Close

Login

Close

Register

Close

Lost Password

ਕੰਡਿਆਂ ਦੀ ਖੁਸ਼ਬੋ (ਕਹਾਣੀ) | Kahani | Punjabi Story

12ਵੀਂ ਦੇ ਪੇਪਰ ਦੇ ਕੇ ਵੇਹਲੀ ਹੋਈ ਰੀਤ ਆਪਣੇ ਘਰ ਦੀ ਰੌਣਕ ਸੀ, ਪਰਵਾਰ ਦੇ ਬਾਕੀ 4 ਜੀ ਉਸਦੇ ਨਾਲ ਬਹੁਤ ਪਿਆਰ ਕਰਦੇ ਸਨ। ਕਦੇ ਵੀ ਇਹੋ ਜਿਹਾ ਮੌਕਾ ਨਹੀਂ ਆਇਆ ਜਦ ਰੀਤ ਦੇ ਮੂੰਹੋਂ ਕੋਈ ਗੱਲ ਨਿਕਲੀ ਹੋਵੇ ਤੇ ਉਸਦੇ ਦੋ ਭਰਾਵਾਂ ਜਾਂ ਮਾਪਿਆਂ ਨੇ ਪੂਰੀ ਨਾ ਕੀਤੀ ਹੋਵੇ। ਕਰਦੇ ਵੀ ਕਿਉਂ ਨਾ ਰੀਤ ਹੈ ਹੀ ਹਰ ਪੱਖ ਤੋਂ ਸੰਪੰਨ, ਸੂਰਤ ਤੇ ਸੀਰਤ ਦੀ ਧਨੀ ਇਸ ਕੁੜੀ ਵਿੱਚ ਹਰ ਇਕ ਗੁਣ ਸੀ ਜੋ ਇਕ ਚੰਗੀ ਧੀ, ਭੈਣ, ਦੋਸਤ, ਵਿਦਿਆਰਥੀ ਵਿੱਚ ਹੋਣਾ ਚਾਹੀਦਾ ਹੈ। ਪੜ੍ਹਾਈ ਵਿੱਚ ਹਮੇਸ਼ਾ ਅਵੱਲ ਰਹਿਣ ਵਾਲੀ ਤੇ ਆਪਣੀ ਵਿਲੱਖਣ ਸਖਸ਼ੀਅਤ ਕਰਕੇ ਘਰ ਬਾਹਰ ਸਭ ਜਗਾਹ ਉਹ ਆਪਣੀ ਇਕ ਵੱਖਰੀ ਪਹਿਚਾਣ ਬਣਾ ਲੈਂਦੀ ਸੀ। ਚੇਹਰਾ ਵੀ ਇਨ੍ਹਾਂ ਮਾਸੂਮ ਤੇ ਭੋਲਾ ਕੇ ਇਹ ਸਭ ਦੇਖ ਕੇ ਲੱਗਦਾ ਸੀ ਕੀ ਰਬ ਦੀ ਕੋਈ ਖਾਸ ਮਿਹਰ ਹੈ ਇਸ ਕੁੜੀ ਤੇ।
ਛੋਟਾ ਜਿਹਾ ਪਰਵਾਰ ਸੀ ਤੇ ਸਭ ਕੁਝ ਬਹੁਤ ਸੋਹਣਾ ਚਲ ਰਿਹਾ ਸੀ, ਉਸਦੇ ਪਿਤਾ ਜੀ ਘਰ ਵਿੱਚ ਗਰੀਬੀ ਕਾਰਨ ਅਤੇ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਉਨ੍ਹਾਂ ਦੇ ਸਿਰ ਆ ਪਈਆਂ ਜਿਸ ਕਰਕੇ ਉਹ ਪੜ੍ਹਾਈ ਪੂਰੀ ਨਾ ਕਰ ਸਕੇ, ਪਰ ਉਹ ਆਪਣਾ ਅਧਿਆਪਕ ਬਣਨ ਦਾ ਸਪਨਾ ਆਪਣੀ ਧੀ ਰੀਤ ਕੋਲੋਂ ਪੂਰਾ ਕਰਾਉਣਾ ਚਾਉਂਦੇ ਸਨ।

ਰੀਤ ਦੇ ਭਰਵਾਂ ਦਾ ਪੜ੍ਹਾਈ ਵਿੱਚ ਕੁਝ ਖਾਸ ਧਿਆਨ ਨਹੀਂ ਸੀ ਇਸ ਲਈ ਉਸਦੇ ਪਿਤਾ ਨੂੰ ਉਨ੍ਹਾਂ ਤੋਂ ਕੁਝ ਖਾਸ ਉਮੀਦਾਂ ਵ ਨਹੀਂ ਸਨ। ਪਰ ਇਸ ਤੋਂ ਇਲਾਵਾ ਇਕ ਕਾਰਣ ਹੋਰ ਸੀ ਜਿਸ ਕਰਕੇ ਓ ਆਪਣੀ ਧੀ ਪੜ੍ਹਾਉਣਾ ਚਾਉਂਦੇ ਸਨ ਅਤੇ ਹਰ ਖ਼ਵਾਹਿਸ਼ ਪੂਰੀ ਕਰਦੇ ਸਨ, ਉਹ ਚਾਉਂਦੇ ਸਨ ਕਿ ਉਨ੍ਹਾਂ ਦੀ ਧੀ ਪੜ੍ਹ-ਲਿਖ ਕੇ ਇਕ ਕਾਬਲ ਇਨਸਾਨ ਬਣੇ ਤੇ ਆਪਣੇ ਪੈਰਾਂ ਤੇ ਖਲੋ ਜਾਵੇ, ਤੇ ਦੂਜੀਆਂ ਕੁੜੀਆਂ ਅਤੇ ਮਾਪਿਆਂ ਲਈ ਇਕ ਪ੍ਰੇਰਨਾ ਬਣੇ ਜੋ ਆਪਣੀਆਂ ਧੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਦੇ ਹਨ ਅਤੇ ਉਨ੍ਹਾਂ ਨੂੰ ਬੱਸ ਘਰ ਦੀ ਚਾਰ ਦੀਵਾਰੀ ਵਿੱਚ ਹੀ ਜ਼ਿੰਦਗੀ ਬਿਤਾਉਣ ਲਈ ਪ੍ਰੇਰਦੇ ਹਨ, ਤੇ ਉਹ ਕੁੜੀਆਂ ਵੀ ਜੋ ਸਮਾਜ ਦੇ ਡਰ ਅਤੇ ਆਤਮਵਿਸ਼ਵਾਸ ਦੀ ਕਮੀ ਕਰਕੇ ਅੱਗੇ ਵਧਣੋਂ ਡਰਦੀਆਂ ਨੇ । ਪੇਂਡੂ ਇਲਾਕਿਆਂ ਅਤੇ ਛੋਟੇ ਕਸਬਿਆਂ ਵਿੱਚ ਹਾਲੇ ਵੀ ਕੁੜੀਆਂ ਪ੍ਰਤੀ ਲੋਕਾਂ ਦੀ ਸੋਚ ਉਥੇ ਹੀ ਹੈ ਜਿਥੇ 50 ਸਾਲ ਪਹਿਲਾਂ ਸੀ।

12ਵੀਂ ਦਾ ਨਤੀਜਾ ਆਇਆ ਤੇ ਹਮੇਸ਼ਾ ਵਾਂਗ ਰੀਤ ਪਹਿਲੇ ਨੰਬਰ ਤੇ ਰਹੀ ਪਰ ਇਸ ਵਾਰੀ ਉਹ ਜ਼ਿਲ੍ਹੇ ਵਿੱਚੋ ਪਹਿਲੇ ਨੰਬਰ ਤੇ ਸੀ। 12ਵੀਂ ਕਲਾਸ ਮੈਰਿਟ ਨਾਲ ਪਾਸ ਹੋਣ ਕਰਕੇ ਚੰਗੇ ਕਾਲਜ ਵਿੱਚ ਦਾਖ਼ਲੇ ਦੇ ਨਾਲ ਵਜ਼ੀਫ਼ਾ ਵੀ ਮਿਲ ਗਿਆ। ਸਭ ਬਹੁਤ ਖੁਸ਼ ਸਨ, ਜਿੰਦਗੀ ਉਸੇ ਤਰੀਕੇ ਨਾਲ ਹੀ ਚੱਲ ਰਹੀ ਸੀ ਜਿਸ ਨਾਲ ਉਸਨੂੰ ਉਹ ਚਲਾਉਣਾ ਚਾਉਂਦੀ ਸੀ। ਕਾਲਜ ਵਿੱਚ ਵੀ ਹਰ ਕੋਈ ਰੀਤ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕਿਆ, ਸਾਥੀ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਤੇ ਵੀ ਉਸਦਾ ਬਹੁਤ ਵਧੀਆ ਪ੍ਰਭਾਵ ਸੀ।

ਉਸਦੀ ਹੀ ਕਲਾਸ ਦਾ ਇਕ ਲੜਕਾ ਹੈਰੀ ਜੋ ਉਸਨੂੰ ਬਹੁਤ ਪਸੰਦ ਕਰਦਾ ਸੀ ਪਰ ਹਮੇਸ਼ਾ ਰੀਤ ਕੋਲ ਆ ਕੇ ਓਹ ਕੁਝ ਨਹੀਂ ਕਹਿ ਪਾਉਂਦਾ ਸੀ ਤੇ ਪੜ੍ਹਾਈ ਸੰਬੰਧੀ ਗੱਲਬਾਤ ਕਰਕੇ ਚਲਾ ਜਾਂਦਾ ਸੀ। ਹੈਰੀ ਬਹੁਤ ਹੀ ਸੁਲਝਿਆ ਹੋਇਆ ਤੇ ਸਮਝਦਾਰ ਨੌਜਵਾਨ ਸੀ ਸ਼ਇਦ ਇਸੇ ਸੂਝਬੂਝ ਕਰਕੇ ਉਹ ਰੀਤ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸਦਾ ਸੀ ਤਾਂ ਜੋ ਕੀਤੇ ਇਸ ਗੱਲ ਦਾ ਕੋਈ ਹੋਰ ਉਲਟਾ ਪ੍ਰਭਾਵ ਨਾ ਪੈ ਜਾਵੇ । ਇਸੇ ਤਰ੍ਹਾਂ ਕਾਲਜ ਦੇ ਦੋ ਸਾਲ ਬੀਤ ਗਏ।

ਇਕ ਦਿਨ ਰੀਤ ਦੀ ਮੁਲਾਕਾਤ ਉਸਦੇ ਹੀ ਕਾਲਜ ਦੇ ਇਕ ਸੀਨੀਅਰ ਵਿਦਿਆਰਥੀ ਨਾਲ ਹੋਈ ਜਿਸਦਾ ਨਾਮ ਇੰਦਰ ਸੀ। ਇੰਦਰ ਜੋ ਕੇ ਆਪਣੀ ਬਦਮਾਸ਼ੀ, ਤੇ ਪ੍ਰਧਾਨਗੀ ਦੇ ਜ਼ੋਰ ਤੇ ਕਾਲਜ ਵਿੱਚ ਆਪਣੀ ਮਰਜ਼ੀ ਨਾਲ ਜੋ ਦਿਲ ਕਰਦਾ ਸੀ ਉਹ ਕਰਦਾ ਸੀ। ਸ਼ਕਲ ਸੂਰਤ ਦਾ ਸੋਹਣਾ, ਤੇ ਘਰੋਂ ਚੰਗਾ ਖੁੱਲ੍ਹਾ ਪੈਸਾ ਹੋਣ ਕਰਕੇ ਬਹੁਤ ਟੋਹਰ ਨਾਲ ਰਹਿੰਦਾ ਸੀ। ਰੀਤ ਉਸ ਬਾਰੇ ਏਨਾ ਕੁਝ ਨਹੀਂ ਜਾਣਦੀ ਸੀ ਪਰ ਉਹ ਇੰਦਰ ਨੂੰ ਦੇਖ ਹੀ ਉਸਤੋਂ ਕਾਫੀ ਪ੍ਰਭਾਵਿਤ ਹੋ ਗਈ, ਤੇ ਜਿੰਨ੍ਹਾਂ ਹਾਲਾਤਾਂ ਵਿੱਚ ਇੰਦਰ ਤੇ ਰੀਤ ਦੀ ਮੁਲਾਕਾਤ ਹੋਈ ਸ਼ਇਦ ਕੋਈ ਵੀ ਇੰਦਰ ਤੋਂ ਪ੍ਰਭਾਵਿਤ ਹੋ ਜਾਂਦਾ। ਦਰਅਸਲ ਰੀਤ ਜਦ ਕਾਲਜ ਆ ਰਹੀ ਸੀ ਤਾਂ ਇਕ ਤੇਜ਼ ਰਫਤਾਰ ਕਾਰ ਵਾਲਾ ਇਕ ਸੜਕ ਪਾਰ ਕਰਦੇ ਬਜ਼ੁਰਗ ਵਿੱਚ ਕਾਰ ਮਾਰ ਕੇ ਫਰਾਰ ਹੋ ਗਿਆ ਸੀ, ਰੀਤ ਨੇ ਜਦ ਦੇਖਿਆ ਤਾਂ ਓ ਭੱਜ ਕੇ ਮਦਦ ਲਈ ਪਹੁੰਚੀ, ਤੇ ਓਨੇ ਨੂੰ ਇੰਦਰ ਵ ਉਥੇ ਆ ਗਿਆ ਤੇ ਆਪਣੀ ਜੀਪ ਵਿੱਚ ਉਸ ਬਜ਼ੁਰਗ ਨੂੰ ਲੈ ਕੇ ਹਸਪਤਾਲ ਚਲਾ ਗਿਆ। ਰੀਤ ਵ ਉਸਦੇ ਨਾਲ ਸੀ , ਹਸਪਤਾਲ ਜਾ ਕੇ ਮਰਹਮ-ਪੱਟੀ ਕਰਾ ਕੇ ਉਸਨੂੰ ਘਰ ਛੱਡ ਆਏ ਤੇ ਆਪ ਦੋਨੋ ਕਾਲਜ ਆ ਗਏ। ਤੇ ਇਸ ਸਭ ਕਰਕੇ ਦੋਨਾਂ ਚ ਜਾਣ-ਪਹਿਚਾਣ ਵੀ ਹੋ ਗਈ।

ਹੌਲੇ ਹੌਲੇ ਦੋਨਾਂ ਵਿੱਚ ਨਜ਼ਦੀਕੀਆਂ ਵਧਣ ਲੱਗ ਗਈਆਂ, ਰੀਤ ਹੁਣ ਅਕਸਰ ਇੰਦਰ ਨੂੰ ਮਿਲਣ ਲੱਗ ਗਈ। ਜੋ ਕੁੜੀ ਵੇਹਲੇ ਸਮੇਂ ਲਾਇਬ੍ਰੇਰੀ ਵਿੱਚ ਕਿਤਾਬਾਂ ਨਾਲ ਬਿਤਾਉਂਦੀ ਸੀ ਉਹ ਹੁਣ ਇੰਦਰ ਨਾਲ ਬਿਤਾਉਣ ਲੱਗ ਗਈ। ਜਦ ਇਹ ਗੱਲ ਹੌਲੇ ਹੌਲੇ ਖੁਲ੍ਹਣ ਲੱਗੀ ਤਾਂ ਕੁਝ ਲੋਕਾਂ ਨੇ ਰੀਤ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਸਨੇ ਕਿਸੇ ਦੀ ਨਾ ਮੰਨੀ। ਇਕ ਦਿਨ ਹੈਰੀ ਉਸ ਕੋਲ ਗਿਆ ਅਤੇ ਉਸਨੇ ਇੰਦਰ ਬਾਰੇ ਸਭ ਕੁਝ ਉਸਨੂੰ ਦੱਸਿਆ, ਉਸਨੇ ਇਹ ਵੀ ਦੱਸਿਆ ਕਿ ਜੋ ਬਜ਼ੁਰਗ ਕਾਰ ਨਾਲ ਘਾਇਲ ਹੋਇਆ ਸੀ ਉਹ ਕਾਰ ਵੀ ਇੰਦਰ ਦੀ ਹੀ ਸੀ, ਜੋ ਕੇ ਉਸਦਾ ਹੀ ਸਾਥੀ ਚਲਾ ਰਿਹਾ ਸੀ। ਇਸ ਤੋਂ ਇਲਾਵਾ ਉਸਨੇ ਇੰਦਰ ਦੇ ਚਰਿੱਤਰ ਬਾਰੇ ਵੀ ਦੱਸਿਆ, ਨਿਤ ਨਵੀਆਂ ਕੁੜੀਆਂ ਨਾਲ ਘੁੰਮਣਾ ਉਸਦਾ ਸ਼ੌਂਕ ਹੈ। ਉਸਨੇ ਰੀਤ ਨੂੰ ਸਾਵਧਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਪਤਾ ਨਹੀਂ ਇੰਦਰ ਨੇ ਐਸਾ ਕੀ ਜਾਦੂ ਕੀਤਾ ਕੇ ਇਨੀ ਸਿਆਣੀ ਕੁੜੀ ਇਕ ਦਮ ਪਾਗਲ ਹੀ ਹੋ ਗਈ। ਸਭ ਨਾਲ ਉਖੜੀ ਉਖੜੀ ਰਹਿਣ ਲੱਗ ਗਈ, ਘਰਦਿਆਂ ਨਾਲ ਵੀ ਉਸਦਾ ਵਿਵਹਾਰ ਦਿਨ ਬ ਦਿਨ ਬਦਲਦਾ ਜਾ ਰਿਹਾ ਸੀ। ਸਾਰਾ ਦਿਨ ਮੋਬਾਇਲ ਵਿੱਚ ਗਵਾਚੀ ਰਹਿਣ ਲੱਗ ਗਈ।

ਇਕ ਸ਼ਾਮ ਇੰਦਰ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣ ਚਾਉਂਦਾ ਹਾਂ, ਰੀਤ ਇਹ ਸੁਣ ਕੇ ਬਹੁਤ ਖੁਸ਼ ਹੋਈ ਪਰ ਉਸਨੂੰ ਇਹ ਵੀ ਪਤਾ ਸੀ ਕਿ ਉਸਦੇ ਘਰਦਿਆਂ ਨੇ ਕਦੇ ਵੀ ਇਸ ਰਿਸ਼ਤੇ ਲਈ ਨਹੀਂ ਮੰਨਣਾ, ਕਿਉਂਕਿ ਉਸਦੇ ਘਰਦੇ ਆਪਣੀ ਜਾਤ ਤੋਂ ਬਾਹਰ ਕਦੇ ਵੀ ਉਸਦਾ ਵਿਆਹ ਨਹੀਂ ਹੋਣ ਦੇਣਗੇ। ਉਸਨੇ ਇੰਦਰ ਨੂੰ ਕਿਹਾ ਕਿ ਇਹ ਮੁਮਕਿਨ ਨਹੀਂ ਹੋ ਸਕਦਾ ਕਿਉਂਕਿ ਉਸਦੇ ਘਰਦੇ ਕਦੇ ਵੀ ਇਸ ਲਈ ਰਾਜ਼ੀ ਨਹੀਂ ਹੋਣਗੇ। ਕਾਫੀ ਦਿਨ ਇਸ ਮਸਲੇ ਨੂੰ ਹੱਲ ਕਰਨ ਲਈ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਕੋਈ ਨਤੀਜਾ ਨਾ ਨਿਕਲਿਆ। ਅੰਤ ਵਿੱਚ ਇੰਦਰ ਨੇ ਕਿਹਾ ਕਿ ਇਕ ਹੀ ਹੱਲ ਹੈ ਕੇ ਸਾਨੂੰ ਘਰੋਂ ਭੱਜ ਕੇ ਵਿਆਹ ਕਰਵਾ ਲੈਣਾ ਚਾਹੀਦਾ ਹੈ ਕਿਓਂਕਿ ਉਸਦੇ ਘਰਦੇ ਵੀ ਕਦੇ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਹੋਣਗੇ। ਇੰਦਰ ਨੇ ਸਮਝਾਇਆ ਕਿ ਥੋੜਾ ਚਿਰ ਘਰਦੇ ਨਾਰਾਜ਼ ਰਹਿਣਗੇ ਫਿਰ ਆਪੇ ਮੰਨ ਜਾਣਾ ਇਹਨਾਂ ਨੇ। ਸ਼ੁਰੂ ਸ਼ੁਰੂ ਵਿੱਚ ਰੀਤ ਨੇ ਇਹ ਕਦਮ ਉਠਾਉਣ ਲਈ ਬਿਲਕੁਲ ਨਾਹ ਕਰ ਦਿੱਤੀ ਪਰ ਥੋੜੇ ਦਿਨਾਂ ਵਿੱਚ ਇੰਦਰ ਦੀ ਹੱਲਾ-ਸ਼ੇਰੀ ਅਤੇ ਅੱਲ੍ਹੜ ਉਮਰ ਦੇ ਸੁਪਨਿਆਂ ਤੇ ਆਉਣ ਵਾਲੇ ਸਮੇਂ ਤੋਂ ਅਣਜਾਣ, ਨਾਸਮਝੀ ਭਰਿਆ ਫੈਸਲਾ ਲੈਣ ਵਿੱਚ ਕਾਮਯਾਬ ਹੋ ਗਈ। ਇਹ ਫੈਸਲਾ ਅੱਜ ਤਕ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਗ਼ਲਤ ਫੈਸਲਾ ਸੀ, ਇਸ ਇਕ ਕਦਮ ਨੇ ਜ਼ਿੰਦਗੀ ਨੂੰ ਇਕ ਐਸਾ ਮੋੜ੍ਹ ਦਿੱਤਾ ਜੋ ਕਦੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ।

