ਬਹੁਤ ਦਿਨਾਂ ਤੋਂ ਕੁਝ ਵਿਚਾਰ ਵਾ-ਵਰੋਲੇ ਵਾਂਗੂੰ ਦਿਮਾਗ ਵਿੱਚ ਇਧਰ-ਉੱਧਰ ਘੁੰਮ ਰਹੇ ਹਨ, ਕਈ ਵਾਰੀ ਲਿਖਿਆ ਤੇ ਕਈ ਵਾਰੀ ਮਿਟਾਇਆ। ਸੋਚ ਇਕ ਅਜਿਹੇ ਪੜਾਅ ਤੇ ਜਾ ਕੇ ਜਾਂ ਤਾਂ ਸਵਾਲੀਆ ਚਿੰਨ ਲਗਾ ਕੇ ਰੁਕ ਜਾਂਦੀ ਸੀ ਜਾਂ ਫਿਰ ਖਾਲੀ ਥਾਂ ਵਾਲੀਆਂ ਬਿੰਦੀਆਂ ਉਸਨੂੰ ਸੰਪੂਰਨ ਹੋਣ ਤੋਂ ਪਹਿਲਾਂ ਹੀ ਖਲਾਅ ਦੀ ਸਥਿਤੀ ਵਿੱਚ ਲੈ ਜਾਂਦੀਆਂ ਸਨ। ਮੈਨੂੰ ਨਹੀਂ ਪਤਾ ਇਹ ਮੁੱਦਾ ਜਾਂ ਮਸਲਾ ਐਨਾ ਗੰਭੀਰ ਜਾਂ ਚਿੰਤਾਪੂਰਨ ਵੀ ਹੈ ਜਾਂ ਨਹੀਂ, ਹੋ ਸਕਦਾ ਮੇਰੇ ਮਨ ਦੇ ਵਲਵਲਿਆਂ ਨੇ ਹੀ ਇਸ ਘੁੰਮਣ-ਘੇਰੀ ਨੂੰ ਜਨਮ ਦਿੱਤਾ ਹੋਵੇ, ਨਿਜ਼ੀ ਨਜ਼ਰੀਆ ਕਿਸੇ ਦਾ ਵੀ ਕੁਝ ਵੀ ਹੋ ਸਕਦਾ ਫਿਰ ਚਾਹੇ ਉਹ ਕਿਸੇ ਟਿੱਪਣੀ ਦੇ ਰੂਪ ਵਿੱਚ ਹੋਵੇ, ਵਿਅੰਗ ਹੋਵੇ, ਅਹਿਸਾਸ ਹੋਵੇ ਜਾਂ ਫਿਰ ਅਪੀਲ। ਪਰ ਅਗਰ ਸਿੱਟਾ ਸਭ ਦਾ ਬਦਲਾਅ ਦੀ ਹਾਮੀ ਭਰੇ ਤਾਂ ਬਿਨ੍ਹਾਂ ਸੰਕੋਚ ਤੋਂ ਉਸ ਰਾਹ ਨੂੰ ਫੜ ਕੇ ਤੁਰਨਾ ਸ਼ੁਰੂ ਕਰ ਦੇਣਾ ਚਾਹੀਦਾ ਫਿਰ ਰਸਤਾ ਭਾਵੇਂ ਅਣਜਾਣ ਹੋਵੇ, ਮੀਲ ਪੱਥਰਾਂ ਦੇ ਫ਼ਾਸਲੇ ਮੰਜ਼ਿਲਾਂ ਨੂੰ ਪ੍ਰਭਾਵਿਤ ਨਹੀਂ ਕਰਦੇ।
ਇਹ ਫੋਟੋਆਂ ਏਦਾਂ ਹੀ ਕਿਤੇ ਫੇਸਬੁੱਕ ਨੂੰ ਫਰੋਲਦੇ-ਫਰੋਲਦੇ ਦਿਸ ਗਈਆਂ, ਤੇ ਇਨ੍ਹਾਂ ਨੂੰ ਦੇਖਣ ਤੋਂ ਬਾਅਦ ਜਿਵੇਂ ਫੋਨ ਦੀ ਸਕਰੀਨ ਨੂੰ ਟੱਚ ਕਰਨ ਦੀ ਵੀ ਹਿੰਮਤ ਜਹੀ ਨਹੀਂ ਸੀ। ਮੈਂ ਇਸ ਬਾਰੇ ਸੁਣਿਆ ਬਹੁਤ ਅੱਜ ਤੱਕ ਕੇ ਲੋਕ ਨਿੱਕੀਆਂ-ਨਿੱਕੀਆਂ ਮਾਸੂਮ ਜਾਨਾ ਨੂੰ ਕਤਲ(ਭਰੂਣ ਹੱਤਿਆ) ਕਰ ਦੇਂਦੇ ਨੇ ਪਰ ਕਦੇ ਦਿਮਾਗ ਵਿੱਚ ਇਸ ਕਤਲ ਦੀ ਤਸਵੀਰ ਨਹੀਂ ਬਣਦੀ ਸੀ। ਪਰ ਇਹ ਦੇਖਣ ਤੋਂ ਬਾਅਦ ਜੋ ਐਨੀ ਘਟੀਆ ਤਸਵੀਰ ਸਾਡੇ ਸਮਾਜ ਦੀ ਦਿਮਾਗ ਅਤੇ ਅੱਖਾਂ ਵਿਚ ਬਣੀ ਉੱਸਦਾ ਤੇ ਕਦੇ ਖਿਆਲ, ਖਿਆਲ ਵਿੱਚ ਵੀ ਨਹੀਂ ਆਇਆ। ਕਿੰਨੀਆਂ ਸਦੀਆਂ ਤੋਂ ਇਨ੍ਹਾਂ ਚੀਜ਼ਾਂ ਦੀ ਹੋਂਦ ਜਿਉਂ ਦੀ ਜਿਉਂ ਬਣੀ ਹੋਈ ਹੋਈ ਹੈ, ਸਗੋਂ ਜ਼ਮਾਨੇ ਦੀ ਤੱਰਕੀ ਹੋਣ ਕਰਕੇ ਕਤਲ ਆਧੁਨਿਕ ਤਕਨੀਕ ਨਾਲ ਹੁੰਦੇ ਹਨ ਤਾਂ ਕੇ ਕਤਲ ਹੋਣ ਵਾਲੇ ਨੂੰ ਕੋਈ ਤਕਲੀਫ ਨਾ ਹੋਵੇ।
ਹੁਣ ਇਕ ਸਵਾਲ ਜੋ ਕੇ ਬੜੇ ਦਿਨਾਂ ਦਾ ਦਿਮਾਗ ਨੂੰ ਘਰ ਬਣਾ ਬੈਠਾ ਹੈ ਕਿ ਆਖਿਰ ਇਹ ਲੋਕ ਕੌਣ ਨੇ ਜੋ ਇਸ ਤਰਾਂ ਦੇ ਕੰਮ ਕਰਦੇ ਹਨ। ਇਹ ਕਿਹੜੀ ਦੁਨੀਆਂ ਦੇ ਵਾਸੀ ਨੇ ਜੋ ਇਨਸਾਨੀਅਤ ਨੂੰ ਇਨੀ ਬੇਰਹਿਮੀ ਨਾਲ ਨੋਚ ਰਹੇ ਨੇ। ਕਿਉਂਕ ਫੇਸਬੁੱਕ ਜਾਂ ਹੋਰ ਸੋਸ਼ਲ ਸਾਈਟਾਂ ਤੇ ਦੇਖੀਏ ਤਾਂ ਸਾਰੇ ਇਨਸਾਨ ਹੀ ਇਨਸਾਨੀਅਤ ਦੀ ਮਿਸਾਲ ਨੇ, ਹਰ ਇਨਸਾਨ ਦਾ ਦਿਲ ਕਿਸੇ ਦੂਜੇ ਦੇ ਦੁੱਖ ਵਿੱਚ ਰੋਂਦਾ ਹੈ ਤੇ ਖੁਸ਼ੀਆਂ ਵਿੱਚ ਰੰਗ ਬਰੰਗੇ ਕਮੈਂਟ ਕਰਦਾ ਹੈ। ਹਰ ਕੋਈ ਦੇਸ਼ ਤੇ ਸਮਾਜ ਲਈ ਚਿੰਤਤ ਹੈ, ਹਰ ਵਿਅਕਤੀ ਧੀਆਂ-ਭੈਣਾਂ ਤੇ ਔਰਤ ਦੀ ਇੱਜਤ ਦੀ ਰਾਖੀ ਲਈ ਜਾਨ ਦੀ ਕੁਰਬਾਨੀ ਲਈ ਵੀ ਤਿਆਰ ਹੈ, ਸ਼ਿਸ਼ਟਾਚਾਰ ਤੇ ਮੌਲਿਕ ਕਦਰਾਂ ਕੀਮਤਾਂ ਦੀ ਅਸਲੀ ਸਮਝ ਹੀ ਫੇਸਬੁੱਕ ਆਉਣ ਤੇ ਹੋਈ ਹੈ।
