ਅਹਿਸਾਸਾਂ ਨੂੰ ਲਫ਼ਜ਼ ਬਣਾ ਕੇ ਮਨ ਦੇ ਵਰਕੇ ਤੇ ਉਤਾਰ ਦਿੱਤਾ
ਅਣਕਹੀਆਂ ਕੁਝ ਸਤਰਾਂ ਨੂੰ ਬਸ ਏਧਰ ਓਧਰ ਖਿਲਾਰ ਦਿੱਤਾ
ਹਾਲ ਦਿਲ ਦਾ ਸੁਣੇ ਵੀ ਤੇ ਕੌਣ ਸੁਣੇ ਇਸ ਤਨਹਾਈ ਤੋਂ ਬਿਨ੍ਹਾਂ
ਆਪਣਿਆਂ ਦੀ ਇਸ ਨਗਰੀ ਵਿੱਚ ਆਪਣਿਆਂ ਨੇ ਹੀ ਵਿਸਾਰ ਦਿੱਤਾ
ਪੱਤਝੜ ਤੇ ਲੱਗਦਾ ਆ ਇਲਜ਼ਾਮ ਬਾਗਾਂ ਨੂੰ ਉੱਜਾੜਨ ਦਾ ਅਕਸਰ
ਕਿਵੇਂ ਦੱਸਾਂ ਐ ਦੋਸਤ ਮੇਰਾ ਗੁਲਸ਼ਨ ਤਾਂ ਬਹਾਰਾਂ ਨੇ ਉਜਾੜ੍ਹ ਦਿੱਤਾ
ਨਾ ਚੜ੍ਹਦਾ ਸੂਲੀ ਤੇ ਈਸਾ ਨਾਂ ਕਦੇ ਸੱਚ ਦੀ ਮੌਤ ਹੁੰਦੀ
ਮੈਂ ਬਚਾਉਣਾ ਚਾਉਂਦਾ ਸੀ ਜਿਸ ਸੱਚ ਨੂੰ ਓਸੇ ਨੇ ਹੀ ਮੈਨੂੰ ਮਾਰ ਦਿੱਤਾ
ਤੂਫ਼ਾਨ ਦੇ ਆਉਣ ਤੋਂ ਪਹਿਲਾਂ ਇਕ ਗ਼ਜ਼ਬ ਦਾ ਸੰਨਾਟਾ ਸੀ
ਬਿਲਕਦੀ ਹੋਈ ਖਾਮੋਸ਼ੀ ਨੇ ਇਹ ਕੈਸਾ ਕਰ ਵਾਰ ਦਿੱਤਾ
ਜਿਸਮ ਦੀ ਦੂਰੀ ਨੂੰ ਮੈਂ ਕਦੇ ਦੂਰੀ ਨਹੀਂ ਕਹਿ ਸਕਦਾ
ਇਹ ਤਾਂ ਉਹ ਤਪਸ਼ ਹੈ ਜਿਸਨੇ ਮੱਘਦੇ ਜ਼ਜ਼ਬਾਤਾਂ ਨੂੰ ਠਾਰ ਦਿੱਤਾ
ਖੁਦਗਰਜ਼ ਸੀ ਮੈਂ ਜੋ ਆਪਣੇ ਲਹੂ ਦਾ ਰੰਗ ਪਛਾਣ ਸਕਿਆ ਨਾ
ਬੇਗਾਨੀ ਛਾਂ ਨੂੰ ਵੇਖ ਕੇ ਸਿਰ ਉੱਤੇ ਜ਼ਿੰਦਗੀ ਦਾ ਸਫ਼ਰ ਗੁਜਰ ਦਿੱਤਾ
ਕਿੰਨ੍ਹੇ ਹੀ ਸਵਾਲ ਨੇ ਜੋ ਮੇਰੀ ਹਸਤੀ ਮੇਰੇ ਵਜੂਦ ਨੂੰ ਪੁੱਛਦੀ ਆ
ਕਿੱਥੇ ਵਰਤਿਆ ਉਹ ਹਰ ਸਾਹ ਜੋ ਮੈਂ ਤੇਰੀ ਜ਼ਿੰਦਗੀ ਨੂੰ ਉਧਾਰ ਦਿੱਤਾ
ਮੈਂ ਹੋਸ਼ ਚ ਹੋ ਕੇ ਵੀ ਹੋਸ਼ ਚ ਹੋਣ ਦੀ ਹਾਮੀ ਨਹੀਂ ਭਰਦਾ
ਡਰਦਾ ਕਿਸੇ ਦਿਨ ਜ਼ਿੰਦਗੀ ਨੇ ਮੇਰਾ ਨਾਮ ਪੁਕਾਰ ਦਿੱਤਾ
ਦੋਸ਼ ਹਵਾਵਾਂ ਦਾ ਨਹੀਂ ਮੇਰੇ ਮਨਸੂਬਿਆਂ ਦਾ ਸੀ,
ਆਪਣੇ ਹਾਥੀ ਮੈਂ ਆਪਣਾ ਵਜੂਦ ਕਰ ਤਾਰ-ਤਾਰ ਦਿੱਤਾ
ਸਾਹਾਂ ਦੀ ਪੰਡ ਲੱਗਦੀ ਭਾਰੀ ਕਿਹੋ ਜਿਹਾ ਏ ਦੌਰ ਆ
ਆ ਰਲ ਇਕੱਠੇ ਬਹੀਏ ਜ਼ਿੰਦਗੀ ਨੂੰ ਮੌਤ ਨੇ ਸੁਨੇਹਾ ਬਾਰ-ਬਾਰ ਦਿੱਤਾ
ਕੁਝ ਕਰਜ਼ ਐਸੇ ਨੇ ਜੋ ਕਦੇ ਉਤਾਰੇ ਨਹੀਂ ਜਾ ਸਕਦੇ
ਮੈਂ ਕਰਜ਼ਦਾਰ ਹਾਂ “ਦੀਪ” ਤੇਰਾ ਜੋ ਤੂੰ ਮੈਨੂੰ ਏਨਾ ਪਿਆਰ ਦਿੱਤਾ….
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965