ਅਖੀਰ ਉਹ ਦਿਨ ਆ ਗਿਆ ਜਿਸ ਦਿਨ ਦੇ ਡਰ ਤੋਂ ਲੋਕ ਧੀਆਂ ਜੰਮਣੋ ਡਰਦੇ ਹਨ, ਰੀਤ ਸਭ ਰਿਸ਼ਤੇ ਮੋਹ ਪਿਆਰ ਭੁੱਲ ਕੇ ਘਰੋਂ ਕਾਲਜ ਗਈ, ਤੇ ਓਥੋਂ ਹੀ ਇੰਦਰ ਨਾਲ ਵਿਆਹ ਕਰਾਉਣ ਲਈ ਚਲੀ ਗਈ। ਤੇ ਹੁਣ ਇੰਦਰ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ, ਵਿਆਹ ਦਾ ਟਾਲ-ਮਟੋਲ ਕਰਕੇ 3-4 ਦਿਨ ਟਪਾ ਦਿਤੇ। ਅੱਜ ਤੱਕ ਕਦੇ ਸ਼ਰਾਬ ਦਾ ਨਾਮ ਵੀ ਰੀਤ ਸਾਹਮਣੇ ਨਹੀਂ ਲਿਆ ਸੀ ਤੇ ਹੁਣ ਉਹ ਸ਼ਰਾਬ ਨਾਲ ਰੱਜ ਕੇ ਰੀਤ ਕੋਲ ਆਇਆ ਸੀ। ਰੀਤ ਨੇ ਇਤਰਾਜ ਕੀਤਾ ਤਾਂ ਸ਼ੈਤਾਨੀ ਹਾਸੇ ਵਿੱਚ ਕਿਹਾ ਕਿ ਇਹ ਹੈ ਅਸਲੀ ਇੰਦਰ, ਹੁਣ ਤੂੰ ਕਿਤੇ ਨਹੀਂ ਜਾ ਸਕਦੀ, ਮੈਂ ਬਹੁਤ ਸਮੇਂ ਤੋਂ ਇਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ। ਰੀਤ ਨੂੰ ਸਮਝ ਆਉਣ ਲੱਗ ਗਿਆ ਕਿ ਗਲਤੀ ਹੋ ਗਈ ਹੈ, ਉਸਨੂੰ ਸਭ ਨੇ ਜੋ ਇੰਦਰ ਬਾਰੇ ਦੱਸਿਆ ਸੀ ਉਹ ਸੱਚ ਸੀ।

ਵਿਆਹ ਬਾਰੇ ਗੱਲ ਕਰਨ ਤੇ ਇੰਦਰ ਹੱਸਣ ਲੱਗਾ ਤੇ ਕਹਿਣ ਲੱਗਾ ਏਦਾਂ ਦੇ ਵਿਆਹ ਤਾਂ ਉਹ ਰੋਜ ਕਰਦਾ ਹੈ। ਇਹ ਸਭ ਦੇਖ ਸੁਣ ਕੇ ਰੀਤ ਜਿਵੇਂ ਪਥਰਾ ਹੀ ਗਈ ਹੋਵੇ। ਹੁਣ ਨਾ ਤਾਂ ਉਹ ਘਰ ਜਾ ਸਕਦੀ ਸੀ ਤੇ ਨਾ ਹੀ ਇਥੇ ਰਹਿ ਸਕਦੀ ਸੀ, ਬਾਰ ਬਾਰ ਉਸਨੂੰ ਉਸਦੇ ਮਾਂ-ਬਾਪ ਦਾ ਚਿਹਰਾ ਦਿਸ ਰਿਹਾ ਸੀ, ਬਚਪਨ ਤੋਂ ਲੈ ਕੇ ਅੱਜ ਤਕ ਕਿਵੇਂ ਸਭ ਨੇ ਇਨ੍ਹਾਂ ਪਿਆਰ ਦਿੱਤਾ, ਹਰ ਰੀਜ ਪੂਰੀ ਕੀਤੀ, ਹੱਥੀਂ ਛਾਵਾਂ ਕੀਤੀਆਂ ਤੇ ਅੱਜ ਉਸਨੇ ਉਨਾਂ ਨੂੰ ਇਹ ਸਿਲਾ ਦਿੱਤਾ। ਰੋ ਰੋ ਕੇ ਮਾਫੀਆ ਮੰਗਦੀ ਅਤੇ ਪਛਤਾਉਂਦੀ ਨੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ, ਤੇ ਸੋਚਿਆ ਕਿ ਉਹ ਸਭ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗ ਲਵੇਗੀ ਉਸਦੇ ਮਾਤਾ ਪਿਤਾ ਤੇ ਭਰਾ ਜਰੂਰ ਉਸਦੀ ਇਹ ਪਹਿਲੀ ਤੇ ਆਖਰੀ ਗਲਤੀ ਮਾਫ ਕਰ ਦੇਣਗੇ। ਇੰਦਰ ਦਾ ਵੀ ਹੁਣ ਉਸ ਵੱਲ ਕੋਈ ਧਿਆਨ ਨਹੀਂ ਸੀ, ਇਸ ਲਈ ਉਸਨੇ ਵੀ ਰੀਤ ਨੂੰ ਜਾਣ ਤੋਂ ਨਹੀਂ ਰੋਕਿਆ।

ਜਦ ਘਰ ਵਾਪਸ ਪਹੁੰਚੀ ਤਾਂ ਸਭ ਕੁਝ ਬਰਬਾਦ ਹੋ ਚੁੱਕਾ ਸੀ, ਉਸਦੇ ਭੱਜਣ ਦੀ ਗੱਲ ਤੋਂ ਅਗਲੇ ਦਿਨ ਹੀ ਉਸਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ, ਉਸਦੇ ਭਰਾ ਬਦਨਾਮੀ ਦੇ ਡਰ ਤੋਂ ਇਨ੍ਹਾਂ ਹਲਾਤਾਂ ਦਾ ਸਾਹਮਣਾ ਨਾ ਕਰ ਸਕੇ ਤੇ ਉਹ ਵੀ ਕੀਤੇ ਚਲੇ ਗਏ, ਘਰ ਦੇ ਇਕ ਕੋਨੇ ਵਿੱਚ ਪੱਥਰ ਹੋਈ ਮਾਂ ਜਿਸਦੇ ਹੰਜੂ ਉਸਦੀਆਂ ਗੱਲਾਂ ਅਤੇ ਪਾਲਕਾਂ ਤੇ ਸੁੱਕੇ ਹੋਏ ਸਨ ਬੈਠੀ ਹੋਈ ਸੀ। ਲੋਕ ਰੀਤ ਨੂੰ ਲਾਹਨਤਾਂ ਪਾ ਰਹੇ ਸਨ ਤੇ ਨਫਰਤ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਸਨ। ਰੀਤ ਵੀ ਚੁੱਪ ਚਾਪ ਇਕ ਕੋਨੇ ਵਿੱਚ ਬੈਠ ਗਈ ਅਤੇ ਇਸ ਸਭ ਹੋਈ ਬਰਬਾਦੀ ਲਈ ਆਪਣੇ ਆਪ ਨੂੰ ਕੋਸਨ ਲੱਗੀ। ਪਰ ਜੋ ਸਮਾਂ ਬੀਤ ਗਿਆ ਸੀ ਉਸਨੂੰ ਵਾਪਸ ਨਹੀਂ ਲੈ ਕੇ ਆ ਸਕਦੇ ਸੀ। ਕਿਸੇ ਇਕ ਪਲ ਦਾ ਕੀਤਾ ਗ਼ਲਤ ਫੈਸਲਾ ਸਾਨੂੰ ਕਿੱਥੇ ਤਕ ਲੈ ਕੇ ਜਾ ਸਕਦਾ ਇਹ ਅਸੀਂ ਦੇਖ ਹੀ ਲਿਆ ਹੈ। ਸਾਰੀ ਉਮਰ ਦਾ ਰੋਣਾ ਤੇ ਪਛਤਾਵੇ ਦਾ ਬੋਝ ਢੋਹਨ ਤੋਂ ਇਲਾਵਾ ਕੋਈ ਰਾਹ ਨਹੀਂ ਰਹਿ ਜਾਂਦਾ।

