂ ਪੂਜਾ ਤੱਕ ਸੀਮਤ ਰਹਿ ਗਏ ਅਤੇ ਰੱਬ ਨੂੰ ਚੀਜ਼ਾਂ ਵੰਡਣ ਵਾਲੀ ਸ਼ਕਤੀ ਤੱਕ ਸੀਮਤ ਕਰ ਦਿੱਤਾ।

ਇਹ ਫੋਟੋਆਂ ਵੇਖਦੇ-ਵੇਖਦੇ ਸਾਡਾ ਹਿੱਸਾ ਬਣ ਗਈਆਂ ਅਤੇ ਲੱਖਾਂ ਕਰੋੜਾਂ ਦਾ ਕਾਰੋਬਾਰ ਬਣ ਗਈਆਂ। ਇਸੇ ਤਰ੍ਹਾਂ ਫ਼ਿਲਮਾਂ ਦਾ ਦੌਰ ਸ਼ੁਰੂ ਹੋ ਜਾਵੇਗਾ ਜਿੱਥੇ ਧਰਮ ਨਾਲੋਂ ਜਿਆਦਾ ਮਨੋਰੰਜਨ ਦੀ ਪ੍ਰਾਥਮਿਕਤਾ ਹੋਵੇਗੀ। ਜੋ ਕੰਮ ਹਰ ਘਰ ਦੇ ਸਿਆਣੇ ਨੂੰ ਕਰਨਾ ਚਾਹੀਦਾ ਹੈ, ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਕਰਨਾ ਚਾਹੀਦਾ ਹੈ, ਧਾਰਮਿਕ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੂੰ ਕਰਨਾ ਚਾਹੀਦਾ ਹੈ ਉਹ ਕੰਮ ਫਿਲਮਾਂ ਦੇ ਸਹਾਰੇ ਕਰਾਇਆ ਜਾ ਰਿਹਾ ਹੈ। ਜੇਕਰ ਛੋਟੀ ਉਮਰ ਤੋਂ ਹੀ ਬੱਚੇ ਨੂੰ ਸਹੀ ਗ਼ਲਤ ਦਾ ਪਾਠ ਪੜਾਉਣਾ ਸ਼ੁਰੂ ਕਰ ਦਿੱਤਾ ਜਾਵੇ ਉਹ ਉਸਦੇ ਸੁਭਾਹ ਦਾ ਹਿੱਸਾ ਬਣ ਜਾਵੇਗਾ ਅਤੇ ਇਹ ਸੁਭਾਹ ਜੀਵਨ ਜਾਚ। ਇਹ ਵਿਸ਼ਾ ਵੱਖਰੇ ਤੌਰ ਤੇ ਚਰਚਾ ਕਰਨ ਯੋਗ ਹੈ।

ਅੱਜ ਅਸੀਂ ਜਦੋਂ ਟੀ.ਵੀ ਉੱਤੇ ਕਾਰਟੂਨ ਚੈਨਲ ਵੇਖਦੇ ਹਾਂ ਤਾਂ ਕਿੰਨੇ ਹੀ ਅਜਿਹੇ ਚੈਨਲ ਹਨ ਜਿੰਨ੍ਹਾਂ ਉੱਤੇ ਹਿੰਦੂ ਧਰਮ ਨਾਲ ਸੰਬੰਧਿਤ ਕਾਰਟੂਨ ਪ੍ਰਸਤੁਤ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਕ੍ਰਿਸ਼ਨ, ਰਾਮ, ਭੀਮ, ਹਨੂਮਾਨ, ਸੈਲਫੀ ਵਿਦ ਬਜਰੰਗੀ ਅਤੇ ਹੋਰ ਧਾਰਮਿਕ ਪਾਤਰਾਂ ਨੂੰ ਮਜਾਕੀਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਬੱਚਿਆਂ ਦਾ ਮਨੋਰੰਜਨ ਕੀਤਾ ਜਾ ਸਕੇ, ਮਨਘੜਤ ਕਹਾਣੀਆਂ ਨੂੰ ਧਰਮ ਗੁਰੂਆਂ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ। ਇਹ ਕੋਈ ਧਰਮ ਪ੍ਰਚਾਰ ਨਹੀਂ ਇਹ ਸ਼ਰੇਆਮ ਧਰਮ ਨਾਲ ਮਜਾਕ ਹੈ ਅਤੇ ਕਮਾਈ ਦਾ ਇਕ ਸਾਧਨ ਮਾਤਰ ਹੈ। ਪਾਤਰਾਂ ਅਤੇ ਕਹਾਣੀ ਦਾ ਇਸ ਤਰਾਂ ਦਾ ਕਾਲਪਨਿਕ ਚਿਤਰਣ ਕਿਤੇ ਵੀ ਕਿਸੇ ਤਰਾਂ ਦਾ ਧਰਮ ਪ੍ਰਚਾਰ ਨਹੀਂ ਕਰ ਰਿਹਾ।  ਸ਼ੁਰਵਾਤੀ ਦੌਰ ਵਿੱਚ ਇਹ ਧਾਰਮਿਕ ਗ੍ਰੰਥਾਂ ਅਤੇ ਪ੍ਰਚਲਿਤ ਕਥਾਵਾਂ ਤੇ ਅਧਾਰ ਤੇ ਧਰਮ ਪ੍ਰਚਾਰ ਦੇ ਨਾਹਰੇ ਹੇਠ ਕਾਰਟੂਨ ਫ਼ਿਲਮ ਬਣਾਈਆਂ ਗਈਆਂ ਜੋ ਹੋ ਸਕਦਾ ਹੈ ਕਿ ਧਾਰਮਿਕ ਭਾਵਨਾਵਾਂ ਅਧੀਨ ਹੀ ਹੋਣ ਪਰ ਹੌਲੇ ਹੌਲੇ ਇਹ ਭਾਵਨਾਵਾਂ ਕਮਾਈ ਅਤੇ ਮਨੋਰੰਜਨ ਦਾ ਰੂਪ ਧਾਰਨ ਕਰ ਗਈਆਂ। ਹੁਣ ਇਹ ਗੱਲ ਬੱਚਿਆਂ ਦੀ ਸਮਝ ਤੋਂ ਤਾਂ ਹੈ ਹੀ ਬਹੁਤ ਬਾਹਰ ਦੀ ਪਰ ਵੱਡੇ ਵੀ ਇਸ ਗੱਲ ਦੇ ਆਦੀ ਹੋ ਚੁੱਕੇ ਹਨ ਅਤੇ ਓਹਨਾ ਨੂੰ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਉਹਨਾਂ ਦਾ ਸ਼੍ਰੀ ਕ੍ਰਿਸ਼ਨ ਕਦੋਂ ਕ੍ਰਿਸ਼ ਬਣ ਗਿਆ ਅਤੇ ਹਨੂਮਾਨ ਹਨੂੰਮੈਨ ਬਣ ਗਿਆ। ਅਜਿਹਾ ਕੁਝ ਹੀ ਮੈਨੂੰ ਸਾਡੇ ਨਾਲ ਹੁੰਦਾ ਪ੍ਰਤੀਤ ਹੁੰਦਾ ਹੈ ਅੱਜ ਅਸੀਂ ਐਨੀਮੇਟਡ ਫ਼ਿਲਮਾਂ, ਕਾਰਟੂਨ ਅਤੇ ਫ਼ਿਲਮਾਂ ਦੇ ਸਹਾਰੇ ਧਰਮ ਪ੍ਰਚਾਰ ਨੂੰ ਅਪਣਾ ਰਹੇ ਹਾਂ ਪਰ ਕਿਤੇ ਹੌਲੇ-ਹੌਲੇ ਸਾਡੀ ਆਉਣ ਵਾਲੀ ਪੀੜੀ ਉਹਨਾਂ ਮਹਾਨ ਯੋਧਿਆਂ ਨੂੰ ਸਿਰਫ ਸੂਪਰ ਹੀਰੋ ਤੱਕ ਹੀ ਸੀਮਤ ਨਾ ਕਰ ਦੇਵੇ। ਫਿਰ ਇਕ ਹੋਰ ਬੜਾ ਅਹਿਮ ਮਸਲਾ ਹੈ ਇਤਿਹਾਸ ਵਿੱਚ ਮਿਲਾਵਟ ਦਾ, ਚੀਜ਼ਾਂ ਨੂੰ ਮਨੋਰੰਜਕ ਬਣਾਉਣ ਲਈ ਅਤੇ ਜਿਆਦਾ ਤੋਂ ਜਿਆਦਾ ਆਕਰਸ਼ਣ ਪੈਦਾ ਕਰਨ ਲਈ ਉਹਨਾਂ ਦੇ ਅਸਲੀ ਰੂਪ ਨਾਲ ਛੇੜਖਾਨੀ ਕਰਨਾ ਆਮ ਗੱਲ ਹੈ, ਜਿਵੇਂ ਪਿਛੇ ਜਿਹੇ ਇਕ ਟੀ.ਵੀ. ਚੈਨਲ ਨੇ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਇੱਕ ਨਾਟਕ ਸ਼ੁਰੂ ਕੀਤਾ ਜਿਸ ਵਿੱਚ ਇਤਿਹਾਸ ਘੱਟ ਅਤੇ ਟੀ.ਆਰ.ਪੀ ਵਧਾਉਣ ਲਈ ਮਸਾਲਾ ਵੱਧ ਪੇਸ਼ ਕੀਤਾ ਗਿਆ ਸੀ, ਇਹ ਮਸਲਾ ਨਾਨਕ ਸ਼ਾਹ ਫ਼ਕੀਰ ਫ਼ਿਲਮ ਵਿੱਚ ਵੀ ਨਜ਼ਰ ਆਉਂਦਾ ਹੈ। ਜਲਦੀ ਹੀ ਲੋਕਾਂ ਨੂੰ ਸਮਝ ਆ ਗਈ ਕਿ ਉਹਨਾਂ ਸਾਹਮਣੇ ਕਿ ਪਰੋਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹ ਨਾਟਕ ਬੰਦ ਕਰਨਾ ਪੈ ਗਿਆ, ਉਸਦੇ ਬੰਦ ਹੋਣ ਤੇ ਵੀ ਕੁਝ ਲੋਕਾਂ ਵੱਲੋਂ ਬੜਾ ਰੌਲਾ-ਰੱਪਾ ਪਾਇਆ ਗਿਆ ਕਿ ਸਾਡੇ ਸਿੱਖ ਧਰਮ ਨਾਲ ਸੰਬੰਧਿਤ ਨਾਟਕ ਸੀ ਜਰੂਰ ਵੇਖੋ, ਇਸਨੂੰ ਬੰਦ ਨਾ ਹੋਣ ਦਿਓ ਵਗੈਰਾ ਵਗੈਰਾ, ਪਰ ਇਹਨਾਂ ਚ ਉਹ ਲੋਕ ਜਿਆਦਾ ਸਨ ਜਿਨ੍ਹਾਂ ਨੇ ਕਦੇ ਇਤਿਹਾਸ ਪੜ੍ਹਨ ਦੀ ਖੇਚਲ ਨਹੀਂ ਕੀਤੀ ਅਤੇ ਨਾ ਉਹ ਏਨੀ ਖੇਚਲ ਕਰਨਾ ਚਾਉਂਦੇ ਹਨ ਕਿ ਸਹੀ-ਗ਼ਲਤ ਦੀ ਪਰਖ ਕੀਤੀ ਜਾਵੇ। ਥਾਲੀ ਵਿੱਚ ਪਰੋਸ ਕੇ ਜੋ ਵੀ ਪੇਸ਼ ਕਰ ਦਿੱਤਾ ਜਾਵੇ ਉਹ ਮਜ਼ੇ ਲੈ ਕੇ ਛਕ ਜਾਂਦੇ ਹਨ ਬਸ਼ਰਤੇ ਸਜਾਵਟ ਆਕਰਸ਼ਿਤ ਹੋਣੀ ਚਾਹੀਦੀ ਹੈ। ਕਿਸੇ ਵੀ ਚੀਜ਼ ਨੂੰ ਆਸਾਨੀ ਨਾਲ ਹਾਸਲ ਕਰਨ ਦੀ ਤਾਂਘ ਨੇ ਤਕਨੀਕ ਦੇ ਹੱਥ ਸਾਡਾ ਪੱਲਾ ਫੜਾ ਦਿੱਤਾ ਹੈ ਅਤੇ ਅਸੀਂ ਵੀ ਘੁੰਡ ਕੱਢੀ ਸਿਰ ਝੁਕਾ ਕੇ ਮਗਰ-ਮਗਰ ਤੁਰੇ ਜਾ ਰਹੇ ਹਾਂ। ਇਕ ਹੀ ਯੰਤਰ ਦੀ ਵਰਤੋਂ ਨਾਲ ਅਸੀਂ ਸਾਰੇ ਕੰਮ ਕਰੀ ਜਾ ਰਹੇ ਹਾਂ, ਗੁਟਕਾ ਸਾਹਿਬ ਨੂੰ ਜੂਠੇ ਜਾਂ ਗੰਦੇ ਹੱਥਾਂ ਨਾਲ ਫੜਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ ਪਰ ਅੱਜ ਅਸੀਂ ਮੋਬਾਇਲਾਂ ਵਿੱਚ ਜਦੋਂ ਮਰਜੀ ਜਿੱਥੇ ਮਰਜੀ ਗੁਟਕਾ ਖੋਲ ਕੇ ਬਹਿ ਜਾਂਦੇ ਹਾਂ ਅਤੇ ਇਹ ਗੱਲ ਸਾਡੇ ਧਿਆਨ ਵਿੱਚ ਹੀ ਨਹੀਂ ਆਉਂਦੀ ਕਿ ਸੱਭਿਅਕ ਅਤੇ ਮਰਿਯਾਦਾ ਦੇ ਪੱਕੇ ਜਾਣੇ-ਅਣਜਾਣੇ ਹਰ ਰੋਜ਼ ਆਪਣੇ ਹੀ ਬਣਾਏ ਹੋਏ ਘੇਰੇ ਨੂੰ ਟੱਪ ਰਹੇ ਹਨ। ਇਹ ਗੱਲ ਕਿੰਨੀ ਕੁ ਵਾਜਬ ਹੈ ਇਸਦਾ ਫੈਸਲਾ ਪਾਠਕ ਖ਼ੁਦ ਕਰ ਸਕਦੇ ਹਨ। ਇਕ ਪਾਸੇ ਅਸੀਂ ਸਫਾਈ, ਮਰਿਆਦਾ, ਸੁੱਚਮ ਅਤੇ ਸਤਿਕਾਰ ਦੀਆਂ ਗੱਲਾਂ ਕਰਦੇ ਹਾਂ ਅਤੇ ਦੂਜੇ ਪਾਸੇ ਆਪ ਹੀ ਇਹਨਾਂ ਦੀ ਉਲੰਘਣਾ ਕਰਦੇ ਹਾਂ। ਗੁਰਦਵਾਰਾ ਸਾਹਿਬ ਵਿੱਚ ਪਈ ਗੁਰਬਾਣੀ ਨੂੰ ਏਨਾ ਸਤਿਕਾਰ ਪਰ ਆਪਣੇ ਹੱਥ ਵਿੱਚ ਫੜੇ ਮੋਬਾਇਲ ਵਿੱਚ ਪਈ ਗੁਰਬਾਣੀ ਪ੍ਰਤੀ ਏਨਾ ਅਸਵੇਸਲਾ ਵਤੀਰਾ। ਆਪਣੇ ਹੀ ਬਣਾਏ ਮਾਪਦੰਡ ਅਸੀਂ ਆਪ ਹੀ ਨਹੀਂ ਮੰਨਦੇ। ਖੈਰ ਇਹ ਆਪਣੇ-ਆਪ ਵਿੱਚ ਇੱਕ ਅਲੱਗ ਵਿਸ਼ਾ ਹੈ।

ਜਿਨ੍ਹਾਂ ਚਿਰ ਅਸੀਂ ਆਪਣੇ ਅੰਦਰੋਂ ਇਹ ਰੀਝ ਨਹੀਂ ਪੈਦਾ ਕਰਦੇ ਕਿ ਅਸੀਂ ਕਿਸੇ ਚੀਜ ਨੂੰ ਜਾਨਣਾ ਹੈ ਸਮਝਣਾ ਹੈ ਓਨੀ ਦੇਰ ਅਸੀਂ ਦਿਲੋਂ ਨਾ ਤਾਂ ਕੁਝ ਸਮਝ ਸਕਦੇ ਹਾਂ ਅਤੇ ਨਾ ਆਪਣਾ ਸਕਦੇ ਹਾਂ, ਫ਼ਿਲਮ ਵੇਖ ਕੇ ਥੋੜੇ ਸਮੇਂ ਲਈ ਉਤਸੁਕਤਾ ਵਿੱਚ ਆ ਕੇ ਭਾਵਨਾਤਮਕ ਫੈਸਲੇ ਜਰੂਰ ਲੈ ਲੈਂਦੇ ਹਾਂ ਪਰ ਓਹ ਫੈਸਲੇ ਰੇਤ ਦੀਆਂ ਕੰਧਾਂ ਵਾਂਙੂ ਕਦੋਂ ਢਹਿ-ਢੇਰੀ ਹੋ ਜਾਣਗੇ ਕੋਈ ਪਤਾ ਨਹੀਂ। ਜੋ ਉਮੀਦਾਂ ਅਸੀਂ ਕਿਸੇ ਦੂਜੇ ਤੋਂ ਲਗਾਈਆਂ ਹਨ ਕਿ ਉਹ ਸਾਡੇ ਅਤੇ ਸਾਡੇ ਬੱਚਿਆਂ ਲਈ ਵਧੀਆ ਜੀਵਨ ਜੀਣ ਲਈ ਰਾਹਾਂ ਤਿਆਰ ਕਰੇ ਉਹ ਉੱਦਮ ਸਾਨੂੰ ਖ਼ੁਦ ਕਰਨਾ ਪਵੇਗਾ, ਧਰਮ ਨੂੰ ਕੱਟੜਤਾ ਦਾ ਸਮਾਨਰਥੀ ਬਣਾਉਣ ਦੀ ਬਜਾਇ ਇਸਦੇ ਮਾਇਨੇ ਸਮਝਾਉਣ ਦੀ ਲੋੜ ਹੈ ਤਾਂ ਜੋ ਗਿਆਨ ਦੀ ਲੋਅ ਹਨ੍ਹੇਰੇ ਨੂੰ ਖ਼ਤਮ ਕਰੇ ਨਾ ਕਿ ਇਨਸਾਨ ਦੀ ਸਮਝ ਨੂੰ ਝੁਲਸਾਵੇ। ਜੀਵਨ ਜਾਚ ਹਰ ਰੋਜ਼ ਸਿੱਖਣ ਅਤੇ ਅਪਨਾਉਣ ਦੀ ਪ੍ਰੀਕਿਰਿਆ ਹੈ ਜੋ ਹੌਲੇ ਹੌਲੇ ਸਾਡੇ ਅਵਚੇਤਨ ਦਾ ਹਿੱਸਾ ਬਣਕੇ ਸਾਡੀਆਂ ਆਦਤਾਂ ਅਤੇ ਸੁਭਾਅ ਬਣ ਜਾਂਦੀ ਹੈ। ਨਾਨਕ ਸ਼ਾਹ ਫ਼ਕੀਰ ਦੀ ਵਿਰਾਸਤ ਬਹੁਤ ਵੱਡੀ ਹੈ ਜਿਸਨੂੰ ਸਮਝਣ ਅਤੇ ਸਾਂਭਣ ਲਈ ਨਾਨਕ ਨੂੰ ਮੰਨਣ ਦੀ ਬਜਾਇ ਨਾਨਕ ਦੀ ਮੰਨਣ ਦੀ ਆਦਤ ਪਾਉਣੀ ਪਵੇਗੀ।

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks