ਕੁਵੇਲਾ ਸਿਰਫ਼ ਸਮੇਂ ਦਾ ਖੁੰਜ ਜਾਣਾ ਨਹੀਂ ਸਗੋਂ ਹੋਰ ਪਤਾ ਨਹੀਂ ਕਿਹੜੀ-ਕਿਹੜੀ ਛੈ ਆ ਜੋ ਬੰਦੇ ਨੂੰ ਕੁਵੇਲੇ ਦਾ ਇਹਸਾਸ ਕਰਾਉਂਦੀ ਹੈ। ਸਮੇਂ ਦਾ ਲੰਘਣਾ ਕੋਈ ਅਚੰਬੇ ਵਾਲੀ ਗੱਲ ਨਹੀਂ ਪਰ ਉਸ ਸਮੇਂ ਨੇ ਲੰਘਣ ਵੇਲੇ ਆਪਣੀ ਬੁੱਕਲ ਵਿੱਚ ਕੀ-ਕੀ ਲੁਕੋ ਲਿਆ ਏਦਾ ਅੰਦਾਜ਼ਾ ਸਾਡੇ ਕੋਲੋਂ ਨਹੀਂ ਲੱਗਦਾ ਤੇ ਜਦੋਂ ਲੱਗਦਾ ਓਦੋਂ ਕੁਵੇਲਾ ਹੋ ਚੁਕਿਆ ਹੁੰਦਾ। ਜਦੋਂ ਪੱਤਝੜ ਆਉਂਦੀ ਐ ਤਾਂ ਕੱਲੇ ਰੁੱਖ ਨੂੰ ਮਾਰ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਆਸਾ-ਪਾਸਾ ਵੀ ਵੀਰਾਨ ਦਿਸਣ ਲੱਗ ਜਾਂਦਾ। ਹਵਾ ਦੇ ਬੁਲ੍ਹੇ ਜੋ ਪੱਤਿਆਂ ਨਾਲ ਜਾਣ-ਜਾਣ ਖਹਿ ਕੇ ਲੰਘਦੇ ਸੀ ਜਿਦਾਂ ਉਹ ਕਹਿ ਰਹੇ ਹੋਣ ਫੜ੍ਹ ਲੋ ਜੇ ਫੜ੍ਹ ਸਕਦੇ ਤਾਂ, ਫਿਰ ਉਹੀ ਹਵਾਵਾਂ ਉਸ ਵੇਲੇ ਨੂੰ ਪਛਤਾਉਂਦਿਆ ਨੇ ਕਿ ਜਦੋਂ ਵੇਲਾ ਸੀ ਉਦੋਂ ਬੇਧਿਆਨੀ ਵਿਚ ਇਕ ਪਾਸੜ ਜਿਹਾ ਲਹਿਜ਼ਾ ਨਾ ਇਖਤਿਆਰ ਕੀਤਾ ਹੁੰਦਾ ਤਾਂ ਅੱਜ ਘਟੋ-ਘਟ ਯਾਦਾਂ ਦਾ ਜਾਲ ਤਾਂ ਜ਼ਿੰਦਗੀ ਨੂੰ ਵਲ ਲੈਂਦਾ। ਇਸੇ ਤਰ੍ਹਾਂ ਬੇਧਿਆਨੀ ਜਾਂ ਫ਼ਿਰ ਸਮੇਂ ਦਾ ਸੂਰਜ ਆਪਣੀ ਤੇਜ਼ ਚੁੰਧਿਆਉਣ ਵਾਲੀ ਰੋਸ਼ਨੀ ਵਿੱਚ ਅੱਖ ਨਹੀਂ ਖੁੱਲਣ ਦੇਂਦਾ, ਤੇ ਜਦੋਂ ਅੱਖ ਖੁੱਲ੍ਹਦੀ ਐ ਤਾਂ ਫਿਰ ਵੀ ਕਿਨ੍ਹਾ ਚਿਰ ਅੱਖਾਂ ਅੱਗੇ ਹਨ੍ਹੇਰਾ ਛਾਇਆ ਰਹਿੰਦਾ। ਇਹ ਸਭ ਆਪ-ਮੁਹਾਰੇ ਹੋ ਰਿਹਾ ਜਾਂ ਕੀਤਾ ਜਾ ਰਿਹਾ ਪਰ ਨਤੀਜਿਆਂ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਪੈਂਦਾ ਨਜ਼ਰ ਆਉਂਦਾ। ਇਹ ਪੂਰੀ ਦੁਨੀਆਂ ਇਕ ਬੇਵੱਸੀ ਜਾਂ ਫ਼ਿਰ ਇਹਸਾਸ-ਏ-ਕਮਤਰੀ ਦੇ ਆਲਮ ਵਿੱਚ ਜੀ ਰਹੀ ਹੈ ਜਿੱਥੇ ਪਹਾੜ ਦੀ ਚੋਟੀ ਤੇ ਖੜ੍ਹਾ ਇਨਸਾਨ ਅਸਮਾਨ ਦੀ ਬੁਲੱਕ ਮਾਰਨ ਨੂੰ ਕਾਹਲਾ ਹੈ। ਹੈਰਾਨੀ ਓਦੋਂ ਹੋਰ ਵੀ ਵੱਧ ਕੇ ਦੂਣੀ-ਚੋਣੀ ਹੋ ਜਾਂਦੀ ਐ ਜਦੋਂ ਸਭ ਕੁਝ ਹਾਸਿਲ ਕਰਨ ਦੀ ਦੌੜ ਵਿੱਚ ਅਵੱਲ ਰਹਿਣ ਦੇ ਬਾਵਜੂਦ ਜਿੱਤ ਸਾਡੀ ਨਹੀਂ ਹੁੰਦੀ, ਸਮੇਂ ਦੀ ਰਫ਼ਤਾਰ ਭਾਵੇਂ ਜਿੰਨੀ ਮਰਜ਼ੀ ਥੋੜੀ ਹੋਵੇ ਪਰ ਫਿਰ ਵੀ ਸਮਾਂ ਇਨਸਾਨ ਤੋਂ ਇਕ ਕਦਮ ਅੱਗੇ ਹੀ ਰਹੇਗਾ। ਸਾਨੂੰ ਵਹਿਮ ਹੈ ਕਿ ਅਸੀਂ ਕਿਸੇ ਨਿਯੰਤਰਣ ਪ੍ਰਣਾਲੀ ਦੀ ਖ਼ੋਜ ਕਰ ਲਈ ਹੈ ਪਰ ਹਕੀਕਤ ਇਹ ਹੈ ਕਿ ਪੂਰਨੇ ਪਹਿਲਾਂ ਤੋਂ ਹੀ ਪਏ ਹੋਏ ਨੇ ਤੇ ਅਸੀਂ ਇਨ੍ਹਾਂ ਪੂਰਨਿਆਂ ਨੂੰ ਵੀ ਪੂਰਾ ਕਰਨ ਦੇ ਸਮਰੱਥ ਨਹੀਂ ਕਿਉਂਕਿ ਕੁਵੇਲਾ ਹੋ ਚੁੱਕਾ ਹੈ ਤੇ ਸਿਆਣੇ ਸਹੀ ਕਹਿੰਦੇ ਨੇ ਵੇਲ੍ਹੇ ਦੀਆਂ ਨਮਾਜ਼ਾਂ ਤੇ ਕੁਵੇਲੇ ਦੀਆਂ ਟੱਕਰਾਂ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965