ਪਿਛਲੇ ਕੁਝ ਸਮੇਂ ਤੋਂ ਦੁਨੀਆਂ ਵਿੱਚ ਜਿਵੇਂ ਇਨਸਾਨੀਅਤ ਦਾ ਹੜ੍ਹ ਹੀ ਆ ਗਿਆ ਹੋਵੇ। ਕਿਸੇ ਬਿਮਾਰ ਦੀ ਮਦਦ ਕਰਨ ਲਈ ਹਰ ਕੋਈ ਹਰ ਦਮ ਤਿਆਰ ਹੈ, ਪੋਸਟ ਦੇਖਦੇ ਹੀ ਇਕ ਸਕਿੰਟ ਵਿੱਚ ਲੋਕੀ ਮਦਦ ਲਈ ਹਾਜ਼ਰ ਹੋ ਜਾਂਦੇ ਹਨ। ਕਿੰਨੀ ਸੋਹਣੀ ਦੁਨੀਆ ਹੈ ਸਾਡੀ ਫਿਰ ਇਹ ਲੋਕ ਕੌਣ ਨੇ ਜੋ ਕੁੱਖ ਵਿੱਚ ਪਾਲਦੀਆਂ ਧੀਆਂ ਨੂੰ ਜ਼ਿੰਦਗੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਹੀ ਮੌਤ ਨਾਲ ਮਿਲਾ ਦੇਂਦੇ ਨੇ, ਇਹ ਲੋਕ ਕੌਣ ਨੇ ਜੋ ਕੁਝ ਪੈਸਿਆਂ ਖਾਤਿਰ ਇਹੋ ਜਿਹਾ ਘਿਨਾਉਣਾ ਕੰਮ ਕਰਦੇ ਨੇ, ਇਹ ਲੋਕ ਕਿਥੋਂ ਆਏ ਨੇ ਜੋ ਸਾਡੇ ਐਨੇ ਗੂੜ੍ਹੇ ਰਿਸ਼ਰਿਆਂ ਦੇ ਰੰਗਾਂ ਨੂੰ ਖੁਦਗਰਜ਼ੀ ਦੀ ਧੁੱਪ ਦੇ ਸੇਕ ਨਾਲ ਫਿੱਕਾ ਪਾ ਰਹੇ ਨੇ। ਜਦੋਂ ਸਾਰੇ ਹੀ ਇਨੇ ਸਿਆਣੇ ਨੇ ਤਾਂ ਇਹ ਮੂਰਖ ਲੋਕ ਕੌਣ ਨੇ ਜੋ ਸਮਾਜ ਨੂੰ ਗੰਦਲਾ ਕਰ ਰਹੇ ਨੇ। ਸਮਝ ਨਹੀਂ ਆਉਂਦੀ ਕਿ ਕਿਹੜੇ ਲੋਕ ਨੇ ਜੋ ਘਰਾਂ ਵਿੱਚ ਨਸ਼ਿਆਂ ਦੇ ਬੂਟੇ ਲਗਾ ਕੇ ਜਵਾਨੀ ਨੂੰ ਸੰਘਣੀ ਛਾਂ ਦੇ ਰਹੇ ਨੇ।
ਪਰ ਇਨ੍ਹਾਂ ਸਮਸਿਆਵਾਂ ਦਾ ਹੱਲ ਵੀ ਤੇ ਹੁਣ ਸਾਡੇ ਕੋਲ ਹੈ ਹੀ ਹੈ, ਜਿਥੋਂ ਤੱਕ ਮੇਰਾ ਦਿਮਾਗ ਕੰਮ ਕਰਦਾ ਹੈ ਇਹ ਸਭ ਲੋਕ ਜੋ ਸਮਾਜ ਨੂੰ ਗੰਦਾ ਕਰ ਰਹੇ ਹਨ ਇਹ ਫੇਸਬੁੱਕ ਜਾਂ ਸੋਸ਼ਲ ਸਾਈਟਾਂ ਤੋਂ ਜਾਣੂ ਨਹੀਂ ਹਨ, ਨਹੀਂ ਤਾਂ ਹੁਣ ਨੂੰ ਇਹ ਦੁਨੀਆਂ ਕਿੰਨੀ ਪਿਆਰੀ ਬਣ ਜਾਂਦੀ। ਸਰਕਾਰ ਨੂੰ ਚਾਹੀਦਾ ਹੈ ਕੇ ਜਿਵੇਂ ਨੋਟਬੰਦੀ ਕਰਕੇ ਕੁਝ ਦਿਨਾਂ ਵਿੱਚ ਹੀ ਦੇਸ਼ ਦੇ ਹਰ ਗ਼ਰੀਬ ਨੂੰ ਅਮੀਰ ਕਰ ਦਿੱਤਾ, ਸਾਰੇ ਘਪਲੇ ਰੋਕ ਦਿੱਤੇ, ਕਾਲੇ ਧੰਨ ਦਾ ਬਿਲਕੁਲ ਵਿਨਾਸ਼ ਕਰਕੇ, ਜਨ ਧਨ ਖਾਤੇ ਖੋਲ ਕੇ ਲੱਖਾਂ ਰੁਪਏ ਜਮਾਂ ਕਰਾ ਕੇ ਨਵਾਂ ਤੇ ਸੋਹਣਾ ਦੇਸ਼ ਬਣਾਇਆ ਓਸੇ ਤਰ੍ਹਾਂ ਹੁਣ ਇਕ ਮਹਿਮ ਸ਼ੁਰੂ ਕਰਕੇ ਜਿੰਨਾ ਲੋਕਾਂ ਦੇ ਫੇਸਬੁੱਕ ਖਾਤੇ ਨਹੀਂ ਹਨ ਤਾਂ ਉਹਨਾਂ ਸਭ ਦੇ ਫੇਸਬੁੱਕ ਖਾਤੇ ਵੀ ਖੋਲੇ ਜਾਣ ਤਾਂ ਜੋ ਇਹ ਇਹ ਪਤਾ ਲਗਾਇਆ ਜਾ ਸਕੇ ਕ ਕੌਣ ਨੇ ਉਹ ਲੋਕ ਜੋ ਐਨੇ ਅਪਰਾਧਾਂ ਨੂੰ ਅੰਜਾਮ ਦੇ ਰਹੇ ਨੇ। ਫੇਸਬੁੱਕ ਖਾਤਾ ਬਣਾਉਣ ਦਾ ਸਭ ਤੋਂ ਵੱਡਾ ਲਾਭ ਇਹ ਵੀ ਹੋਊਂਗਾ ਕੇ ਏਥੇ ਆ ਕੇ ਉਹ ਲੋਕ ਵੀ ਇਨਸਾਨੀਅਤ ਨੂੰ ਸਮਝ ਜਾਣਗੇ ਤੇ ਆਪਣੀਆਂ ਬੁਰਾਈਆਂ ਨੂੰ ਬਹੁਤ ਆਸਾਨੀ ਨਾਲ ਆਪਣੀ ਪ੍ਰੋਫ਼ਾਈਲ ਫੋਟੋ ਤੇ ਸਟੇਟਸ ਨਾਲ ਖ਼ਤਮ ਕਰ ਸਕਣਗੇ। ਇਕ ਆਦਰਸ਼ ਸਮਾਜ ਦਾ ਵਾਸੀ ਹੋਣ ਦੇ ਨਾਤੇ ਭੁੱਲ-ਚੁੱਕ ਲਈ ਮਾਫ਼ੀ। ਜੇ ਕਿਸੇ ਨੂੰ ਇਸ ਪੋਸਟ ਸੰਬੰਧੀ ਕੋਈ ਪ੍ਰੇਸ਼ਾਨੀ ਹੋਵੇ ਤਾਂ ਮੇਰੇ ਵੱਲੋਂ ਮਾਫੀ, ਪਰ ਸਟੇਟਸ ਦੇ ਰੂਪ ਵਿੱਚ। ਕਮੈਂਟ ਤੇ ਵਿੱਚ ਅੱਤ, ਘੈਂਟ, ਸਿਰਾ ਲਿਖਣਾ ਨਾ ਭੁੱਲਿਓ, ਲਾਇਕ ਤੇ ਆਪਾ ਬਿਨ੍ਹਾਂ ਪੜ੍ਹੇ ਕਰ ਹੀ ਦੇਣਾ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965