ਪੁਰਾਣੇ ਜਿਹੇ ਗਾਡਰ-ਬਾਲਿਆਂ ਵਾਲੀ ਛੱਤ ਵਾਲੇ ਕੋਠੇ ਵਿੱਚ ਚਿੜੀਆਂ ਦੇ ਬਹੁਤ ਸਾਰੇ ਆਹਲਣੇ ਸਨ, ਦਿਨ ਚੜ੍ਹਦੇ ਹੀ ਚਿੜੀਆਂ ਦੀਆਂ ਚਹਿਕਾਂ ਦੀ ਆਵਾਜ਼ ਸਾਰੇ ਘਰ ਵਿੱਚ ਸੁਣਾਈ ਦੇਣ ਲੱਗ ਜਾਂਦੀ ਸੀ। ਕਈ ਵਾਰੀ ਹਰ ਵੇਲੇ ਦੀ ਚੀਂ-ਚੀਂ ਸੁਣਕੇ ਅਤੇ ਗੰਦਗੀ ਵੇਖ ਕੇ ਬਹੁਤ ਅਕੇਵਾਂ ਹੁੰਦਾ ਅਤੇ ਅਸੀਂ ਸੋਚਦੇ ਕਿ ਸਾਰੇ ਆਹਲਣੇ ਹਟਾ ਕੇ ਬਾਲਿਆਂ ਦੀਆਂ ਵਿੱਥਾਂ ਵਿੱਚ ਲੱਕੜ ਦੇ ਗਟੂ ਫਸਾ ਕੇ ਇਹ ਕੰਮ ਪੱਕਾ ਹੀ ਬੰਦ ਕਰ ਦੇਣਾ, ਘਰ ਸੱਚ-ਮੁੱਚ ਹੀ ਚਿੜੀਆ ਘਰ ਬਣਿਆ ਹੋਇਆ ਸੀ। ਫਿਰ ਅਸੀਂ ਹਰ ਵਾਰ ਇਹ ਸੋਚ ਕੇ ਆਹਲਣੇ ਨਹੀਂ ਹਟਾਉਂਦੇ ਸੀ ਕਿ ਉਸ ਵਿੱਚ ਚਿੜੀਆਂ ਦੇ ਆਂਡੇ ਹੋਣੇ ਜਾਂ ਫਿਰ ਬੱਚੇ ਹੋਣਗੇ, ਗਰਮੀਆਂ ਵਿੱਚ ਕਹਿੰਦੇ ਕਿ ਗਰਮੀ ਬਹੁਤ ਆ ਸਰਦੀਆਂ ਚ ਸਾਫ ਕਰ ਦੇਣਾ ਅਤੇ ਸਰਦੀਆਂ ਚ ਇਹ ਕਹਿ ਕੇ ਟਾਲ ਦੇਂਦੇ ਕਿ ਠੰਡ ਚ ਇਨ੍ਹਾਂ ਦਾ ਔਖਾ ਹੋ ਜੂ ਗਰਮੀਆਂ ਚ ਇਹ ਕੰਮ ਕਰਾਂਗੇ। ਏਦਾਂ ਹੀ ਸਮਾਂ ਲੰਘਦਾ ਗਿਆ ਇਕ ਦਿਨ ਸਵੇਰੇ ਉੱਠ ਕੇ ਦੇਖਿਆ ਕਿ ਇਕ ਬੋਟ ਆਹਲਣੇ ਵਿਚੋਂ ਜ਼ਮੀਨ ਉੱਤੇ ਡਿੱਗਿਆ ਪਿਆ ਸੀ ਦੇਖਣ ਨੂੰ ਲੱਗ ਰਿਹਾ ਸੀ ਕਿ ਮਰ ਗਿਆ, ਜਦ ਕੋਲ ਜਾ ਕੇ ਹੱਥ ਲਗਾਇਆ ਤਾਂ ਥੋੜਾ ਜਿਹਾ ਹਿੱਲਿਆ ਬੜੀ ਖੁਸ਼ੀ ਹੋਈ ਕਿ ਹਾਲੇ ਜਿਉਂਦਾ ਹੈ। ਚੁੱਕ ਕੇ ਦੂਜੇ ਕਮਰੇ ਵਿੱਚ ਲੈ ਗਿਆ ਅਤੇ ਸਾਰਿਆਂ ਨੂੰ ਦਿਖਾਉਣ ਲੱਗ ਗਿਆ। ਸਭ ਕਹਿੰਦੇ ਇਹਨੇ ਨਹੀਂ ਬਚਣਾ,
ਆਹਲਣਿਓ ਡਿੱਗਾ ਬੋਟ ਕਦੇ ਨਹੀਂ ਬਚਦਾ। ਪਰ ਮੈਂ ਇਹ ਗੱਲ ਅਣਸੁਣੀ ਕਰਕੇ ਉਦੇ ਲਈ ਆਟਾ ਲੈਣ ਚਲਾ ਗਿਆ, ਥੋੜਾ ਜਿਹਾ ਆਟਾ ਓਦੀ ਚੁੰਜ ਵਿੱਚ ਫਸਾ ਦਿੱਤਾ, ਬਹੁਤ ਛੋਟਾ ਸੀ ਇਸ ਲਈ ਖਾ ਨਹੀਂ ਰਿਹਾ ਸੀ ਫਿਰ ਪਾਣੀ ਤੇ ਤੁਪਕੇ ਚੁੰਜ ਨਾਲ ਲਾਏ ਬਸ ਇਸੇ ਤਰਾਂ ਕੁਝ ਨਾ ਕੁਝ ਖਵਾਉਣ ਪਿਆਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਇਸਨੂੰ ਬਚਾਇਆ ਜਾ ਸਕੇ। ਨਾ ਤਾਂ ਐਨੀ ਸਮਝ ਸੀ ਤਾਂ ਨਾ ਹੀ ਕੋਈ ਇੰਜ ਦਾ ਕੋਈ ਤਜਰਬਾ ਸੀ ਤੇ ਨਾ ਉਸ ਸਮੇਂ ਅੱਜ ਵਾਂਗੂ ਇੰਟਰਨੈਟ ਅਤੇ ਗੂਗਲ ਸੀ ਕਿ ਹਰ ਸਵਾਲ ਦਾ ਜਵਾਬ ਮਿਲ ਸਕੇ, ਇਸ ਲਈ ਜੋ ਸਮਝ ਆਇਆ ਜਾਂ ਆਸੇ ਪਾਸਿਓਂ ਪਤਾ ਲੱਗਾ ਕਰ ਲਿਆ। ਜਿਵੇਂ ਕਿਵੇਂ ਦਿਨ ਬੀਤ ਰਹੇ ਸਨ ਅਤੇ ਇਹ ਮਹਿਸੂਸ ਹੋਣ ਲੱਗ ਗਿਆ ਕਿ ਹੁਣ ਇਹ ਬਚ ਜਾਵੇਗਾ, ਬੋਟ ਨਾਲ ਬਹੁਤ ਮੋਹ ਪੈ ਗਿਆ ਸਕੂਲੇ ਜਾਣ ਤੋਂ ਪਹਿਲਾਂ ਉਦੇ ਨਾਲ ਖੇਡਣ ਤੇ ਵਾਪਸ ਆਉਂਦੇ ਫ਼ਿਰ ਉਦੇ ਆਲੇ-ਦਵਾਲੇ ਹੀ। ਉਸਨੂੰ ਮੈਂ ਇਕ ਕਣਕ ਛਾਨਣ ਵਾਲੀ ਛਾਨਣੀ ਦੇ ਹੇਠਾਂ ਭਾਂਡਾ ਰੱਖ ਕੇ ਉਸ ਵਿੱਚ ਰੱਖਿਆ ਹੋਇਆ ਸੀ ਤਾਂ ਕਿ ਦਿਸਦਾ ਵੀ ਰਹੇ, ਹਵਾ ਵੀ ਮਿਲਦੀ ਰਹੇ ਤੇ ਬਿੱਲੀ ਕੁੱਤੇ ਵਰਗੇ ਦੁਸ਼ਮਣ ਤੋਂ ਵੀ ਬਚਾ ਹੋ ਸਕੇ। ਸੌਣ ਲੱਗੇ ਵੀ ਆਪਣੇ ਕੋਲ ਹੀ ਰੱਖ ਲੈਣਾ ਤੇ ਰਾਤ ਨੂੰ ਉੱਠ-ਉੱਠ ਕੇ ਦੇਖਦੇ ਰਹਿਣਾ।
ਦੇਖਦੇ ਦੇਖਦੇ ਉਹ ਵੱਡਾ ਹੋਣ ਲੱਗਾ ਅਤੇ ਖ਼ਮਬ ਪੁੰਗਰਨੇ ਸ਼ੁਰੂ ਹੋ ਗਏ, ਉਸਨੂੰ ਅੱਖਾਂ ਸਾਹਮਣੇ ਵੱਡਾ ਹੁੰਦੇ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ। ਜਿਵੇਂ ਜਿਵੇਂ ਖ਼ਮਬ ਆਕਾਰ ਲੈਣ ਲੱਗੇ ਸ਼ਇਦ ਉਦੇ ਖਵਾਬ ਵੀ ਆਕਾਰ ਲੈਣ ਲੱਗ ਗਏ, ਤੇ ਉਸਦੇ ਮਨ ਵਿੱਚ ਉਡਣ ਦੀ ਖ਼ਵਾਹਿਸ਼ ਜਨਮ ਲੈ ਰਹੀ ਸੀ।ਹੁਣ ਉਹ ਛਾਨਣੀ ਦੇ ਹੇਠਾਂ ਛਾਲਾਂ ਮਾਰਦਾ ਰਹਿੰਦਾ। ਜਿਵੇਂ ਜਿਵੇਂ ਉਸਦੇ ਖ਼ਮਬ ਆ ਰਹੇ ਸੀ ਅਤੇ ਉਹ ਵੱਡਾ ਹੋ ਰਿਹਾ ਸੀ ਮੇਰੇ ਲਈ ਉਸਨੂੰ ਸੰਭਾਲਣਾ ਦਿਨੋ-ਦਿਨ ਔਖਾ ਹੁੰਦਾ ਜਾ ਰਿਹਾ ਸੀ, ਉਸਨੂੰ ਆਟਾ-ਪਾਣੀ ਦੇਣਾ ਔਖਾ ਹੋ ਰਿਹਾ ਸੀ। ਹੁਣ ਮੈਨੂੰ ਉਸਦਾ ਧਿਆਨ ਅਤੇ ਨਿਗਰਾਨੀ ਦੋਨੋ ਹੀ ਜਿਆਦਾ ਕਰਨੇ ਪੈਂਦੇ ਸਨ, ਪਰ ਉਸਨੂੰ ਵੱਡਾ ਹੁੰਦੇ ਦੇਖ ਕੇ ਖੁਸ਼ੀ ਵੀ ਬਹੁਤ ਹੁੰਦੀ ਸੀ। ਹੁਣ ਲਗਭਗ ਉਹ ਪੂਰਾ ਚਿੜੀ ਦਾ ਆਕਾਰ ਲੈ ਚੁੱਕਾ ਸੀ ਅਤੇ ਖ਼ਮਬ ਵੀ ਲਗਭਗ ਸਾਰੇ ਆ ਗਏ ਸਨ, ਮੈਨੂੰ ਇੰਜ ਲਗਦਾ ਸੀ ਕਿ ਉਸਦਾ ਉਡਣ ਦਾ ਸਮਾਂ ਆ ਗਿਆ ਸੀ ਹੁਣ ਇਹ ਛਾਨਣੀ ਵਾਲੀ ਦੁਨੀਆਂ ਉਸ ਲਈ ਬਹੁਤ ਛੋਟੀ ਸੀ, ਹੁਣ ਉਹ ਖੁੱਲੇ ਅਸਮਾਨ ਵਿੱਚ ਉਡਣਾ ਚਾਉਂਦਾ ਸੀ, ਪਰਵਾਜ਼ ਭਰਨਾ ਚਾਉਂਦਾ ਸੀ, ਨਵੀਆਂ ਜਗਾਹ ਦੇਖਣਾ ਚਾਉਂਦਾ ਸੀ, ਨਵੇਂ ਦੋਸਤ, ਨਵੀਂ ਦੁਨੀਆਂ ਬਣਾਉਣਾ ਚਾਉਂਦਾ ਸੀ। ਫਿਰ ਇਕ ਦਿਨ ਮੈਂ ਹੌਸਲਾ ਜਿਹਾ ਕਰਕੇ ਇਸ ਉੱਪਰੋਂ ਉਹ ਛਾਨਣੀ ਹਟਾ ਦਿੱਤੀ, ਉਹ ਛਾਨਣੀ ਹਟਦੇ ਸਾਰ ਹੀ ਉਡਾਰੀ ਮਾਰਨ ਲੱਗਾ, ਪਰ ਕਦੇ ਐਨੀ ਵੱਡੀ ਛਾਲ ਨਾ ਮਾਰਨ ਕਰਕੇ ਉਥੇ ਹੀ ਡਿੱਗ ਗਿਆ, ਪਰ 2-4 ਵਾਰੀ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਨ ਦੇ ਬਾਅਦ ਉਹ ਉੱਡਣ ਵਿੱਚ ਕਾਮਯਾਬ ਹੋ ਗਿਆ। ਮੈਨੂੰ ਅੱਜ ਵੀ ਯਾਦ ਹੈ ਪਹਿਲਾਂ ਉਸਨੇ ਛੋਟੀ ਜਿਹੀ ਉਡਾਰੀ ਮਾਰੀ ਅਤੇ ਕਮਰੇ ਤੋਂ ਬਾਹਰ ਵੇਹੜੇ ਵਿੱਚ ਆਇਆ, ਫਿਰ ਅਗਲੀ ਉਡਾਰੀ ਵਿੱਚ ਵੇਹੜੇ ਵਿੱਚ ਲੱਗੇ ਅਮਰੂਦ ਦੇ ਬੂਟੇ ਤੇ ਬੈਠ ਗਿਆ, ਫਿਰ ਉਡਿਆ ਅਤੇ ਪਾਣੀ ਵਾਲੀ ਟੈਂਕੀ ਤੇ ਜਾ ਬੈਠਿਆ ਅਤੇ ਉਸਤੋਂ ਬਾਅਦ ਖੁੱਲੇ ਅਸਮਾਨ ਵਿੱਚ ਉਡਾਰੀ ਦਿਸੀ ਅਤੇ ਉਹ ਅੱਖੋਂ ਓਹਲੇ ਹੋ ਗਿਆ। ਬਹੁਤ ਰੋਏ ਸਾਰੇ ਭੈਣ ਭਰਾ, ਕਈ ਦਿਨ ਓਪਰਾ ਓਪਰਾ ਜਿਹਾ ਲਗਦਾ ਰਿਹਾ, ਉਹ ਛਾਨਣੀ ਕਈ ਮਹੀਨੇ ਵੀਰਾਨ ਪਈ ਰਹੀ ਜਦ ਵੀ ਉਸ ਵੱਲ ਦੇਖਦੇ ਸੀ ਤਾਂ ਸਭ ਕੁਝ ਯਾਦ ਆ ਜਾਂਦਾ ਸੀ ਇਸ ਲਈ ਉਸਨੂੰ ਵੇਖਣਾ ਹੀ ਛੱਡ ਦਿੱਤਾ। ਹੌਲੇ ਹੌਲੇ ਅਸੀਂ ਵੀ ਵੱਡੇ ਹੁੰਦੇ ਗਏ ਅਤੇ ਜ਼ਿੰਦਗੀ ਦੇ ਸਫਰ ਵਿੱਚ ਅੱਗੇ ਵੱਧਦੇ-ਵਧਦੇ ਆਹਲਣਿਓ ਡਿੱਗਾ ਬੋਟ ਬਹੁਤ ਪਿੱਛੇ ਰਹਿ ਗਿਆ।
ਅੱਜ 15-16 ਸਾਲ ਪੁਰਾਣੀ ਇਹ ਗੱਲ ਅਚਾਨਕ ਯਾਦ ਆ ਗਈ ਜਦੋਂ ਇਕ ਲਾਚਾਰ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾ ਕੇ, ਉਹਨਾਂ ਨੂੰ ਉਡਣਾ ਸਿਖਾ ਕੇ ਵੇਹੜੇ ਵਿੱਚ ਬੈਠੇ ਉਸ ਛਾਨਣੀ ਰੂਪੀ ਘਰ ਨੂੰ ਸਿੱਲੀਆਂ ਅੱਖਾਂ ਨਾਲ ਦੇਖ ਰਹੇ ਸਨ ਅਤੇ ਭਰੇ ਹੋਏ ਗਲੇ ਨਾਲ ਬਹੁਤ ਕੁਝ ਕਹਿਣਾ ਚਾਉਂਦੇ ਹੋਏ ਵੀ ਖਾਮੋਸ਼ ਸਨ। ਸਭ ਚੁੱਪ ਸਨ ਪਰ ਫਿਰ ਵੀ ਅੰਦਰ ਬਹੁਤ ਜਿਆਦਾ ਸ਼ੋਰ ਸੀ ਇੰਜ ਲੱਗ ਰਿਹਾ ਸੀ ਕਿ ਖਾਮੋਸ਼ੀ ਦੀਆਂ ਚੀਕਾਂ ਕੰਨਾਂ ਦੇ ਪਰਦੇ ਪਾੜ ਦੇਣਗੀਆਂ। ਫ਼ਿਰ ਮਾਹੌਲ ਬਦਲਣ ਲਈ ਮੈਂ ਇਧਰ-ਉਧਰ ਦੀਆਂ ਗੱਲਾਂ ਛੇੜ ਦਿੱਤੀਆਂ। ਥੋੜਾ ਸਮਾਂ ਗੱਲਾਂ ਚਲੀਆਂ ਪਰ ਵਿਸ਼ਾ ਇੱਕ ਵਾਰੀ ਫਿਰ ਘੁੰਮ ਕੇ ਉਸ ਸ਼ਾਂਤੀ ਵੱਲ ਚਲਾ ਗਿਆ। ਬਾਪੂ ਜੀ ਬੋਲੇ ਪੁੱਤਰਾ ਜ਼ਿੰਦਗੀ ਦੇ ਇਸ ਮੋੜ ਤੇ ਆ ਕੇ ਲੁੱਟੇ ਜਿਹੇ ਮਹਿਸੂਸ ਕਰ ਰਹੇ ਹਾਂ, ਏਦਾਂ ਲਗਦਾ ਜ਼ਿੰਦਗੀ ਹੱਥੋਂ ਹਾਰ ਗਏ ਹਾਂ। ਧੀਆਂ ਨੂੰ ਵਿਆਹ ਕੇ ਉਹਨਾਂ ਦੇ ਘਰ ਤੋਰ ਦਿੱਤਾ ਤੇ ਪੁੱਤ ਵਿਦੇਸ਼ ਚਲਾ ਗਿਆ। ਸਾਰੀ ਉਮਰ ਲਗਾ ਦਿੱਤੀ ਉਹਨਾਂ ਦੀ ਜਿੰਦਗੀ ਬਣਾਉਣ ਲਈ, ਹਰ ਸੰਭਵ ਕੋਸ਼ਿਸ਼ ਕੀਤੀ ਕਿ ਕਦੇ ਉਹਨਾਂ ਨੂੰ ਕੋਈ ਕਮੀ-ਪੇਸ਼ੀ ਨਾ ਰਹੇ। ਚਲੋ ਉਂਞ ਤਾਂ ਸਾਰੇ ਮਾਪੇ ਹੀ ਕਰਦੇ ਹਨ ਅਸੀਂ ਕੁਝ ਵੱਖਰਾ ਨੀ ਕੀਤਾ ਤੇ ਸਾਨੂੰ ਪਤਾ ਵੀ ਸੀ ਕਿ ਇੰਜ ਹੀ ਹੋਣਾ ਸਭ ਨੇ ਚਲੇ ਜਾਣਾ ਪਰ ਫਿਰ ਵੀ ਇਹ ਦਿਲ ਨਹੀਂ ਸਮਝਦਾ, ਕੱਲਿਆਂ ਨੂੰ ਇਹ ਘਰ ਖਾਣ ਨੂੰ ਆਉਂਦਾ। ਸਾਰਾ ਦਿਨ ਇਕ ਅਜੀਬ ਜਿਹੀ ਚੁੱਪ ਛਾਈ ਰਹਿੰਦੀ ਹੈ। ਅਸੀਂ ਬੱਚਿਆਂ ਨੂੰ ਦੋਸ਼ ਨਹੀਂ ਦੇਂਦੇ ਉਹਨਾਂ ਨੇ ਵੀ ਆਪਣੀ ਜਿੰਦਗੀ ਜੀਣੀ ਹੈ, ਕਾਮਯਾਬ ਹੋਣ ਹੈ ਘਰ ਵਿੱਚ ਰਹਿ ਕੇ ਸਰਦਾ ਵੀ ਨਹੀਂ, ਪਰ ਸਾਡਾ ਕੱਲਿਆਂ ਦਾ ਵੀ ਉਹਨਾਂ ਤੋਂ ਬਿਨਾਂ ਕੀ ਜੀਣਾ। ਦੁਨੀਆਂ ਦਾ ਦਸਤੂਰ ਆ ਕਿ ਧੀਆਂ ਨੇ ਤੁਰ ਹੀ ਜਾਣਾ ਹੁੰਦਾ ਅਤੇ ਮੁੰਡਿਆ ਨੂੰ ਵੀ ਜਾਣਾ ਪੈਂਦਾ ਕੰਮਾਂ-ਕਾਰਾਂ ਲਈ। ਇਹ ਕੋਈ ਨਵੀਂ ਗੱਲ ਨਹੀਂ ਹੈ ਜੋ ਸਾਡੇ ਨਾਲ ਹੋਈ ਹੈ। ਪਰ ਪੁੱਤਰਾ ਯਾਦ ਬਹੁਤ ਆਉਂਦੀ ਐ, ਇਸ ਘਰ ਵਿੱਚ ਕਿਸੇ ਸਮੇਂ ਕਿੰਨੀ ਰੌਣਕ ਸੀ, ਇਸੇ ਵੇਹੜੇ ਵਿੱਚ ਸਭ ਬੱਚਿਆਂ ਨੇ ਰਲ ਕੇ ਖੇਡਣਾ, ਭੱਜੇ ਫਿਰਨਾ! ਮੇਲਾ ਹੀ ਲੱਗਾ ਰਹਿੰਦਾ ਸੀ। ਜ਼ਿੰਦਗੀ ਬਹੁਤ ਖੁਸ਼ਹਾਲ ਸੀ ਕੰਮ ਤੋਂ ਥੱਕੇ-ਟੁੱਟੇ ਆ ਕੇ ਜਦੋਂ ਬੱਚਿਆਂ ਨਾਲ ਸਮਾਂ ਬਿਤਾਉਂਦਾ ਸੀ ਤਾਂ ਥਕਾਵਟ ਪਤਾ ਈ ਨੀਂ ਕਦੋਂ ਖ਼ਤਮ ਹੋ ਜਾਂਦੀ ਸੀ। ਜਦੋਂ ਬੱਚੇ ਵੱਡੇ ਹੁੰਦੇ ਹਨ ਆਪਣੀ ਮੰਜ਼ਿਲ ਵੱਲ ਵਧਦੇ ਹਨ ਤਾਂ ਉਸ ਸਮੇਂ ਮਾਂ-ਬਾਪ ਤੋਂ ਜ਼ਿਆਦਾ ਖੁਸ਼ੀ ਕਿਸਨੂੰ ਹੋ ਸਕਦੀ। ਅਸੀਂ ਅੱਜ ਵੀ ਬਹੁਤ ਖੁਸ਼ ਹਾਂ, ਧੀਆਂ ਨੂੰ ਚੰਗੇ ਪਰਿਵਾਰ ਮਿਲ ਗਏ, ਮੁੰਡਾ ਕਨੇਡਾ ਚ ਆਪਣੀ ਜ਼ਿੰਦਗੀ ਵਧੀਆ ਜੀ ਰਿਹਾ, ਨੂੰਹ ਤੇ ਪੋਤਰੀ ਵੀ ਨਾਲ ਹੀ ਹੈ। ਸਾਨੂੰ ਵੀ ਕਹਿੰਦੇ ਨੇ ਕਿ ਇਥੇ ਬੁਲਾ ਲਵਾਂਗੇ, ਪਰ ਅਸੀਂ ਜਾਣਾ ਨਹੀਂ ਚਾਉਂਦੇ। ਸਾਡੀ ਸਾਰੀ ਉਮਰ ਜਿਸ ਪਿੰਡ, ਜਿਸ ਘਰ ਵਿੱਚ ਲੰਘੀ ਹੈ ਉਸਨੂੰ ਕਿਵੇਂ ਛੱਡ ਦੇਈਏ। ਸਾਡਾ ਆਲਾ-ਦੁਆਲਾ, ਸਾਡਾ ਆਂਢ-ਗੁਆਂਢ ਜਿੰਨਾ ਨਾਲ ਸਾਰੀ ਉਮਰ ਬਿਤਾਈ ਹੁਣ ਇਸ ਉਮਰ ਵਿੱਚ ਨਵੇਂ ਸਿਰੇ ਤੋਂ ਕਿੱਥੋਂ ਰਿਸ਼ਤੇ ਜੁੜਦੇ ਆ। ਅਸੀਂ ਹੁਣ ਕਿੱਥੇ ਜਾ ਸਕਦੇ ਆ ਹੁਣ ਤੇ ਇਸ ਧਰਤੀ ਤੇ ਹੀ ਪ੍ਰਾਣ ਨਿਕਲਣਗੇ। ਉਹ ਰਾਜ਼ੀ ਰਹਿਣ ਜਿਥੇ ਵੀ ਨੇ ਫ਼ੋਨ ਆ ਜਾਂਦਾ ਕਦੇ ਕਦੇ ਏਨਾ ਹੀ ਬਹੁਤ ਆ। ਜਦੋਂ ਦਿਲ ਕਰੂ ਆ ਕੇ ਮਿਲ ਜਾਣ ਨਹੀਂ ਤੇ ਉਹ ਵੀ ਉਹਨਾਂ ਦੀ ਮਰਜੀ, ਓਦਾਂ ਵੀ ਸਾਡੀ ਜ਼ਿੰਦਗੀ ਕਿੰਨੀ ਕੁ ਰਹਿ ਗਈ। ਬਾਪੂ ਜੀ ਆਪਣੇ ਮਨ ਦੀ ਭੜਾਸ ਕੱਢਦੇ-ਕੱਢਦੇ ਰੋਣ ਲੱਗ ਗਏ। ਇਕ ਵਾਰੀ ਫਿਰ ਤੋਂ ਉਹੀ ਚੁੱਪ ਸੀ ਤੇ ਮੈਂ ਸਮਝ ਨੀ ਪਾ ਰਿਹਾ ਰਿਹਾ ਸੀ ਕਿ ਇਹੋ ਜਿਹੇ ਸਮੇਂ ਕੀ ਕੀਤਾ ਜਾਵੇ। ਕੁਝ ਚਿਰ ਪਿੱਛੋਂ ਉਨ੍ਹਾਂ ਨੂੰ ਹੌਸਲਾ ਦੇ ਕੇ ਉਦਾਸ ਮਨ ਨਾਲ ਮੈਂ ਫਿਰ ਆਉਣ ਦਾ ਕਹਿ ਕੇ ਉਥੋਂ ਆ ਗਿਆ।
ਉਸ ਰਾਤ ਮੈਂ ਸੋ ਨਹੀਂ ਸਕਿਆ, ਕਿੰਨੇ ਸਵਾਲ ਮੰਨ ਵਿੱਚ ਆਉਂਦੇ ਰਹੇ, ਇਸ ਸਭ ਵਿੱਚ ਕੌਣ ਗ਼ਲਤ ਸੀ, ਕਿਸਦੀ ਗਲਤੀ ਕਾਰਣ ਇਹ ਸਭ ਹੋ ਰਿਹਾ ਸੀ ਤੇ ਇਸ ਮਸਲੇ ਦਾ ਕੀ ਹੱਲ ਹੋ ਸਕਦਾ ਕਿਉਂਕ ਇਹ ਤਾਂ ਘਰ ਘਰ ਦੀ ਕਹਾਣੀ ਹੈ। ਮਾਪੇ ਸਾਰੀ ਉਮਰ ਬੱਚਿਆਂ ਲਈ ਲਗਾ ਦੇਂਦੇ ਹਨ ਤੇ ਅੰਤ ਨੂੰ ਬੱਚੇ ਆਪਣੇ ਬਵਿੱਖ ਦਾ ਹਵਾਲਾ ਦੇ ਕੇ ਆਪਣੇ ਵਰਤਮਾਨ ਅਤੇ ਭੂਤ ਦੋਵੇਂ ਹੀ ਭੁੱਲ ਜਾਂਦੇ। ਇਕ ਨਜ਼ਰੀਏ ਤੋਂ ਉਹਨਾਂ ਦੀ ਸੋਚ ਨੂੰ ਗ਼ਲਤ ਨਹੀਂ ਕਹਿ ਸਕਦੇ ਅੱਗੇ ਵਧਣ ਲਈ ਕੁਰਬਾਨੀਆਂ ਤਾਂ ਕਰਨੀਆਂ ਹੀ ਪੇਂਦੀਆਂ ਹਨ, ਘਰ ਛੱਡਣੇ ਪੈਂਦੇ ਹਨ, ਪਰ ਉਹਨਾਂ ਕੁਰਬਾਨੀਆਂ ਦਾ ਮੁੱਲ ਕਦੋ ਤੇ ਕੌਣ ਤਾਰੂ ਜੋ ਸਾਨੂੰ ਅੰਬਰਾਂ ਦੇ ਸੁਪਨੇ ਲੈਣ ਵਾਲੇ ਖ਼ਮਬ ਦੇਂਦੀਆਂ ਹਨ। ਕਿਤੇ ਨਾ ਕਿਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਖ਼ੁਦਗਰਜ਼ ਹਾਂ, ਬੁਢਾਪੇ ਵਿੱਚ ਮਾਪਿਆ ਦਾ ਸਹਾਰਾ ਬਨਣ ਵੇਲੇ ਅਸੀਂ ਕਿਤੇ ਦੂਰ ਜਾ ਕੇ ਬਹਿ ਗਏ ਅਤੇ ਮਾਪਿਆਂ ਦੀ ਜਵਾਨੀ ਤਾਂ ਅਸੀਂ ਪਹਿਲਾ ਹੀ ਖੋਹ ਲਈ ਸੀ ਬੁਢਾਪੇ ਨੂੰ ਵੀ ਖੋਹ ਲਿਆ।
ਕਈ ਤਾਂ ਕੋਲ ਹੁੰਦੇ ਹੋਏ ਵੀ ਮਾਪਿਆਂ ਦੀ ਪਰਵਾਹ ਨਹੀਂ ਕਰਦੇ, ਉਹਨਾਂ ਨੂੰ ਸਾਂਭਣਾ ਤਾਂ ਦੂਰ ਉਹਨਾਂ ਨਾਲ ਗੱਲਬਾਤ ਵੀ ਕਰਨਾ ਪਸੰਦ ਨਹੀਂ ਕਰਦੇ। ਜਿੰਨੀ ਖ਼ੁਦਗਰਜੀ ਔਲਾਦ ਆਪਣੇ ਮਾਪਿਆਂ ਪ੍ਰਤੀ ਦਿਖਾਉਂਦੀ ਹੈ ਅਗਰ ਉਸਦਾ ਕੁਝ ਅੰਸ਼ ਵੀ ਮਾਪਿਆਂ ਨੇ ਦਿਖਾਇਆ ਹੁੰਦਾ ਤਾਂ ਅਸੀਂ ਉਹ ਜ਼ਿੰਦਗੀ ਨਾ ਜੀ ਰਹੇ ਹੁੰਦੇ ਜੋ ਜੀ ਰਹੇ ਹਾਂ। ਕਿੰਨੀ ਹੈਰਾਨੀ ਅਤੇ ਦੁੱਖ ਵਾਲੀ ਗੱਲ ਹੈ ਕਿ ਜਿਸ ਮਾਂ-ਬਾਪ ਨੇ ਸਾਨੂੰ ਬੋਲਣਾ ਸਿਖਾਇਆ, ਤੁਰਨਾ ਸਿਖਾਇਆ, ਖਾਣਾ ਸਿਖਾਇਆ, ਇਸ ਕਾਬਲ ਬਣਾਇਆ ਕਿ ਅਸੀਂ ਦੁਨੀਆ ਵਿੱਚ ਐਨੀਆਂ ਮੱਲਾਂ ਮਾਰੀਆਂ ਅਤੇ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਅਸੀਂ ਹੀ ਆਪਣੇ ਮਾਪਿਆਂ ਨੂੰ ਮੱਤਾਂ ਦੇਣ ਲੱਗ ਜਾਂਦੇ ਹਾਂ, ਉਹਨਾਂ ਦੀਆਂ ਗੱਲਾਂ ਉਹਨਾਂ ਦੇ ਤਰੀਕਿਆਂ ਵਿਚ ਨੁਕਸ ਕੱਢਣ ਲੱਗ ਜਾਂਦੇ ਹਾਂ। ਜਿਸ ਪਿਓ ਨੇ ਸਾਡੀ ਹਰ ਨਿੱਕੀ ਨਿੱਕੀ ਤੇ ਬੇਮਤਲਬੀ ਗੱਲ ਤੋਤਲੀ ਜ਼ੁਬਾਨ ਸਮਝ ਕੇ ਸਾਨੂੰ ਉਸ ਗੱਲ ਦਾ ਜਵਾਬ ਦਿੱਤਾ ਗੱਲ ਸਮਝਾਈ ਉਹੀ ਪਿਓ ਸਾਨੂੰ ਪੜ੍ਹਿਆਂ-ਲਿਖਿਆਂ ਨੂੰ ਗਵਾਰ ਲੱਗਣ ਲੱਗ ਜਾਂਦਾ। ਮਾਪਿਆਂ ਕੋਲ ਕੁਝ ਹੋਵੇ ਨਾ ਹੋਵੇ ਫਿਰ ਵੀ ਉਹ ਬਣਦੀ ਵਾਹ ਲਾ ਕੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਦੇ ਹਨ ਅਤੇ ਇਸਦੇ ਉਲਟ ਬੱਚਾ ਜ਼ਿੰਗਦੀ ਵਿੱਚ ਬੇਹਦ ਪੈਸੇ ਕਮਾ ਕੇ ਵੀ ਦੋ ਪਲ ਦੀਆਂ ਖੁਸ਼ੀਆਂ ਨਹੀਂ ਦੇ ਪਾਉਂਦਾ।
ਇਹ ਵਿਸ਼ਾ ਕੋਈ ਨਵਾਂ ਵਿਸ਼ਾ ਨਹੀਂ ਹੈ ਤੇ ਨਾ ਇਹ ਹਾਲਾਤ ਨਵੇਂ ਹਨ, ਹਮੇਸ਼ਾਂ ਤੋਂ ਇਹੀ ਕੁਝ ਹੁੰਦਾ ਆ ਰਿਹਾ, ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ ਖ਼ੁਦਗਰਜੀ ਅਤੇ ਲਾਲਚ ਵੀ ਵਧਣ ਲੱਗ ਜਾਂਦਾ ਹੈ ਅਤੇ ਜਿਵੇਂ-ਜਿਵੇਂ ਮਾਪਿਆਂ ਦੀ ਉਮਰ ਵਧਦੀ ਹੈ ਉਹਨਾਂ ਦੀਆਂ ਆਸਾਂ ਆਪਣੀ ਔਲਾਦ ਤੋਂ ਵਧਣ ਲੱਗ ਜਾਂਦੀਆਂ ਹਨ, ਲੋੜ ਹੈ ਬੱਸ ਇਸ ਗੱਲ ਨੂੰ ਸਮਝਣ ਦੀ, ਮਜਬੂਰੀਆਂ ਕਰਕੇ ਦੂਰੀਆਂ ਹੋ ਸਕਦੀਆਂ ਹਨ ਪਰ ਦਿਲ ਵਿੱਚ ਪਿਆਰ, ਸਤਿਕਾਰ ਅਤੇ ਉਹਨਾਂ ਦਾ ਬਣਦਾ ਸਥਾਨ ਉਹਨਾਂ ਨੂੰ ਜਰੂਰ ਮਿਲਣਾ ਚਾਹੀਦਾ। ਉਂਞ ਤਾਂ ਇਹ ਭਾਵਨਾ ਬਿਨਾਂ ਕਿਸੇ ਗ਼ਰਜ਼ ਤੋਂ ਹੋਣੀ ਚਾਹੀਦੀ ਹੈ ਪਰ ਅਗਰ ਅਸੀਂ ਫਰਜ਼ ਨਹੀਂ ਨਿਭਾ ਸਕਦੇ ਆਪਣੇ ਮਾਪਿਆਂ ਦੀ ਕਦਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਹਨਾਂ ਦੀ ਪਰਵਰਿਸ਼ ਦਾ ਮੁੱਲ ਹੀ ਤਾਰ ਦੇਈਏ, ਉਹਨਾਂ ਦੀਆਂ ਕੁਰਬਾਨੀਆਂ ਅਤੇ ਉੱਦਮ ਨੂੰ ਸੋਚ ਕੇ ਹੀ ਉਹਨਾਂ ਨੂੰ ਚੰਗਾ ਜੀਵਨ ਦੇ ਦੇਈਏ। ਸਾਡੇ ਵਾਂਗੂ ਉਹਨਾਂ ਦੀਆਂ ਕੋਈ ਬਹੁਤ ਲੋੜਾਂ ਨਹੀਂ ਹਨ ਬਸ ਉਹਨਾਂ ਨਾਲ ਬਿਤਾਇਆ ਥੋੜ੍ਹਾ ਸਮਾਂ ਹੀ ਉਹਨਾਂ ਨੂੰ ਜੀਉਂਦੇ ਰਹਿਣ ਲਈ ਬਹੁਤ ਹੈ। ਸਭ ਕੰਮ ਕਰੀਏ , ਆਪਣੇ ਸੁਪਨਿਆਂ ਦੀ ਪੂਰਤੀ ਲਈ ਦਿਨ ਰਾਤ ਇਕ ਕਰੀਏ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਈਏ ਪਰ ਮਾਪਿਆਂ ਨੂੰ ਕਦੇ ਅਣਗੌਲਿਆਂ ਨਾ ਕਰੀਏ। ਮੈਂ ਇਹ ਨਹੀਂ ਕਾਹੂੰਗਾ ਕਿ ਅਸੀਂ ਵੀ ਬੁਢੇ ਹੋਣਾ ਹੈ ਅਤੇ ਇਹ ਸਮਾਂ ਸਾਡੇ ਤੇ ਵੀ ਆਉਣਾ ਹੈ, ਕਿਉਂਕ ਕਿਸੇ ਡਰ ਜਾਂ ਲਾਲਚ ਵਿਚ ਆ ਕੇ ਨਹੀਂ ਬਲਕਿ ਆਪਣੀ ਜ਼ਿੰਦਗੀ ਦਾ ਹਿੱਸਾ ਅਤੇ ਅਹਿਮ ਕੰਮ ਸਮਝ ਕੇ ਮਾਪਿਆਂ ਨੂੰ ਅਪਨਾਉਣ ਦੀ ਲੋੜ ਹੈ, ਬਿਰਧ ਘਰਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਜੋ ਸਪੱਸ਼ਟ ਤੌਰ ਤੇ ਸਾਨੂੰ ਸ਼ੀਸ਼ਾ ਦਿਖਾ ਰਹੀ ਹੈ। ਕਿਉਂ ਅਸੀਂ ਇੰਝ ਦੇ ਹਾਲਾਤ ਪੈਦਾ ਕਰ ਦੇਂਦੇ ਹਾਂ ਕਿ ਸਾਡੇ ਮਾਂ-ਬਾਪ ਆਪਣੇ ਹੀ ਘਰ ਵਿੱਚ ਨਹੀਂ ਰਹਿ ਸਕਦੇ। ਜਮੀਨਾਂ, ਜਾਇਦਾਦਾਂ ਬਣਾ ਕੇ ਬੱਚਿਆਂ ਦੇ ਨਾਂ ਲਵਾ ਦੇਣ ਵਾਲੇ ਮਾਪੇ ਆਖਿਰਕਾਰ ਕਿਉਂ ਬਿਰਧਘਰਾਂ ਵਿੱਚ ਜ਼ਿੰਦਗੀ ਕੱਟਣ ਨੂੰ ਮਜਬੂਰ ਹੋ ਜਾਂਦੇ ਹਨ। ਸਾਨੂੰ ਲੋੜ ਹੈ ਸਮਝਦਾਰ ਬਣਨ ਦੀ ਅਤੇ ਆਪਣੇ ਆਪ ਨੂੰ ਲੱਭਣ ਦੀ, ਕਿਸੇ ਵੀ ਤੀਰਥ ਅਸਥਾਨ ਤੇ ਕਿਤੇ ਇਸ਼ਨਾਨ ਅਤੇ ਧਾਰਮਿਕ ਜਗ੍ਹਾ ਤੇ ਕੀਤੀ ਸੇਵਾ ਸਭ ਵਿਅਰਥ ਹਨ ਅਗਰ ਅਸੀਂ ਆਪਣੇ ਮਾਂ-ਬਾਪ ਦੀ ਸੇਵਾ ਨਾ ਕਰ ਸਕੇ। ਅਗਰ ਸਾਨੂੰ ਸਾਡੇ ਮਾਪਿਆਂ ਦੀ ਛਾਂ ਹੇਠਾਂ ਰੱਬ ਨਹੀਂ ਮਿਲਿਆ ਤਾਂ ਦੁਨੀਆ ਦੀ ਕਿਸੇ ਜਗ੍ਹਾ ਤੇ ਨਹੀਂ ਮਿਲ ਸਕਦਾ। ਅੰਤ ਵਿੱਚ ਐਨਾ ਹੀ ਕਾਹੂੰਗਾ
ਦੁਨੀਆ ਦੇ ਵਿੱਚ ਰੱਬ ਲੱਖਾਂ
ਪਰ ਮਾਪਿਆਂ ਦੇ ਤੁੱਲ ਕੋਈ ਨਾ
ਨਾ ਦੇਈਏ ਦੁੱਖ ਕੋਈ ਆਪਣੇ ਮਾਪਿਆਂ ਨੂੰ
ਇਸ ਭੁੱਲ ਤੋਂ ਵੱਡੀ ਭੁੱਲ ਕੋਈ ਨਾ
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965