ਇਹ ਕਹਾਣੀ, ਕਹਾਣੀ ਨਹੀਂ ਬਲਕਿ ਸਾਡੇ ਸਮਝ ਦਾ ਬਹੁਤ ਕੌੜਾ ਸੱਚ ਹੈ। ਲੋੜ੍ਹ ਹੈ ਸਮਝਦਾਰ ਹੋਣ ਦੀ, ਸਾਡੀ ਜ਼ਿੰਦਗੀ ਸਾਡੀ ਨਹੀਂ ਹੈ, ਸਾਡੇ ਤੋਂ ਇਲਾਵਾ ਵੀ ਹੋਰ ਬਹੁਤ ਲੋਕ ਸਾਡੇ ਨਾਲ ਜੁੜੇ ਹਨ, ਸਾਡਾ ਪਰਵਾਰ, ਮਾਂ-ਬਾਪ ਜੋ ਹਰ ਸਮੇਂ ਔਖੇ ਸੌਖੇ ਸਾਡੀ ਖੁਸ਼ੀ ਲਈ ਆਪਣੀਆਂ ਖੁਸ਼ੀਆਂ ਕੁਰਬਾਨ ਕਰਦੇ ਹਨ, ਤੇ ਬਦਲੇ ਵਿੱਚ ਕਦੇ ਕੁਝ ਨਹੀਂ ਮੰਗਦੇ। ਪਰ ਸਾਡਾ ਫਰਜ਼ ਬਣਦਾ ਹੈ ਕੇ ਅਸੀਂ ਉਨ੍ਹਾਂ ਨੂੰ ਇਨੀ ਅਹਿਮੀਅਤ ਜਰੂਰ ਦੇਈਏ ਕੇ ਕੋਈ ਵੀ ਫੈਸਲਾ ਜਾ ਕਦਮ ਉਨ੍ਹਾਂ ਬਾਰੇ ਸੋਚ ਕੇ ਹੀ ਲਿਆ ਜਾਵੇ।

ਸਾਡੇ ਸਮਾਜ ਦਾ ਬਹੁਤ ਵੱਡਾ ਸੱਚ ਹੈ ਜਦ ਕਿਸੇ ਦੀ ਧੀ ਏਦਾਂ ਦਾ ਕੁਝ ਕਰਦੀ ਹੈ ਤਾਂ, ਲੋਕ ਕਹਿੰਦੇ ਨੇ ਫਲਾਣੇ ਦੀ ਕੁੜੀ ਬਦਚਲਣ ਨਿਕਲੀ, ਪਰ ਜਦ ਮੁੰਡੇ ਬਾਰੇ ਗੱਲ ਹੁੰਦੀ ਹੈ ਤਾਂ ਕਿਹਾ ਜਾਂਦਾ ਫਲਾਣੇ ਦਾ ਮੁੰਡਾ ਜਵਾਨ ਹੋ ਗਿਆ। ਘਰ ਦੀ ਇੱਜਤ ਧੀ ਰਾਣੀ ਨੂੰ ਸੋਚਣ ਸਮਝਣ ਦੀ ਲੋੜ ਹੈ, ਸਿਆਣੀ ਹੋਣ ਦੀ ਲੋੜ ਹੈ, ਜਿੰਮੇਵਾਰ ਹੋਣ ਦੀ ਲੋੜ ਹੈ। ਅਸੀਂ ਸਮਾਜ ਚਾਹੇ ਨਾ ਬਦਲ ਸਕੀਏ ਪਰ ਘੱਟੋ-ਘੱਟ ਆਪਣੇ ਆਪ ਨਾਲ ਤਾਂ ਗੱਲ ਕਰ ਸਕਦੇ ਹਾਂ।

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks